ਏਐੱਸਆਈ ਦਾ ਮੋਬਾਈਲ ਫੋਨ ਖੋਹ ਕੇ ਲੁਟੇਰੇ ਫਰਾਰ
ਚੋਰ ਚੁਸਤ ਪੁਲਿਸ ਸੁਸਤ
Publish Date: Mon, 24 Nov 2025 09:13 PM (IST)
Updated Date: Mon, 24 Nov 2025 09:14 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸੁਲਤਾਨਪੁਰ ਲੋਧੀ ਵਿਖੇ ਅੱਜ-ਕੱਲ੍ਹ ਬੇਖੌਫ ਲੁਟੇਰਿਆਂ ਵੱਲੋਂ ਸੜਕਾਂ ’ਤੇ ਅਕਸਰ ਲੁੱਟ-ਖੋਹ ਦੀਆਂ ਵਾਰਦਾਤਾਂ ਕੀਤੀਆਂ ਜਾ ਰਹੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਦਿਨ-ਦਿਹਾੜੇ ਹੀ ਥਾਣਾ ਸੁਲਤਾਨਪੁਰ ਲੋਧੀ ਤੋਂ 500 ਮੀਟਰ ਦੀ ਦੂਰੀ ਤੇ ਪਵਿੱਤਰ ਵੇਈਂ ਨੇੜੇ ਪੁੱਡਾ ਕਾਲੋਨੀ ਵਾਲੀ ਸੜਕ ’ਤੇ ਆਪਣੇ ਮੋਬਾਈਲ ’ਤੇ ਕਿਸੇ ਨਾਲ ਗੱਲ ਕਰ ਰਹੇ ਇਕ ਸਿਵਲ ਵਰਦੀ ਪੁਲਿਸ ਅਫਸਰ ਕੋਲੋਂ ਹੀ ਦੋ ਅਣਪਛਾਤੇ ਲੁਟੇਰੇ ਝਪਟ ਮਾਰ ਕੇ ਮੋਬਾਇਲ ਖੋਹ ਕੇ ਮੋਟਰ ਸਾਈਕਲ ’ਤੇ ਫਰਾਰ ਹੋ ਗਏ। ਇਸ ਸਬੰਧੀ ਏਐੱਸਆਈ ਤੇ ਕਬੱਡੀ ਕੋਚ ਸਮਿੱਤਰ ਸਿੰਘ ਨੇ ਦੱਸਿਆ ਕਿ ਮੈ ਇਕ ਫੋਨ ਕਾਲ ਸੁਣਨ ਲਈ ਸੜਕ ਕਿਨਾਰੇ ਰੁਕ ਕੇ ਮੋਬਾਈਲ ’ਤੇ ਗੱਲ ਕਰ ਰਿਹਾ ਸੀ ਕਿ ਇਕਦਮ ਮੋਟਰ ਸਾਈਕਲ ਸਵਾਰ ਦੋ ਲੁਟੇਰੇ ਮੇਰਾ ਮੋਬਾਈਲ ਖੋਹ ਕੇ ਭੱਜ ਗਏ। ਉਨ੍ਹਾਂ ਦੱਸਿਆ ਕਿ ਭਾਵੇਂ ਮੇਰੇ ਪੈਰ ’ਤੇ ਸੱਟ ਲੱਗੀ ਹੋਈ ਸੀ ਪਰ ਫਿਰ ਵੀ ਲੁਟੇਰਿਆਂ ਦਾ ਪਿੱਛਾ ਕੀਤਾ ਪਰ ਉਹ ਮੋਟਰ ਸਾਈਕਲ ਭਜਾ ਕੇ ਨਿਕਲ ਗਏ। ਉਨ੍ਹਾਂ ਥਾਣਾ ਸੁਲਤਾਨਪੁਰ ਲੋਧੀ ਪੁਲਿਸ ਤੱਕ ਪਹੁੰਚ ਕਰਕੇ ਜਾਣਕਾਰੀ ਦਿੱਤੀ ਅਤੇ ਪੁਲਿਸ ਦੀ ਮਦਦ ਨਾਲ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਤੋਂ ਫੁਟੇਜ ਪ੍ਰਾਪਤ ਕੀਤੀ। ਸ਼ਹਿਰ ਵਿਚ ਰੋਜ਼ਾਨਾ ਹੋ ਰਹੀਆਂ ਅਜਿਹੀਆਂ ਵਾਰਦਾਤਾਂ ਪੁਲਿਸ ਲਈ ਇਕ ਚੁਨੌਤੀ ਬਣੀਆਂ ਹੋਈਆਂ ਹਨ। ਵਰਨਣਯੋਗ ਹੈ ਕਿ ਦੋ ਦਿਨ ਪਹਿਲਾਂ ਹੀ ਪੁਲਿਸ ਥਾਣਾ ਸੁਲਤਾਨਪੁਰ ਲੋਧੀ ਦੇ ਸਾਹਮਣੇ ਹੀ ਰਾਤ 8 ਵਜੇ ਦੇ ਕਰੀਬ ਇਕ ਔਰਤ ਕੋਲੋਂ ਦੋ ਲੁਟੇਰੇ ਮੋਬਾਈਲ ਫੋਨ ਖੋਹ ਕੇ ਫਰਾਰ ਹੋ ਗਏ ਸਨ। ਇਸ ਸਬੰਧੀ ਪੁਲਿਸ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਲੁਟੇਰੇ ਬਹੁਤ ਜਲਦੀ ਗ੍ਰਿਫਤਾਰ ਕਰ ਲਏ ਜਾਣਗੇ।