ਪ੍ਰੋਮੋਸ਼ਨ ਸੂਚੀਆਂ ’ਚ ਪਾਰਦਰਸ਼ਤਾ ਲਿਆਂਦੀ ਜਾਵੇ : ਭੰਗੂ, ਸੈਣੀ
ਸਿੱਖਿਆ ਵਿਭਾਗ ਵੱਲੋਂ ਜਾਰੀ ਪ੍ਰੋਮੋਸ਼ਨ ਸੂਚੀਆਂ ਵਿੱਚ ਪਾਰਦਰਸ਼ਤਾ ਲਿਆਂਦੀ ਜਾਵੇ : ਭੰਗੂ, ਸੈਣੀ
Publish Date: Thu, 08 Jan 2026 07:07 PM (IST)
Updated Date: Thu, 08 Jan 2026 07:09 PM (IST)

ਫਗਵਾੜਾ : ਅਧਿਆਪਕ ਸੰਘਰਸ਼ ਕਮੇਟੀ ਦੀ ਅਹਿਮ ਮੀਟਿੰਗ ਜਸਬੀਰ ਭੰਗੂ ਉਪ ਸੂਬਾ ਪ੍ਰਧਾਨ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ, ਜਸਬੀਰ ਸਿੰਘ ਸੈਣੀ ਸੂਬਾ ਪ੍ਰਧਾਨ ਪ੍ਰਾਇਮਰੀ ਅਧਿਆਪਕ ਯੂਨੀਅਨ, ਦਲਜੀਤ ਸਿੰਘ ਸੈਣੀ ਉੱਘੇ ਆਗੂ ਗੌਰਮੈਂਟ ਟੀਚਰ ਯੂਨੀਅਨ ਅਤੇ ਗੌਰਵ ਰਾਠੌਰ ਆਈਟੀ ਸੈੱਲ ਬੀਐੱਡ ਅਧਿਆਪਕ ਫਰੰਟ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਆਗੂਆਂ ਨੇ ਦੱਸਿਆ ਕਿ ਸਿੱਖਿਆ ਵਿਭਾਗ ਪੰਜਾਬ ਵੱਲੋਂ ਜਾਰੀ ਈਟੀਟੀ, ਐੱਚਟੀ, ਸੀਐੱਚਟੀ ਤੋਂ ਮਾਸਟਰ ਕਾਡਰ ਪ੍ਰੋਮੋਸ਼ਨ ਸੂਚੀਆਂ ਵਿਚ ਤਰੁੱਟੀਆਂ ਦੀ ਭਰਮਾਰ ਹੋਣ ਕਾਰਣ ਅਤੇ ਅਧਿਆਪਕ ਯੋਗਤਾ ਟੈਸਟ ਪਾਸ ਦੀ ਬੇਲੋੜੀ ਯੋਗਤਾ ਥੋਪੇ ਜਾਣ ਕਾਰਣ ਲੰਬੇ ਸਮੇਂ ਤੋਂ ਪ੍ਰੋਮੋਸ਼ਨ ਉਡੀਕ ਰਹੇ ਅਧਿਆਪਕਾਂ ਵਿਚ ਨਿਰਾਸ਼ਾ ਪਾਈ ਜਾ ਰਹੀ ਹੈ। ਜਾਰੀ ਸੂਚੀਆਂ ਵਿਚ ਕੋਈ ਸੀਨੀਆਰਤਾ ਨੰਬਰ, ਕੋਈ ਮੈਰਿਟ ਅੰਕ, ਕੋਈ ਮੁੱਢਲੀ ਜੁਆਇਨਿੰਗ ਸਬੰਧੀ ਵੇਰਵਾ ਨਹੀਂ ਦਿੱਤਾ ਗਿਆ, ਜਿਸ ਕਾਰਨ ਜਾਰੀ ਸੂਚੀਆਂ ਦੀ ਭਰੋਸੇਯੋਗਤਾ ਉੱਪਰ ਵੀ ਸ਼ੱਕ ਪਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਜਿਹੜੇ ਅਧਿਆਪਕਾਂ ਦੀਆਂ ਭਰਤੀਆਂ ਉਕਤ ਸਮੇਂ ਦੀ ਨਿਧਾਰਿਤ ਸ਼ਰਤਾਂ ਪੂਰੀਆਂ ਕਰਨ ਉਪਰੰਤ ਅਤੇ ਬਿਨਾਂ ਅਧਿਆਪਕ ਯੋਗਤਾ ਟੈਸਟ ਅਨੁਸਾਰ ਹੋਈਆਂ ਹਨ ਤੇ 20-25 ਸਾਲ ਤੋਂ ਵਿਭਾਗ ਵਿਚ ਸੇਵਾ ਨਿਭਾਅ ਰਹੇ ਹਨ, ਉੱਪਰ ਯੋਗਤਾ ਟੈਸਟ ਦੀ ਸ਼ਰਤ ਰੱਖਣਾ ਬਹੁਤ ਹੀ ਗਲਤ ਹੈ, ਜਿਸ ਦਾ ਜਥੇਬੰਦੀ ਵੱਲੋਂ ਡਟਕੇ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਸਾਰੀਆਂ ਤਰੂਟੀਆਂ ਦੂਰ ਕਰਕੇ ਮੁੜ ਤੋਂ ਸੂਚੀਆਂ ਜਾਰੀ ਕੀਤੀਆਂ ਜਾਣ। ਇਸ ਮੌਕੇ ਹਰਸਿਮਰਨ ਸਿੰਘ, ਕੁਲਵਿੰਦਰ ਰਾਏ, ਤੀਰਥ ਸਿੰਘ, ਰਵਿੰਦਰ ਕੁਮਾਰ, ਅਧਿਆਪਕ ਆਗੂ ਹਾਜ਼ਰ ਸਨ।