26 ਜਨਵਰੀ ਨੂੰ ਟਰੈਕਟਰ ਮਾਰਚ ਸਫਲ ਬਣਾਇਆ ਜਾਵੇ : ਐਡ. ਰਜਿੰਦਰ ਰਾਣਾ
26 ਜਨਵਰੀ ਨੂੰ ਟਰੈਕਟਰ ਮਾਰਚ ਸਫਲ ਬਣਾਇਆ ਜਾਵੇ - ਐਡ ਰਜਿੰਦਰ ਰਾਣਾ
Publish Date: Sat, 24 Jan 2026 10:22 PM (IST)
Updated Date: Sat, 24 Jan 2026 10:25 PM (IST)

ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸੰਯੁਕਤ ਕਿਸਾਨ ਮੋਰਚਾ ਸੁਲਤਾਨਪੁਰ ਲੋਧੀ ਵੱਲੋਂ 26 ਜਨਵਰੀ ਨੂੰ ਜ਼ਿਲ੍ਹਾ ਕਪੂਰਥਲਾ ਹੈੱਡਕੁਆਰਟਰ ਤੇ ਤਹਿਸੀਲ ਪੱਧਰ ’ਤੇ ਟਰੈਕਟਰ ਮਾਰਚ ਕੇਂਦਰ ਸਰਕਾਰ ਦੀਆਂ ਨਿੱਜੀਕਰਨ ਦੀਆਂ ਲੋਕ ਵਿਰੋਧੀ ਨੀਤੀਆਂ ਵਿਰੁੱਧ, ਲਿਖਣ, ਬੋਲਣ, ਵਿਚਾਰ ਪ੍ਰਗਟ ਕਰਨ ਦੇ ਸੰਵਿਧਾਨਕ ਅਧਿਕਾਰਾਂ ਤੇ ਕੇਂਦਰ ਸਰਕਾਰ ਦੀਆਂ ਹੋਰ ਜਮਹੂਰੀ ਅਧਿਕਾਰਾਂ ਦੀ ਰਾਖੀ ਲਈ ਲੋਕ ਮਾਰਚ ਸੰਯੁਕਤ ਕਿਸਾਨ ਮੋਰਚਾ ਕਪੂਰਥਲਾ ਵਿਚ ਸ਼ਾਮਲ ਸਾਰੀਆਂ ਕਿਸਾਨ ਤੇ ਮਜ਼ਦੂਰ ਮੁਲਾਜ਼ਮ ਤੇ ਪੈਨਸ਼ਨਰ ਐਸੋਸੀਏਸ਼ਨਾਂ, ਪੇਂਡੂ ਖੇਤ ਮਜ਼ਦੂਰ ਜਥੇਬੰਦੀਆਂ ਦੇ ਆਗੂ ਤੇ ਵਰਕਰਾਂ ਵੱਲੋਂ ਦਾਣਾ ਮੰਡੀ ਸੁਲਤਾਨਪੁਰ ਲੋਧੀ ਅਤੇ ਕਪੂਰਥਲਾ ਵਿਖੇ ਵਿਸ਼ਾਲ ਟਰੈਕਟਰ ਮਾਰਚ ਕੱਢਿਆ ਜਾਵੇਗਾ। ਇਸ ਸਬੰਧੀ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਐਡਵੋਕੇਟ ਰਜਿੰਦਰ ਸਿੰਘ ਰਾਣਾ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚਾ ਵੱਲੋਂ ਦੇਸ਼ ਭਰ ਵਿਚ 26 ਜਨਵਰੀ 2026, ਗਣਤੰਤਰ ਦਿਵਸ ਦੇ ਮੌਕੇ ਦੁਪਹਿਰ ਨੂੰ ਅਧਿਕਾਰਤ (ਸਰਕਾਰੀ) ਗਣਤੰਤਰ ਪਰੇਡ ਨੂੰ ਪ੍ਰਭਾਵਿਤ ਕੀਤੇ ਬਿਨਾਂ ਲੋਕ ਮਾਰਚ ਆਯੋਜਿਤ ਕੀਤੇ ਜਾਣੇ ਹਨ। ਕੇਂਦਰ ਸਰਕਾਰ ਵੱਲੋਂ ਥੋਪੇ ਜਾ ਰਹੇ ਨਵੇਂ ਫੈਸਲੇ ਨੂੰ ਵਾਪਸ ਕਰਵਾਉਣ ਤੇ ਮੁੱਖ ਮੰਗਾਂ ਐੱਮਐੱਸਪੀ ’ਤੇ ਖ਼ਰੀਦ ਦੀ ਗਰੰਟੀ ਦਾ ਕਾਨੂੰਨ, ਬਿਜਲੀ ਬਿੱਲ 2025 ਵਾਪਸ ਲਉ, ਬੀਜ ਬਿਲ 2025 ਰੱਦ ਕਰੋ, ਪ੍ਰੀ ਪੇਡ ਮੀਟਰ ਨਹੀਂ, 4 ਲੇਬਰ ਕੋਡ ਰੱਦ ਕਰੋ, ਖੇਤੀ ਫਸਲਾਂ ਵਿਚ ਮੁਕਤ ਵਪਾਰ ਨਹੀਂ ਕਾਰਪੋਰੇਟ ਕੰਪਨੀਆਂ, ਮਲਟੀ ਨੈਸ਼ਨਲ ਕੰਪਨੀਆਂ ਦਾ ਦਾਖ਼ਲਾ ਨਹੀਂ, ਖੁਦਕਸ਼ੀਆਂ ਰੋਕਣ ਲਈ ਕਿਸਾਨਾਂ, ਬੇਜ਼ਮੀਨੇ ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕਰੋ, ਪਹਿਲਾਂ ਵਾਲਾ ਮਨਰੇਗਾ ਬਹਾਲ ਕਰੋ, ਖੇਤੀ ਲਈ ਬਿਨਾਂ ਵਿਆਜ ਕਰਜ਼ੇ ਦਾ ਪ੍ਰਬੰਧ ਕਰੋ ,ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਫ਼ਸਲਾਂ, ਮਨੁੱਖੀ ਜਾਨਾਂ, ਪਸ਼ੂਆਂ ਦਾ, ਘਰਾਂ ਦਾ ਪੂਰਾ ਮੁਆਵਜ਼ਾ ਦਿਉ, ਕਿਸਾਨ ਦੀ ਮਰਜ਼ੀ ਬਿਨਾਂ ਜ਼ਮੀਨ ਐਕਵਾਇਰ ਨਾ ਹੋਵੇ, ਕਿਸਾਨੀ ਮੰਗਾਂ ਤੇ ਮਨੁੱਖੀ ਅਧਿਕਾਰ ਤੇ ਹੋਰ ਜਮਹੂਰੀ ਅਧਿਕਾਰਾਂ ਲਈ ਵਿਸ਼ਾਲ ਲੋਕ ਮਾਰਚ ਵਿਚ ਸ਼ਾਮਲ ਹੋਣ ਲਈ ਹੁੰਮਹੁੰਮਾ ਕੇ ਪੁੱਜੋ।