ਹੜ੍ਹਾਂ ਤੋਂ ਨਿਜਾਤ ਲਈ ਹਰੀਕੇ ਪੱਤਣ ਵਿੱਚੋਂ ਗਾਰ ਕੱਢਣੀ ਲਾਜ਼ਮੀ-ਸੰਤ ਸੀਚੇਵਾਲ

--ਸੰਤ ਸੀਚੇਵਾਲ ਤੇ ਮੰਤਰੀ ਬਰਿੰਦਰ ਕੁਮਾਰ ਗੋਇਲ ਦਰਮਿਆਨ ਹੋਈ ਅਹਿਮ ਮੀਟਿੰਗ
ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਪੰਜਾਬ ਨੂੰ ਹੜ੍ਹਾਂ ਤੋਂ ਨਿਜਾਤ ਦਿਵਾਉਣ ਲਈ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵਿਚਕਾਰ ਜਲੰਧਰ ਵਿਚ ਇਕ ਉੱਚ ਪੱਧਰੀ ਮੀਟਿੰਗ ਹੋਈ। ਮੀਟਿੰਗ ਦੌਰਾਨ ਹਰੀਕੇ ਹੈੱਡਵਰਕਸ ਵਿਚ ਪਿਛਲੇ ਕਰੀਬ 60 ਸਾਲਾਂ ਤੋਂ ਜੰਮੀ ਗਾਰ ਨੂੰ ਕੱਢਣ, ਸਤਲੁਜ ਦਰਿਆ ਦੇ ਗਿੱਦੜਪਿੰਡੀ ਰੇਲਵੇ ਪੁਲ ਹੇਠਾਂ ਹੋਈ ਭਾਰੀ ਗਾਰ ਸਫਾਈ ਤੇ ਮੰਡਾਲਾ ਛੰਨਾ ਤੇ ਅੰਮ੍ਰਿਤਪੁਰ ਨੇੜੇ ਢਾਅ ਕਾਰਨ ਕਮਜ਼ੋਰ ਹੋ ਚੁੱਕੇ ਧੁੱਸੀ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਪੱਥਰਾਂ ਦੇ ਸਟੱਡ ਤੇ ਸਪਰ ਲਗਾਉਣ ਸਬੰਧੀ ਗੰਭੀਰ ਚਰਚਾ ਕੀਤੀ ਗਈ। ਇਸ ਤੋਂ ਇਲਾਵਾ ਦਰਿਆ ਦੇ ਅੰਦਰ ਹੋ ਰਹੇ ਨਜਾਇਜ਼ ਕਬਜ਼ਿਆਂ ’ਤੇ ਵੀ ਸਖ਼ਤ ਚਿੰਤਾ ਜ਼ਾਹਿਰ ਕੀਤੀ ਗਈ, ਕਿਉਂਕਿ ਇਹ ਕਬਜ਼ੇ ਵੀ ਹੜ੍ਹਾਂ ਦੇ ਮੁੱਖ ਕਾਰਨਾਂ ਵਿਚ ਸ਼ਾਮਲ ਹਨ। ਮੀਟਿੰਗ ਵਿਚ ਕਰਤਾਰਪੁਰ ਤੋਂ ਵਿਧਾਇਕ ਬਲਕਾਰ ਸਿੰਘ, ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ, ਆਈਏਐੱਸ ਜਸਵੀਰ ਸਿੰਘ, ਡਰੇਨ ਵਿਭਾਗ ਦੇ ਚੀਫ਼ ਇੰਜੀਨੀਅਰ ਹਰਦੀਪ ਸਿੰਘ ਮਹਿੰਦੀਰੱਤਾ, ਹਰੀਕੇ ਹੈੱਡਵਰਕਸ ਦੇ ਨਿਗਰਾਨ ਇੰਜੀਨੀਅਰ ਸੰਦੀਪ ਕੁਮਾਰ, ਨਿਗਰਾਨ ਇੰਜੀਨੀਅਰ ਅਮਰਿੰਦਰ ਸਿੰਘ ਪੰਧਰੇ, ਐਕਸੀਅਨ ਸਰਤਾਜ ਸਿੰਘ, ਨਹਿਰੀ ਵਿਭਾਗ ਦੇ ਐਕਸੀਅਨ ਦਵਿੰਦਰ ਸਿੰਘ ਤੇ ਐੱਸਡੀਓ ਪੱਧਰ ਦੇ ਅਧਿਕਾਰੀਆਂ ਨੇ ਭਾਗ ਲਿਆ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮੰਤਰੀ ਗੋਇਲ ਨੂੰ ਦੱਸਿਆ ਕਿ 1955-56 ਵਿਚ ਬਣੇ ਹਰੀਕੇ ਹੈੱਡਵਰਕਸ ਦੀ ਅੱਜ ਤੱਕ ਪੂਰੀ ਤਰ੍ਹਾਂ ਸਫਾਈ ਨਹੀਂ ਹੋ ਸਕੀ, ਜਿਸ ਕਾਰਨ ਉੱਥੇ ਭਾਰੀ ਮਾਤਰਾ ਵਿਚ ਗਾਰ ਜਮ ਗਈ ਹੈ। ਇਸ ਕਾਰਨ ਪਾਣੀ ਸੰਭਾਲਣ ਦੀ ਸਮਰੱਥਾ ਕਾਫ਼ੀ ਘਟ ਗਈ ਹੈ। ਪਹਿਲਾਂ ਹਰੀਕੇ ਪੱਤਣ ਦਾ ਰਕਬਾ ਲਗਭਗ 85 ਵਰਗ ਕਿਲੋਮੀਟਰ ਸੀ, ਜੋ ਹੁਣ ਘਟ ਕੇ ਸਿਰਫ਼ 48 ਵਰਗ ਕਿਲੋਮੀਟਰ ਰਹਿ ਗਿਆ ਹੈ। ਹਰੀਕੇ ਝੀਲ ਦਾ ਖੇਤਰ ਤਿੰਨ ਜ਼ਿਲ੍ਹਿਆਂ ਫਿਰੋਜ਼ਪੁਰ, ਤਰਨ ਤਾਰਨ ਤੇ ਕਪੂਰਥਲਾ ਤੱਕ ਫੈਲਿਆ ਹੋਇਆ ਹੈ। ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਮੁੱਖ ਸਕੱਤਰ ਦੀ ਅਗਵਾਈ ਹੇਠ ਤਿੰਨਾਂ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨਾਲ ਵਿਸ਼ੇਸ਼ ਮੀਟਿੰਗ ਕਰਕੇ ਇਸ ਮਸਲੇ ਦਾ ਹੱਲ ਕੱਢਿਆ ਜਾਵੇ। ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਹਰੀਕੇ ਝੀਲ ਪਰਵਾਸੀ ਪੰਛੀਆਂ ਦੀ ਕੌਮੀ ਰਖ ਹੋਣ ਕਰਕੇ ਸੁਰੱਖਿਅਤ ਖੇਤਰ ਹੈ, ਜਿਸ ਕਾਰਨ ਇਥੋਂ ਗਾਰ ਕੱਢਣ ਲਈ ਕੇਂਦਰ ਸਰਕਾਰ ਦੀ ਮਨਜ਼ੂਰੀ ਲਾਜ਼ਮੀ ਹੈ। ਇਸ ਮੌਕੇ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਜਲ ਸਰੋਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਕੇਂਦਰੀ ਜਲ ਸ਼ਕਤੀ ਮੰਤਰੀ ਨਾਲ ਮੀਟਿੰਗ ਕਰਵਾਉਣ ਲਈ ਤੁਰੰਤ ਪੱਤਰ-ਵਿਹਾਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਹੜ੍ਹਾਂ ਕਾਰਨ ਹੋ ਰਹੇ ਵੱਡੇ ਨੁਕਸਾਨ ਨੂੰ ਆਧਾਰ ਬਣਾ ਕੇ ਕੇਂਦਰ ਕੋਲ ਮਾਮਲਾ ਜ਼ੋਰਦਾਰ ਢੰਗ ਨਾਲ ਰੱਖਿਆ ਜਾਵੇ। ਸੰਤ ਸੀਚੇਵਾਲ ਨੇ ਦੱਸਿਆ ਕਿ ਅਗਸਤ 2025 ਦੌਰਾਨ ਆਏ ਹੜ੍ਹਾਂ ਨੇ ਮੰਡਾਲਾ ਛੰਨਾ ਅਤੇ ਅੰਮ੍ਰਿਤਪੁਰ ਨੇੜੇ ਸਤਲੁਜ ਦਰਿਆ ’ਤੇ ਭਾਰੀ ਢਾਅ ਲਾਇਆ, ਜਿਸ ਨਾਲ ਧੁੱਸੀ ਬੰਨ੍ਹ ਬਹੁਤ ਕਮਜ਼ੋਰ ਹੋ ਗਿਆ। ਉਨ੍ਹਾਂ ਜ਼ੋਰ ਦਿੱਤਾ ਕਿ ਇਨ੍ਹਾਂ ਥਾਵਾਂ ’ਤੇ ਤੁਰੰਤ ਪੱਥਰਾਂ ਦੇ ਸਟੱਡ ਤੇ ਸਪਰ ਲਗਾਏ ਜਾਣ ਤਾਂ ਜੋ ਬੰਨ੍ਹ ਨੂੰ ਮਜ਼ਬੂਤੀ ਮਿਲ ਸਕੇ। ਮੰਤਰੀ ਗੋਇਲ ਨੇ ਕਿਹਾ ਕਿ ਸਤਲੁਜ ਦਰਿਆ ਦੀ ਮੁੱਖ ਧਾਰਾ ਨੂੰ ਦਰਿਆ ਦੇ ਕੇਂਦਰ ਵੱਲ ਰੱਖਣ ਲਈ ਯੋਜਨਾ ਬਣਾਈ ਜਾਵੇ, ਤਾਂ ਜੋ ਦੋਹਾਂ ਕੰਢਿਆਂ ’ਤੇ ਢਾਅ ਪੈਣ ਤੋਂ ਬਚਾਅ ਹੋ ਸਕੇ। ਇਸ ਦੇ ਨਾਲ ਦਰਿਆ ਦੇ ਕਿਨਾਰਿਆਂ ਨੂੰ ਮਜ਼ਬੂਤ ਕਰਨ ਲਈ ਬਾਂਸ ਦੇ ਬੂਟੇ ਲਗਾਉਣ ਦਾ ਵੀ ਫੈਸਲਾ ਕੀਤਾ ਗਿਆ।
ਬਾਕਸ
ਗਾਰ ਕੱਢਣ ਦਾ ਕੰਮ ਛੇਤੀ ਕੀਤਾ ਜਾਵੇ
ਚਾਲੂ ਵਿੱਤੀ ਸਾਲ ਦੌਰਾਨ ਹੀ ਦਰਿਆ ਵਿਚੋਂ ਗਾਰ ਕੱਢਣ ਦੀ ਮੰਗ ਕਰਦੇ ਹੋਏ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਜੇਕਰ ਇਹ ਕੰਮ 2026-27 ਦੇ ਬਜਟ ਵਿਚ ਪਾਇਆ ਗਿਆ ਤਾਂ ਬਹੁਤ ਦੇਰ ਹੋ ਜਾਵੇਗੀ। ਗਿੱਦੜਪਿੰਡੀ ਰੇਲਵੇ ਪੁਲ ਹੇਠਾਂ 15 ਤੋਂ 18 ਫੁੱਟ ਤੱਕ ਜੰਮੀ ਗਾਰ ਨੂੰ ਕੱਢਣ ਵਿਚ ਕਾਫ਼ੀ ਸਮਾਂ ਲੱਗੇਗਾ। ਉਨ੍ਹਾਂ ਯਾਦ ਦਿਵਾਇਆ ਕਿ ਸਾਲ 2020 ਵਿਚ ਗਾਰ ਕੱਢਣ ਨਾਲ ਇਲਾਕੇ ਨੂੰ ਵੱਡੀ ਰਾਹਤ ਮਿਲੀ ਸੀ, ਪਰ ਦੋ ਸਾਲਾਂ ਵਿਚ ਮੁੜ ਗਾਰ ਜਮ੍ਹਾ ਹੋਣ ਕਾਰਨ ਪਾਣੀ ਦੀ ਨਿਕਾਸੀ ਰੁਕ ਗਈ ਤੇ 2023 ਵਿਚ ਹੜ੍ਹ ਆ ਗਿਆ ਸੀ।