ਮਿਡ-ਡੇ-ਮੀਲ ਇੰਚਾਰਜ ਅਧਿਆਪਕਾਂ ਲਈ ਸਿਖਲਾਈ ਕੈਂਪ ਲਾਇਆ
ਮਿਡ-ਡੇ ਮੀਲ ਇੰਚਾਰਜ ਅਧਿਆਪਕਾਂ ਲਈ ਸਿਖਲਾਈ ਕੈਂਪ ਦਾ ਆਯੋਜਨ
Publish Date: Fri, 21 Nov 2025 08:11 PM (IST)
Updated Date: Fri, 21 Nov 2025 08:13 PM (IST)

- ਖੇਤੀਬਾੜੀ ਲਈ ਚੰਗੇ ਤੇ ਦੇਸੀ ਬੀਜ ਜ਼ਰੂਰੀ : ਡਾ. ਅਮਨਦੀਪ ਕੌਰ ਕੁਲਬੀਰ ਸਿੰਘ ਮਿੰਟੂ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿਖੇ ਸਕੂਲ ਮੁਖੀ ਲੈਕਚਰਾਰ ਤਰਸੇਮ ਸਿੰਘ ਦੀ ਅਗਵਾਈ ਹੇਠ ਮਿਡ-ਡੇ ਮੀਲ ਇੰਚਾਰਜਾਂ ਲਈ ਸਿਖਲਾਈ ਕੈਂਪ ਲਾਇਆ ਗਿਆ। ਕੈਂਪ ਵਿੱਚ ਅਧਿਆਪਕਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਕ੍ਰਿਸ਼ੀ ਵਿਗਿਆਨ ਕੇਂਦਰ, ਕਪੂਰਥਲਾ ਦੀ ਮਾਹਿਰ ਡਾ. ਅਮਨਦੀਪ ਕੌਰ ਨੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਕੁਦਰਤੀ ਖੇਤੀ ਅਪਣਾਉਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਸਕੂਲਾਂ ਅਤੇ ਘਰਾਂ ਵਿੱਚ ਕਿਚਨ ਗਾਰਡਨ ਦੀ ਮਹੱਤਤਾ ਬਾਰੇ ਦੱਸਿਆ ਅਤੇ ਖਾਦਾਂ ਅਤੇ ਰਸਾਇਣਕ ਸਪਰੇਅ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕੀਤੀ। ਇਸ ਮੌਕੇ ਡਾ. ਕੌਰ ਨੇ ਘਰ ਵਿੱਚ ਕਿਚਨ ਗਾਰਡਨ ਲਾਉਣ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਨਾਲ ਘਰੇਲੂ ਔਰਤਾਂ ਲਗਭਗ 70-80 ਹਜ਼ਾਰ ਰੁਪਏ ਦੀ ਬਚਤ ਕਰ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਚੰਗੇ ਅਤੇ ਦੇਸੀ ਬੀਜ ਖੇਤੀ ਲਈ ਜ਼ਰੂਰੀ ਹਨ। ਉਨ੍ਹਾਂ ਨੇ ਦੇਸੀ ਛਿੜਕਾਅ ਦੇ ਢੰਗ ਬਾਰੇ ਦੱਸਿਆ ਅਤੇ ਇਸ ਸਬੰਧੀ ਗੋਬਰ ਪਾਥੀਆਂ ਅਤੇ ਨਿੰਮ ਦੀ ਵਰਤੋਂ ਬਾਰੇ ਦੱਸਿਆ। ਉਨ੍ਹਾਂ ਦੱਸਿਆ ਕਿ ਜੈਵਿਕ ਖੇਤੀ ਤਿੰਨ ਤੋਂ ਚਾਰ ਸਾਲਾਂ ਤਕ ਖੇਤਾਂ ਵਿੱਚ ਰਸਾਇਣਕ ਖਾਦਾਂ ਅਤੇ ਸਪਰੇਆਂ ਆਦਿ ਦੀ ਵਰਤੋਂ ਨਾ ਕਰਕੇ ਸ਼ੁਰੂ ਕੀਤੀ ਜਾ ਸਕਦੀ ਹੈ। ਇਸ ਮੌਕੇ ਡਾ. ਕੁਲਦੀਪ ਨੇ ਕੈਂਪ ਦੀ ਸ਼ੁਰੂਆਤ ਆਯੁਰਵੈਦਿਕ ਵਿਗਿਆਨ ਨਾਲ ਸਬੰਧਿਤ ਬੂਟਿਆਂ ਬਾਰੇ ਜਾਣਕਾਰੀ ਦੇ ਕੇ ਕੀਤੀ। ਸਕੂਲਾਂ ਵਿੱਚ ਬੂਟੇ ਲਾਉਣ ਬਾਰੇ ਜਾਗਰੂਕਤਾ ਪੈਦਾ ਕਰਦੇ ਹੋਏ ਉਨ੍ਹਾਂ ਨੇ ਅਧਿਆਪਕਾਂ ਨੂੰ ਤੁਲਸੀ, ਗਲੋਹ, ਅਰਜੁਨ, ਐਲੋਵੇਰਾ ਆਦਿ ਬੂਟਿਆਂ ਦੇ ਗੁਣਾਂ ਤੋਂ ਜਾਣੂ ਕਰਵਾਇਆ। ਇਸ ਮੌਕੇ ਡਾ. ਕੁਲਦੀਪ, ਅਵਨੀਤ ਕੌਰ, ਗ੍ਰਹਿ ਵਿਗਿਆਨ ਮਿਸਟਰੈੱਸ ਹਰਪ੍ਰੀਤ ਕੌਰ, ਮਾਤਾ ਸੁਲਖਣੀ ਜੀ ਨਰਸਰੀ ਜੀਐੱਮਐੱਸ ਕਰਮਜੀਤਪੁਰ ਦੇ ਸੰਸਥਾਪਕ ਵਾਤਾਵਰਣ ਪ੍ਰੇਮੀ ਮਨੋਜ ਸ਼ਰਮਾ, ਐੱਚਟੀ ਕੁਲਦੀਪ ਠਾਕੁਰ, ਅਜੇ ਸ਼ਰਮਾ, ਪ੍ਰਮੋਦ ਕੁਮਾਰ ਆਦਿ ਨੇ ਵੀ ਅਪਣੇ ਤਜ਼ਰਬਿਆਂ ਨੂੰ ਕੈਂਪ ਵਿੱਚ ਸਾਂਝਾ ਕੀਤਾ।