ਦੇਸ਼ ’ਚ ਭਿ੍ਰਸ਼ਟਾਚਾਰ ਦੀਆਂ ਜੜ੍ਹਾ ਡੂੰਘੀਆਂ : ਪੰਡਤ/ਵਾਲੀਆ
ਅੱਜ ਸਾਡੇ ਦੇਸ਼ ਵਿਚ ਸਦਾਚਾਰ ਦੀ ਥਾਂ ਭ੍ਰਿਸ਼ਟਾਚਾਰ ਨੇ ਲੈ ਲਈ ਹੈ-ਪੰਡਿਤ/ਵਾਲੀਆ
Publish Date: Wed, 26 Nov 2025 06:13 PM (IST)
Updated Date: Wed, 26 Nov 2025 06:14 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਅੱਜ ਸਾਡੇ ਦੇਸ਼ ਵਿਚ ਸਦਾਚਾਰ ਦੀ ਥਾਂ ਭ੍ਰਿਸ਼ਟਾਚਾਰ ਨੇ ਲੈ ਲਈ ਹੈ। ਹਰ ਕੋਈ ਜਲਦੀ ਹੀ ਬਿਨਾਂ ਕੰਮ ਕੀਤਿਆਂ ਧਨਾਢ ਬਣਨਾ ਚਾਹੁੰਦਾ ਹੈ। ਉਸਨੂੰ ਪੈਸਾ ਇਕੱਠਾ ਕਰਨ ਲਈ ਭਾਵੇਂ ਕਿਨੇ ਹੀ ਜਾਇਜ਼-ਨਾਜਾਇਜ਼ ਢੰਗ ਤਰੀਕੇ ਕਿਉਂ ਨਾ ਅਪਣਾਉਣੇ ਪੈਣ, ਹਰ ਖੇਤਰ ਵਿਚ ਹੱਦੋਂ ਵੱਧ ਬੇਨਿਯਮੀਆਂ ਹੋ ਰਹੀਆਂ ਹਨ। ਰਿਸ਼ਵਤਾਂ, ਸਿਫਾਰਸ਼ਾਂ ਨਾਲ ਲੋਕ ਦੁਰਾਚਾਰੀ ਤੇ ਭ੍ਰਿਸ਼ਟਾਚਾਰੀ ਬਣਦੇ ਜਾ ਰਹੇ ਹਨ। ਦੇਸ਼ ਵਿਚ ਚਪੜਾਸੀ ਤੋਂ ਲੈ ਕੇ ਮੰਤਰੀਆਂ ਤੱਕ ਰਿਸ਼ਵਤ ਦਾ ਬੋਲਬਾਲਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਵਿਸ਼ਵ ਹਿੰਦੂ ਪਰਿਸ਼ਦ ਜਲੰਧਰ ਵਿਭਾਗ ਦੇ ਪ੍ਰਧਾਨ ਨਰੇਸ਼ ਪੰਡਿਤ ਤੇ ਜ਼ਿਲ੍ਹਾ ਪ੍ਰਧਾਨ ਜੀਵਨ ਪ੍ਰਕਾਸ਼ ਵਾਲੀਆ ਨੇ ਕਿਹਾ ਕਿ ਹਰ ਪਾਸੇ ਕਰੋੜਾਂ, ਅਰਬਾਂ ਰੁਪਏ ਦੇ ਘਪਲੇ ਹੋ ਰਹੇ ਹਨ, ਹੇਰਾਫੇਰੀਆਂ ਕਰਕੇ ਨਾਜਾਇਜ਼ ਕੰਮ ਕੀਤੇ ਜਾ ਰਹੇ ਹਨ ਪਰ ਇਹ ਸਾਰਾ ਬੋਝ ਆਮ ਜਨਤਾ ’ਤੇ ਹੀ ਪਾਇਆ ਜਾਂਦਾ ਹੈ। ਵੱਡੇ-ਵੱਡੇ ਅਫਸਰਾਂ, ਮੰਤਰੀਆਂ ਦੀਆਂ ਜੇਬਾਂ ਭਰਨ ਲਈ ਭ੍ਰਿਸ਼ਟਾਚਾਰ ਰੂਪੀ ਜੋਕ ਰਾਹੀਂ ਗਰੀਬਾਂ ਦਾ ਖੂਨ ਚੂਸਿਆ ਜਾਂਦਾ ਹੈ। ਨਰੇਸ਼ ਪੰਡਿਤ ਨੇ ਕਿਹਾ ਕਿ ਦੇਸ਼ ਦੀ ਅਰਥ ਵਿਵਸਥਾ ਨੂੰ ਡਗਮਗਾਉਣ ਲਈ ਭ੍ਰਿਸ਼ਟਾਚਾਰ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ। ਧਨਾਢ ਲੋਕਾਂ ਵੱਲੋਂ ਦਿੱਤਾ ਗਿਆ ਪਾਰਟੀ ਫੰਡ ਸੱਤਾ ਮਿਲਣ ਤੋਂ ਬਾਅਦ ਗਲਤ ਤਰੀਕੇ ਨਾਲ ਕਈ ਗੁਣਾ ਵੱਧ ਇਕੱਠਾ ਕੀਤਾ ਜਾਂਦਾ ਹੈ। ਸਰਪੰਚੀ ਤੋਂ ਲੈ ਕੇ ਲੋਕ ਸਭਾ ਚੋਣਾਂ ਤੱਕ ਲੜਨ ਵਾਲੇ ਇਹ ਸੋਚ ਕੇ ਚੋਣਾਂ ’ਤੇ ਲੱਖਾਂ-ਕਰੋੜਾਂ ਰੁਪਏ ਖਰਚ ਕਰ ਦਿੰਦੇ ਹਨ ਕਿ ਸਰਪੰਚ, ਮੰਤਰੀ ਬਣਨ ਤੋਂ ਬਾਅਦ ਕਰੋੜਾਂ ਰੁਪਏ ਕਮਾ ਲਵਾਂਗੇ। ਨਰੇਸ਼ ਪੰਡਿਤ ਨੇ ਕਿਹਾ ਕਿ ਬੇਸ਼ੱਕ ਮੁੱਖ ਮੰਤਰੀ ਸੂਬੇ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਸੂਬਾ ਬਣਾਉਣਾ ਚਾਹੁੰਦੇ ਹਨ ਪਰ ਉਹ ਉਮੀਦ ਮੁਤਾਬਿਕ ਨਤੀਜੇ ਇਸ ਲਈ ਹਾਸਲ ਨਹੀਂ ਕਰ ਸਕੇ ਕਿਉਂਕਿ ਭ੍ਰਿਸ਼ਟਾਚਾਰ ਦੀਆਂ ਜੜ੍ਹਾਂ ਬਹੁਤ ਡੂੰਗੀਆਂ ਹੋ ਚੁੱਕੀਆਂ ਹਨ,ਜਿਨ੍ਹਾਂ ਨੂੰ ਪੁੱਟਣਾ ਆਸਾਨ ਨਹੀਂ ਹੈ ਪਰ ਜੇਕਰ ਅਫਸਰ, ਅਧਿਕਾਰੀ ਪ੍ਰਮਾਤਮਾ ਤੋਂ ਡਰ ਕੇ ਰਹਿਣ ਅਤੇ ਕੋਈ ਗਲਤ ਕੰਮ ਨਾ ਕਰਨ ਸਗੋਂ ਦਸਾਂ ਨਹੁੰਆਂ ਦੀ ਕਮਾਈ ਕਰਕੇ ਆਪਣਾ ਪਰਿਵਾਰ ਪਾਲਣ ਤਾਂ ਉਨ੍ਹਾਂ ਦੇ ਬੱਚੇ ਚੰਗੇ ਅਫਸਰ ਬਣ ਕੇ ਨਾਮ ਕਮਾ ਸਕਦੇ ਹਨ ਜਦ ਕਿ ਭ੍ਰਿਸ਼ਟ ਅਧਿਕਾਰੀਆਂ ਦੀ ਔਲਾਦ ਅੱਜ ਤੱਕ ਕਿਸੇ ਨੇ ਕਾਮਯਾਬ ਹੁੰਦੀ ਨਹੀਂ ਦੇਖੀ। ਨਰੇਸ਼ ਪੰਡਿਤ ਨੇ ਕਿਹਾ ਕਿ ਦਸਾਂ ਨਹੁੰਆਂ ਦੀ ਕਿਰਤ ਕਰੋ, ਨਾਮ ਜਪੋ ਅਤੇ ਆਪਣਾ ਸਰੀਰ ਤੰਦਰੁਸਤ ਰੱਖਣ ਲਈ ਸਾਦਾ ਭੋਜਨ ਖਾਓ ਅਤੇ ਸਵੇਰੇ-ਸ਼ਾਮ ਸੈਰ ਕਰੋ।