ਘਰ ਵਿੱਚ ਖੋਲ੍ਹੀ ਚਰਚ ਤੇ ਸ਼ੋਰ ਪ੍ਰਦੂਸ਼ਣ ਦਾ ਮਾਮਲਾ ਗਰਮਾਇਆ, ਵਸਨੀਕ ਪ੍ਰੇਸ਼ਾਨ

-ਵੈੱਲਫੇਅਰ ਸੋਸਾਇਟੀ ਵੱਲੋਂ ਪ੍ਰਸ਼ਾਸਨ ਨੂੰ ਦਿੱਤੀ ਗਈ ਸ਼ਿਕਾਇਤ
-ਹਿੰਦੂ ਮੁਹੱਲੇ ’ਚ ਖੋਲ੍ਹੀ ਗਈ ਚਰਚ ’ਚ ਵੱਜਦੇ ਹਨ ਲਾਊਡ ਸਪੀਕਰ
ਪੱਤਰ ਪ੍ਰੇਰਕ, ਸੁਲਤਾਨਪੁਰ ਲੋਧੀ
ਸੁਲਤਾਨਪੁਰ ਲੋਧੀ : ਮੁਹੱਲਾ ਪੁਰੀਆਂ, ਸੁਲਤਾਨਪੁਰ ਲੋਧੀ ਵਿਚ ਰਿਹਾਇਸ਼ੀ ਘਰ ਅੰਦਰ ਖੋਲ੍ਹੀ ਗਈ ਚਰਚ ਤੇ ਸ਼ੋਰ ਪ੍ਰਦੂਸ਼ਣ ਨੂੰ ਲੈ ਕੇ ਵਿਰੋਧ ਤੇਜ਼ ਹੋ ਗਿਆ ਹੈ ਤੇ ਪੁਰੀਆਂ ਮੁਹੱਲਾ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਪ੍ਰਦੀਪ ਕੁਮਾਰ ਪੁਰੀ ਦੀ ਅਗਵਾਈ ਹੇਠ ਇਕ ਵਫਦ ਵੱਲੋਂ ਪਹਿਲਾਂ ਐੱਸਡੀਐੱਮ ਸੁਲਤਾਨਪੁਰ ਲੋਧੀ ਨੂੰ ਲਿਖਤੀ ਸ਼ਿਕਾਇਤ ਸੌਂਪੀ ਗਈ। ਇਸ ਤੋਂ ਬਾਅਦ ਵਫਦ ਨੇ ਮਾਮਲੇ ਨੂੰ ਲੈ ਕੇ ਡੀਐੱਸਪੀ ਸੁਲਤਾਨਪੁਰ ਲੋਧੀ ਦੇ ਨਾਲ ਮੁਲਾਕਾਤ ਕਰਦਿਆਂ ਸਖਤ ਕਾਰਵਾਈ ਦੀ ਮੰਗ ਕੀਤੀ। ਜਾਣਕਾਰੀ ਦਿੰਦੇ ਹੋਏ ਪੁਰੀਆਂ ਮੁਹੱਲਾ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਪ੍ਰਦੀਪ ਕੁਮਾਰ ਪੁਰੀ, ਨਰੇਸ਼ ਪਾਲ ਪੁਰੀ, ਰਵਿੰਦਰ ਜੈਨ, ਦੇਵੀ ਦਿਆਲ ਸ਼ਰਮਾ, ਘਨਸ਼ਾਮ ਧੀਰ, ਚੰਦਰ ਮੋਹਨ ਸ਼ਰਮਾ, ਹਨੀ ਪੁਰੀ ਨੇ ਦੱਸਿਆ ਕਿ ਰਿਹਾਇਸ਼ੀ ਇਲਾਕੇ ਵਿਚ ਘਰ ਅੰਦਰ ਇਕ ਚਰਚ ਦੇ ਨਾਂ ’ਤੇ ਧਾਰਮਿਕ ਗਤੀਵਿਧੀਆਂ ਚਲ ਰਹੀਆਂ ਹਨ, ਜਿਥੇ ਲਾਊਡ ਸਪੀਕਰਾਂ ਦੀ ਉੱਚੀ ਆਵਾਜ਼ ਕਾਰਨ ਸ਼ੋਰ ਪ੍ਰਦੂਸ਼ਣ ਫੈਲ ਰਿਹਾ ਹੈ। ਵਸਨੀਕਾਂ ਅਨੁਸਾਰ ਇਸ ਕਾਰਨ ਬਜ਼ੁਰਗਾਂ, ਬੱਚਿਆਂ ਤੇ ਮਰੀਜ਼ਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਵਿਦਿਆਰਥੀਆਂ ਦੀ ਪੜ੍ਹਾਈ ਵੀ ਪ੍ਰਭਾਵਿਤ ਹੋ ਰਹੀ ਹੈ। ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਰਿਹਾਇਸ਼ੀ ਘਰ ਵਿਚ ਚਰਚ ਚਲਾਉਣਾ ਤੇ ਨਿਰਧਾਰਿਤ ਮਿਆਰਾਂ ਤੋਂ ਵੱਧ ਸ਼ੋਰ ਕਰਨਾ ਕਾਨੂੰਨ ਦੀ ਉਲੰਘਣਾ ਹੈ ਤੇ ਇਸ ਨਾਲ ਟਰੈਫਿਕ ਵੀ ਪ੍ਰਭਾਵਿਤ ਹੁੰਦੀ ਹੈ, ਜਿਸ ਨਾਲ ਮੁਹੱਲੇ ਚ ਆਉਣ-ਜਾਣ ਵਾਲੇ ਰਾਹਗੀਰਾਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਸਾਰਾ ਮੁਹੱਲਾ ਹਿੰਦੂ ਸਮਾਜ ਨਾਲ ਸਬੰਧਤ ਹੈ। ਉਨ੍ਹਾਂ ਕਿਹਾ ਕਿ ਇਸ ਚਰਚ ਵਿਚ ਲੋਕਾਂ ਨੂੰ ਧਰਮ ਦੀ ਆੜ ਵਿਚ ਭਰਮਾਇਆ ਜਾ ਰਿਹਾ ਹੈ ਤੇ ਜਿਸ ਦੇ ਨਤੀਜੇ ਬਹੁਤ ਘਾਤਕ ਸਾਬਿਤ ਹੋ ਸਕਦੇ ਹਨ। ਵਸਨੀਕਾਂ ਨੇ ਮੰਗ ਕੀਤੀ ਹੈ ਕਿ ਨਿਯਮਾਂ ਅਨੁਸਾਰ ਤੁਰੰਤ ਕਾਰਵਾਈ ਕਰਦਿਆਂ ਲਾਊਡ ਸਪੀਕਰਾਂ ’ਤੇ ਰੋਕ ਲਗਾਈ ਜਾਵੇ ਤੇ ਦੋਸ਼ੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਮੁਹੱਲਾ ਵਸਨੀਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਪ੍ਰਸ਼ਾਸਨ ਵੱਲੋਂ ਜਲਦ ਕਾਰਵਾਈ ਨਾ ਕੀਤੀ ਗਈ ਤਾਂ ਉਹ ਧਾਰਮਿਕ ਜਥੇਬੰਦੀਆਂ ਨੂੰ ਨਾਲ ਲੈ ਸੰਘਰਸ਼ ਦਾ ਰਾਹ ਅਪਣਾਉਣ ਲਈ ਮਜਬੂਰ ਹੋਣਗੇ। ਜੇਕਰ ਉਸ ’ਤੇ ਕੋਈ ਕਾਰਵਾਈ ਨਾ ਹੋਈ ਤਾਂ ਵੱਡਾ ਟਕਰਾਅ ਹੋ ਸਕਦਾ ਹੈ, ਜਿਸ ਦੀ ਪੂਰੀ ਜ਼ਿੰਮੇਵਾਰੀ ਸਥਾਨਕ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ। ਹੁਣ ਸਭ ਦੀਆਂ ਨਜ਼ਰਾਂ ਪ੍ਰਸ਼ਾਸਨ ਦੀ ਅਗਲੀ ਕਾਰਵਾਈ ’ਤੇ ਟਿਕੀਆਂ ਹੋਈਆਂ ਹਨ ਕਿ ਪ੍ਰਸ਼ਾਸਨ ਵੱਲੋਂ ਕੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਇਸ ਮੌਕੇ ਨਰੇਸ਼ ਪਾਲ ਪੁਰੀ, ਰਵਿੰਦਰ ਜੈਨ, ਦੇਵੀ ਦਿਆਲ ਸ਼ਰਮਾ, ਪ੍ਰਦੀਪ ਕੁਮਾਰ ਪੁਰੀ, ਘਨਸ਼ਾਮ ਧੀਰ, ਚੰਦਰ ਮੋਹਨ ਸ਼ਰਮਾ, ਹਨੀ ਪੁਰੀ, ਬਲਜੀਤ ਬਾਗੜੀਆਂ, ਯੋਗੇਸ਼ ਧੀਰ, ਕੁਸ਼ ਜੈਨ ਆਦਿ ਮੌਜੂਦ ਸਨ।