ਪੀਐੱਮ ਗੁਜਰਾਲ ਦੇ ਮਹਾਨ ਕਾਰਜਾਂ ਨੂੰ ਕੀਤਾ ਯਾਦ
ਆਈਕੇਜੀ ਪੀਟੀਯੂ ਵਿਖੇ 12ਵੇਂ ਪ੍ਰਧਾਨ ਮੰਤਰੀ ਆਈ.ਕੇ. ਗੁਜਰਾਲ ਦੇ ਜੀਵਨ ਅਤੇ ਮਹਾਨ ਕਾਰਜਾਂ ਨੂੰ ਯਾਦ ਕੀਤਾ ਗਿਆ
Publish Date: Thu, 04 Dec 2025 08:23 PM (IST)
Updated Date: Thu, 04 Dec 2025 08:26 PM (IST)

-ਉਪ ਕੁਲਪਤੀ ਪ੍ਰੋ. (ਡਾ.) ਸੁਸ਼ੀਲ ਮਿੱਤਲ ਦੀ ਅਗਵਾਈ ਹੇਠ ਸਮਾਰੋਹ ਆਯੋਜਿਤ ਕੀਤਾ ਗਿਆ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਆਈਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈਕੇਜੀ ਪੀਟੀਯੂ) ਪ੍ਰਬੰਧਨ ਵੱਲੋਂ ਦੇਸ਼ ਦੇ 12ਵੇਂ ਪ੍ਰਧਾਨ ਮੰਤਰੀ ਸਵ. ਇੰਦਰ ਕੁਮਾਰ ਗੁਜਰਾਲ ਨੂੰ ਉਨ੍ਹਾਂ ਦੀ 106ਵੀਂ ਜਨਮ ਵਰ੍ਹੇਗੰਢ ਤੇ ਯਾਦ ਕੀਤਾ ਗਿਆ। ਉਪ-ਕੁਲਪਤੀ ਪ੍ਰੋ. (ਡਾ.) ਸੁਸ਼ੀਲ ਮਿੱਤਲ ਦੀ ਅਗਵਾਈ ਵਿਚ ਆਯੋਜਿਤ ਸਮਾਰੋਹ ਵਿਚ ਯੂਨੀਵਰਸਿਟੀ ਸਟਾਫ ਵੱਲੋਂ ਭਾਗ ਲਿਆ ਗਿਆ। ਰਜਿਸਟਰਾਰ ਡਾ. ਨਵਦੀਪਕ ਸੰਧੂ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਸਨ। ਯੂਨੀਵਰਸਿਟੀ ਦੇ ਸੀਨੀਅਰ ਅਧਿਕਾਰੀਆਂ, ਫੈਕਲਟੀ ਮੈਂਬਰਾਂ ਅਤੇ ਸਟਾਫ ਮੈਂਬਰਾਂ ਨੇ ਗੁਜਰਾਲ ਸਾਹਿਬ ਦੀ ਤਸਵੀਰ ਤੇ ਫੁੱਲ ਭੇਟ ਕੀਤੇ। ਉਪ-ਕੁਲਪਤੀ ਪ੍ਰੋ. (ਡਾ.) ਸੁਸ਼ੀਲ ਮਿੱਤਲ ਨੇ ਸਵ. ਗੁਜਰਾਲ ਸਾਹਿਬ ਦੀ ਅਨਮੋਲ ਵਿਰਾਸਤ, ਗੁਜਰਾਲ ਸਿਧਾਂਤ ਬਾਰੇ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ਗੁਜਰਾਲ ਸਿਧਾਂਤ ਦੀ ਬਣਤਰ ਨੂੰ ਭਾਰਤ ਦੀ ਵਿਦੇਸ਼ ਨੀਤੀ ਵਿਚ ਇਕ ਮੀਲ ਪੱਥਰ ਮੰਨਿਆ ਜਾਂਦਾ ਹੈ। ਇਸਨੂੰ 1996 ਵਿਚ ਇੰਦਰ ਕੁਮਾਰ ਗੁਜਰਾਲ ਵੱਲੋਂ ਤਿਆਰ ਕੀਤਾ ਗਿਆ ਸੀ, ਜੋ ਸਾਬਕਾ ਪ੍ਰਧਾਨ ਮੰਤਰੀ ਐੱਚਡੀ ਦੇਵਗੌੜਾ ਦੀ ਸਰਕਾਰ ਵਿਚ ਵਿਦੇਸ਼ ਮੰਤਰੀ ਸਨ। ਇਸ ਸਿਧਾਂਤ ਵਿਚ ਕਿਹਾ ਗਿਆ ਹੈ ਕਿ ਦੱਖਣੀ ਏਸ਼ੀਆ ਵਿਚ ਇਕ ਵੱਡੇ ਦੇਸ਼ ਹੋਣ ਦੇ ਨਾਤੇ, ਭਾਰਤ ਨੂੰ ਆਪਣੇ ਛੋਟੇ ਗੁਆਂਢੀਆਂ ਨੂੰ ਇਕਪਾਸੜ ਰਿਆਇਤਾਂ ਦੇਣੀਆਂ ਚਾਹੀਦੀਆਂ ਹਨ ਅਤੇ ਉਨ੍ਹਾਂ ਨਾਲ ਸੁਹਿਰਦ ਸਬੰਧ ਬਣਾਈ ਰੱਖਣੇ ਚਾਹੀਦੇ ਹਨ। ਇਹ ਸਿਧਾਂਤ ਇੰਨਾ ਪ੍ਰਭਾਵਸ਼ਾਲੀ ਸਾਬਤ ਹੋਇਆ ਹੈ ਕਿ ਦੋਸਤਾਨਾ ਛੋਟੇ ਗੁਆਂਢੀ ਦੇਸ਼ ਅੱਜ ਵੀ ਭਾਰਤ ਅਤੇ ਇਸਦੇ ਵਿਕਾਸ ਸਬੰਧੀ ਫੈਸਲਿਆਂ ਦੇ ਨਾਲ ਖੜ੍ਹੇ ਹਨ। ਉਨ੍ਹਾਂ ਸੁਝਾਅ ਦਿੱਤਾ ਕਿ ਵਿਦਿਆਰਥੀ ਇਸਨੂੰ ਪੂਰੀ ਤਰ੍ਹਾਂ ਪੜ੍ਹਨ। ਯੂਨੀਵਰਸਿਟੀ ਦੇ ਲੋਕ ਸੰਪਰਕ ਦਫ਼ਤਰ ਦੇ ਡਿਪਟੀ ਰਜਿਸਟਰਾਰ ਰਜਨੀਸ਼ ਸ਼ਰਮਾ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਜੀ ਦੇ ਜੀਵਨ ਦਰਸ਼ਨ ਤੇ ਚਰਚਾ ਕੀਤੀ, ਉਨ੍ਹਾਂ ਦੇ ਜਨਮ ਤੋਂ ਲੈ ਕੇ ਪ੍ਰਧਾਨ ਮੰਤਰੀ ਬਣਨ ਤੱਕ ਦੇ ਸਫ਼ਰ ਦਾ ਜ਼ਿਕਰ ਕੀਤਾ। ਇਸ ਮੌਕੇ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਪ੍ਰੋਫੈਸਰ (ਡਾ.) ਯਾਦਵਿੰਦਰ ਸਿੰਘ ਬਰਾੜ, ਡੀਨ ਆਰ ਐਂਡ ਡੀ ਡਾ. ਪਰਵੀਨ ਬਾਂਸਲ, ਵਿੱਤ ਅਧਿਕਾਰੀ ਡਾ. ਸੁਖਬੀਰ ਸਿੰਘ ਵਾਲੀਆ, ਐਸੋਸੀਏਟ ਪ੍ਰੋਫੈਸਰ ਡਾ. ਰਾਜੀਵ ਬੇਦੀ, ਡਿਪਟੀ ਰਜਿਸਟਰਾਰ ਡਾ. ਪਵਨ ਗਰਗ ਅਤੇ ਹੋਰ ਮੌਜੂਦ ਸਨ।