ਢਾਬੇ ਤੋਂ ਕੀਮਤੀ ਟੂਟੀਆਂ ਚੋਰੀ
ਢਾਬੇ ਤੋਂ ਕੀਮਤੀ ਟੂਟੀਆਂ ਚੋਰੀ, ਪੁਲਿਸ ਨੂੰ ਦਿੱਤੀ ਗਈ ਸੂਚਨਾ
Publish Date: Tue, 30 Dec 2025 08:50 PM (IST)
Updated Date: Tue, 30 Dec 2025 08:53 PM (IST)
ਚੰਨਪ੍ਰੀਤ ਸਿੰਘ ਕੰਗ ਪੰਜਾਬੀ ਜਾਗਰਣ ਨਡਾਲਾ : ਨਡਾਲਾ–ਸੁਭਾਨਪੁਰ ਰੋਡ ‘ਤੇ ਪਿੰਡ ਤਾਜਪੁਰ ਅਤੇ ਮੁਸਤਫਾਬਾਦ ਦੇ ਵਿਚਕਾਰ ਸਥਿਤ ਸਰਪੰਚ ਢਾਬੇ ਤੋਂ ਕੀਮਤੀ ਟੂਟੀਆਂ ਚੋਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਢਾਬੇ ਦੇ ਬਾਥਰੂਮਾਂ ਵਿਚ ਲੱਗੀਆਂ ਕੁੱਲ 7 ਕੀਮਤੀ ਟੂਟੀਆਂ ਚੋਰਾਂ ਵੱਲੋਂ ਉਤਾਰ ਲਈਆਂ ਗਈਆਂ। ਇਸ ਸਬੰਧੀ ਢਾਬੇ ‘ਤੇ ਖਾਣਾ ਬਣਾਉਣ ਦਾ ਕੰਮ ਕਰਨ ਵਾਲੇ ਨੇਪਾਲੀ ਮਜ਼ਦੂਰ ਪ੍ਰਕਾਸ਼ ਪੁੱਤਰ ਰਾਜੂ ਨੇ ਦੱਸਿਆ ਕਿ ਦੁਪਹਿਰ ਕਰੀਬ 2 ਵਜੇ ਜਦੋਂ ਉਸਨੇ ਬਾਥਰੂਮਾਂ ਵੱਲ ਜਾ ਕੇ ਦੇਖਿਆ ਤਾਂ ਉਥੇ ਲੱਗੀਆਂ ਟੂਟੀਆਂ ਗਾਇਬ ਸਨ। ਇਸ ਦੀ ਸੂਚਨਾ ਤੁਰੰਤ ਢਾਬੇ ਦੇ ਮਾਲਕ ਨੂੰ ਦਿੱਤੀ ਗਈ। ਢਾਬੇ ਦੇ ਮਾਲਕ ਪਰਮਜੀਤ ਸਿੰਘ ਢਿੱਲੋਂ (ਬਾਮੂਵਾਲ) ਨੇ ਦੱਸਿਆ ਕਿ ਚੋਰੀ ਦੇ ਤਰੀਕੇ ਤੋਂ ਲੱਗਦਾ ਹੈ ਕਿ ਚੋਰ ਕਾਫੀ ਕਾਰੀਗਰ ਸੀ, ਕਿਉਂਕਿ ਟੂਟੀਆਂ ਉਤਾਰਨ ਤੋਂ ਬਾਅਦ ਪਾਣੀ ਦੀ ਆਵਾਜ਼ ਨਾ ਆਵੇ, ਇਸ ਲਈ ਪਾਈਪਾਂ ‘ਤੇ ਨਿੱਪਲ ਵੀ ਚੜ੍ਹਾਏ ਗਏ ਸਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ।