ਫਗਵਾੜਾ ਨੂੰ ਜਿਲਾ ਬਣਾਉਣ ਦਾ ਮੱੁਦਾ ਹੋਇਆ ਠੁੱਸ,ਕੁਲਥਮ

ਵਿਜੇ ਸੋਨੀ ਪੰਜਾਬੀ ਜਾਗਰਣ
ਫਗਵਾੜਾ : ਕੌਮੀ ਰਾਜ ਮਾਰਗ ਉੱਤੇ ਸਥਿਤ ਵਿਧਾਨ ਸਭਾ ਹਲਕਾ ਫਗਵਾੜਾ ਦੇ ਲੋਕ ਬੀਤੇ ਕਾਫੀ ਲੰਬੇ ਸਮੇਂ ਤੋਂ ਫਗਵਾੜਾ ਨੂੰ ਜ਼ਿਲ੍ਹਾ ਬਨਾਉਣ ਦੀ ਮੰਗ ਕਰਦੇ ਆ ਰਹੇ ਹਨ। ਬੀਤੀਆਂ ਵਿਧਾਨ ਸਭਾ ਚੋਣਾਂ, ਲੋਕ ਸਭਾ ਚੋਣਾ ਦੌਰਾਨ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਫਗਵਾੜਾ ਵਾਸੀਆਂ ਨੂੰ ਭਰੋਸਾ ਦਵਾਇਆ ਸੀ ਕਿ ਉਨ੍ਹਾਂ ਦੀ ਸਰਕਾਰ ਆਉਣ ਤੋਂ ਬਾਅਦ ਫਗਵਾੜਾ ਸ਼ਹਿਰ ਨੂੰ ਜ਼ਿਲ੍ਹਾ ਬਣਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ। ਚਾਰ ਸਾਲ ਬੀਤ ਜਾਣ ਪਿੱਛੋਂ ਵੀ ਹਾਲੇ ਤੱਕ ਫਗਵਾੜੇ ਨੂੰ ਜ਼ਿਲ੍ਹਾ ਬਣਾਉਣ ਦਾ ਨੀਂਹ ਪੱਥਰ ਨਹੀਂ ਰੱਖ ਹੋ ਸਕਿਆ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ ਵੀ ਫਗਵਾੜਾ ਸ਼ਹਿਰ ਨੂੰ ਜ਼ਿਲ੍ਹਾ ਬਣਾਉਣ ਲਈ ਪਿੰਡਾਂ ਵਿਚ ਜਾ ਜਾ ਕੇ ਢਿੰਡੋਰਾ ਪਿੱਟਿਆ ਜਾ ਰਿਹਾ ਸੀ ਕਿ ਬਹੁਤ ਜਲਦ ਫਗਵਾੜੇ ਨੂੰ ਜ਼ਿਲ੍ਹਾ ਬਣਾਇਆ ਜਾਵੇਗਾ ਪਰ ਚਾਰ ਸਾਲ ਬੀਤ ਜਾਣ ਪਿੱਛੋਂ ਵੀ ਹਾਲੇ ਤੱਕ ਇਸ ਦੀ ਰੂਪ-ਰੇਖਾ ਤੱਕ ਤਿਆਰ ਨਹੀਂ ਹੋ ਸਕੀ। ਇਸ ਸਬੰਧੀ ਗੱਲਬਾਤ ਕਰਦਿਆਂ ਸ਼ਹਿਰ ਦੀਆਂ ਵੱਖ-ਵੱਖ ਸ਼ਖਸ਼ੀਅਤਾਂ ਨੇ ਆਪਣੇ ਵਿਚਾਰ ਦੱਸੇ-
ਇੰਡਸਟਰੀ ਹੱਬ ਵਜੋਂ ਜਾਣਿਆ ਜਾਂਦਾ ਹੈ ਫਗਵਾੜਾ
ਸਮਾਜ ਸੇਵਕ ਸ਼ਰਨਜੀਤ ਸਿੰਘ ਨੇ ਕਿਹਾ ਕਿ ਫਗਵਾੜਾ ਸ਼ਹਿਰ ਅੰਦਰ ਸਥਾਪਿਤ ਇੰਡਸਟਰੀ ਤੋਂ ਪੂਰੀ ਦੁਨੀਆ ਅੰਦਰ ਸਮਾਨ ਐਕਸਪੋਰਟ ਹੁੰਦਾ ਹੈ। ਫਗਵਾੜਾ ਸ਼ਹਿਰ ਜੀਟੀ ਰੋਡ ’ਤੇ ਸਥਿਤ ਹੋਣ ਕਾਰਨ ਇਸ ਨੂੰ ਇੰਡਸਟਰੀ ਹੱਬ ਵਜੋਂ ਵੀ ਜਾਣਿਆ ਜਾਂਦਾ ਹੈ। ਬਹੁਤ ਸਾਰੇ ਵੱਡੇ ਉਦਯੋਗ ਫਗਵਾੜਾ ਸ਼ਹਿਰ ਅੰਦਰ ਸਥਾਪਿਤ ਹਨ। ਸ਼ੂਗਰ ਮਿੱਲ, ਸਟਾਰਚ ਮਿਲ ਸਮੇਤ ਇੰਡਸਟਰੀਅਲ ਏਰੀਆ ਵਿਚ ਵੱਡੇ ਉਦਯੋਗਾਂ ਦੀ ਭਰਮਾਰ ਹੈ ਪਰ ਇਸਦੇ ਬਾਵਜੂਦ ਵੀ ਸੂਬਾ ਸਰਕਾਰ ਵੱਲੋਂ ਚਾਰ ਸਾਲ ਪਹਿਲਾਂ ਕੀਤਾ ਗਿਆ ਵਾਅਦਾ ਹਾਲੇ ਤੱਕ ਪੂਰਾ ਨਹੀਂ ਹੋ ਸਕਿਆ, ਜਿਸ ਕਾਰਨ ਫਗਵਾੜਾ ਵਾਸੀਆਂ ਦੇ ਨਾਲ-ਨਾਲ ਉਦਯੋਗ ਜਗਤ ਵੀ ਨਿਰਾਸ਼ ਹੈ। ਵੋਟਾਂ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੋ ਵਾਅਦਾ ਕੀਤਾ ਸੀ, ਉਸ ਨੂੰ ਇਸ ਸਾਲ ਵਿਚ ਜਲਦ ਤੋਂ ਜਲਦ ਪੂਰਾ ਕਰਵਾਕੇ ਫਗਵਾੜਾ ਨੂੰ ਜ਼ਿਲ੍ਹਾ ਬਣਾਉਣ ਦੀ ਰੂਪ-ਰੇਖਾ ਤਿਆਰ ਕਰ ਦੇਣੀ ਚਾਹੀਦੀ ਹੈ।
ਹਰ ਸਾਲ ਵਿਦੇਸ਼ਾਂ ਤੋਂ ਆਉਂਦੇ ਹਨ ਹਜ਼ਾਰਾਂ ਯਾਤਰੀ
ਕਲਾਥ ਮਰਚੈਂਟ ਐਸੋਸੀਏਸ਼ਨ ਫਗਵਾੜਾ ਦੇ ਪ੍ਰਧਾਨ ਅਸ਼ੋਕ ਕੁਲਥਮ ਨੇ ਕਿਹਾ ਕਿ ਫਗਵਾੜਾ ਸ਼ਹਿਰ ਨੂੰ ਕੱਪੜੇ ਦੇ ਵਪਾਰ ਲਈ ਵੀ ਜਾਣਿਆ ਜਾਂਦਾ ਹੈ। ਹਰ ਸਾਲ ਵਿਦੇਸ਼ਾਂ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਆ ਕੇ ਫਗਵਾੜਾ ਸ਼ਹਿਰ ਅੰਦਰ ਖਰੀਦਦਾਰੀ ਕਰਦੇ ਹਨ ਵੱਡੇ-ਵੱਡੇ ਸ਼ੋਅਰੂਮ ਅਤੇ ਵੱਖਰੀ ਵਰਾਇਟੀ ਕਾਰਨ ਮਸ਼ਹੂਰ ਫਗਵਾੜਾ ਸ਼ਹਿਰ ਅੱਜ ਵੀ ਜ਼ਿਲ੍ਹਾ ਬਣਨ ਲਈ ਤਰਸ ਰਿਹਾ ਹੈ ਜਦੋਂ ਕਿ ਕਲਾਥ ਮਰਚੈਂਟ ਐਸੋਸੀਏਸ਼ਨ ਫਗਵਾੜਾ ਦੀ ਅਗਵਾਈ ਹੇਠ ਅਨੇਕਾਂ ਵਾਰ ਮੈਂਬਰ ਪਾਰਲੀਮੈਂਟ, ਹਲਕਾ ਇੰਚਾਰਜ ਦਰਜਾ ਬ ਦਰਜਾ ਉੱਚ ਅਧਿਕਾਰੀਆਂ ਨੂੰ ਮੰਗ ਪੱਤਰ ਵੀ ਦਿੱਤੇ ਜਾ ਚੁੱਕੇ ਹਨ ਪਰ ਇਸ ਸਮੱਸਿਆ ਦਾ ਕੋਈ ਹੱਲ ਹੁੰਦਾ ਦਿਖਾਈ ਨਹੀਂ ਦੇ ਰਿਹਾ। ਸੂਬਾ ਸਰਕਾਰ ਆਪਣੇ ਕਾਰਜਕਾਲ ਦਾ ਚਾਰ ਸਾਲ ਦਾ ਸਮਾਂ ਪੂਰਾ ਕਰ ਚੁੱਕੀ ਹੈ ਤੇ ਆਉਣ ਵਾਲੇ ਇਕ ਸਾਲ ਵਿਚ ਵੀ ਉਹ ਫਗਵਾੜਾ ਨੂੰ ਜ਼ਿਲ੍ਹਾ ਬਣਾਉਣ ਲਈ ਕੋਈ ਰੂਪ-ਰੇਖਾ ਤਿਆਰ ਕਰਨਗੇ ਇਸ ’ਤੇ ਭਰੋਸਾ ਨਹੀਂ ਕੀਤਾ ਜਾ ਸਕਦਾ।
ਫਗਵਾੜਾ ਵਾਸੀਆਂ ਦੀ ਕਾਫੀ ਲੰਬੇ ਸਮੇਂ ਤੋਂ ਮੰਗ ਨਹੀਂ ਹੋਈ ਪੂਰੀ
ਜਸਵਿੰਦਰ ਸਿੰਘ ਘੁੰਮਣ, ਘੁੰਮਣ ਐਗਰੋ ਦਾਨਾ ਮੰਡੀ ਫਗਵਾੜਾ ਨੇ ਕਿਹਾ ਕਿ ਜੀਟੀ ਰੋਡ ’ਤੇ ਸਥਿਤ ਸ਼ਹਿਰ ਫਗਵਾੜਾ ਲਗਭਗ ਚਾਰੇ ਪਾਸਿਓਂ ਬਾਕੀ ਜ਼ਿਲ੍ਹਿਆਂ ਦੇ ਨਜ਼ਦੀਕ ਹੈ, ਜਿਵੇਂ ਜਲੰਧਰ, ਲੁਧਿਆਣਾ ਤੇ ਨਵਾਂ ਸ਼ਹਿਰ ਤਿੰਨਾਂ ਪਾਸਿਆਂ ਨੂੰ ਕਵਰ ਕਰਦੇ ਹਨ ਪਰ ਇਸ ਦੇ ਬਾਅਦ ਵੀ ਫਗਵਾੜਾ ਵਾਸੀਆਂ ਲਈ ਜ਼ਿਲ੍ਹਾ ਬਣਾਉਣ ਦੀ ਮੰਗ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ। ਜੇਕਰ ਫਗਵਾੜਾ ਵਾਸੀਆਂ ਨੂੰ ਕੋਈ ਨਿੱਕੇ ਤੋਂ ਨਿੱਕਾ ਕੰਮ ਵੀ ਕਰਵਾਉਣਾ ਪੈਂਦਾ ਹੈ ਤਾਂ ਉਨ੍ਹਾਂ ਨੂੰ ਜਲੰਧਰ ਟੱਪਕੇ ਕਪੂਰਥਲੇ ਜਾਣਾ ਪੈਂਦਾ ਹੈ, ਜਿਸ ਨਾਲ ਸਮੇਂ ਅਤੇ ਪੈਸੇ ਦੀ ਬਰਬਾਦੀ ਹੁੰਦੀ ਹੈ। ਫਗਵਾੜਾ ਵਾਸੀ ਪਿਛਲੇ ਕਾਫੀ ਲੰਬੇ ਸਮੇਂ ਤੋਂ ਫਗਵਾੜੇ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਕਰਦੇ ਆ ਰਹੇ ਹਨ ਪਰ ਸੂਬਾ ਸਰਕਾਰ ਇਸ ਪਾਸੇ ਕੋਈ ਵੀ ਧਿਆਨ ਨਹੀਂ ਦੇ ਰਹੀ।
ਫਗਵਾੜਾ ਵਾਸੀਆਂ ਦੀ ਇਕੋ ਅਵਾਜ਼ ਫਗਵਾੜਾ ਨੂੰ ਬਣਾਓ ਜ਼ਿਲ੍ਹਾ
ਸੈਲਫ ਹੈਲਪ ਗਰੁੱਪ ਦੇ ਕਾਰਜਕਾਰੀ ਪ੍ਰਧਾਨ ਚਰਨਜੀਤ ਸਿੰਘ ਖਾਲਸਾ ਨੇ ਕਿਹਾ ਕਿ ਬੀਤੇ ਕਾਫੀ ਲੰਬੇ ਸਮੇਂ ਤੋਂ ਫਗਵਾੜਾ ਵਾਸੀਆਂ ਦੀ ਇਕੋ ਆਵਾਜ਼ ਰਹੀ ਹੈ ਕਿ ਫਗਵਾੜਾ ਨੂੰ ਜ਼ਿਲ੍ਹੇ ਦਾ ਦਰਜਾ ਦਿੱਤਾ ਜਾਵੇ। ਇਸ ਸਬੰਧੀ ਸੂਬਾ ਸਰਕਾਰ ਦੇ ਵੱਖ-ਵੱਖ ਮੰਤਰੀਆਂ ਵੱਲੋਂ ਵੀ ਭਰੋਸਾ ਦਿਵਾਇਆ ਗਿਆ ਕਿ ਉਨ੍ਹਾਂ ਦੀ ਸਰਕਾਰ ਬਣਨ ਤੋਂ ਬਾਅਦ ਜਲਦ ਹੀ ਫਗਵਾੜੇ ਨੂੰ ਜ਼ਿਲ੍ਹਾ ਬਣਾਇਆ ਜਾਵੇਗਾ ਤਾਂ ਜੋ ਸ਼ਹਿਰ ਵਾਸੀਆਂ ਦੀਆਂ ਮੁਸ਼ਕਿਲਾਂ ਦਾ ਹੱਲ ਹੋ ਸਕੇ ਪਰ ਚਾਰ ਸਾਲ ਬੀਤਣ ਤੋਂ ਬਾਅਦ ਵੀ ਫਗਵਾੜਾ ਵਾਸੀਆਂ ਦੇ ਇਸ ਮੁੱਦੇ ਨੂੰ ਸਥਾਨਕ ਸਰਕਾਰਾਂ ਨੇ ਗੰਭੀਰਤਾ ਨਾਲ ਨਹੀਂ ਲਿਆ। ਉਨ੍ਹਾਂ ਨੇ ਸੂਬਾ ਸਰਕਾਰ ਨੂੰ ਬੇਨਤੀ ਕੀਤੀ ਕਿ ਜਲਦ ਤੋਂ ਜਲਦ ਫਗਵਾੜਾ ਵਾਸੀਆਂ ਦੀ ਜ਼ਿਲ੍ਹਾ ਬਣਾਉਣ ਦੀ ਖੁਆਹਿਸ਼ ਨੂੰ ਆਪਣੀ ਸਰਕਾਰ ਦੇ ਰਹਿੰਦਿਆਂ ਹੀ ਪੂਰਾ ਕੀਤਾ ਜਾਵੇ ਤਾਂ ਜੋ ਫਗਵਾੜਾ ਵਾਸੀਆਂ ਨੂੰ ਆਮ ਆਦਮੀ ਪਾਰਟੀ ਵੱਲੋਂ ਕੀਤੇ ਗਏ ਵਾਅਦੇ ’ਤੇ ਭਰੋਸਾ ਹੋ ਸਕੇ।
ਕਪੂਰਥਲੇ ਜਾ ਕੇ ਖੱਜਲ ਹੁੰਦੇ ਹਨ ਫਗਵਾੜਾ ਵਾਸੀ
ਤਰਨਜੀਤ ਸਿੰਘ ਬੰਟੀ ਵਾਲੀਆ, ਬਲਾਕ ਪ੍ਰਧਾਨ ਕਾਂਗਰਸ ਪਾਰਟੀ ਫਗਵਾੜਾ ਨੇ ਕਿਹਾ ਕਿ ਫਗਵਾੜਾ ਸ਼ਹਿਰ ਵਿਚ ਵੱਡੀਆਂ ਯੂਨੀਵਰਸਿਟੀਆਂ ਸਥਾਪਿਤ ਹਨ। ਸੂਗਰ ਮਿਲ, ਜੇਸੀਟੀ ਮਿਲ, ਸਟਾਰਚ ਮਿਲ ਸਣੇ ਅਨੇਕਾਂ ਇੰਡਸਟਰੀ ਮੌਜੂਦ ਹਨ। ਪਰ ਫਗਵਾੜਾ ਸ਼ਹਿਰ ਨੂੰ ਕਪੂਰਥਲਾ ਜ਼ਿਲ੍ਹੇ ਨਾਲ ਜੋੜਿਆ ਗਿਆ ਹੈ, ਜੋ ਕਿ ਕਿਸੇ ਪੱਖ ਤੋਂ ਵੀ ਵਧੀਆ ਚੋਣ ਨਹੀਂ ਹੈ। ਉਨ੍ਹਾਂ ਕਿਹਾ ਕਿ ਫਗਵਾੜਾ ਸ਼ਹਿਰ ਦੇ ਵਸਨੀਕਾਂ ਨੂੰ ਆਪਣੇ ਰੋਜ਼ਾਨਾ ਦੇ ਸਰਕਾਰੀ ਕੰਮ ਕਰਾਉਣ ਲਈ ਜਲੰਧਰ ਟੱਪ ਕੇ ਕਪੂਰਥਲੇ ਜਾਣਾ ਪੈਂਦਾ ਹੈ। ਕਈ ਵਾਰ ਅੱਗੇ ਅਧਿਕਾਰੀਆਂ ਦੇ ਨਾ ਮਿਲਣ ਕਾਰਨ ਕਈ-ਕਈ ਦਿਨ ਵੀ ਖਰਾਬ ਹੋ ਜਾਂਦੇ ਹਨ ਅਤੇ ਕੰਮ ਨਹੀਂ ਹੁੰਦੇ। ਫਗਵਾੜਾ ਵਿਚ ਵੱਡੀ ਤਾਦਾਦ ਵਿਚ ਵਿਦੇਸ਼ਾਂ ਤੋਂ ਵੀ ਲੋਕ ਆਉਂਦੇ ਰਹਿੰਦੇ ਹਨ, ਉਨ੍ਹਾਂ ਦੀ ਹਮੇਸ਼ਾ ਸ਼ਿਕਾਇਤ ਰਹਿੰਦੀ ਹੈ ਕਿ ਫਗਵਾੜਾ ਸ਼ਹਿਰ ਦੇ ਵਸਨੀਕਾਂ ਨੂੰ ਜ਼ਰੂਰੀ ਕੰਮ ਕਰਾਉਣ ਲਈ ਕਪੂਰਥਲਾ ਹੀ ਕਿਉਂ ਜਾਣਾ ਪੈਂਦਾ ਹੈ ਜਦਕਿ ਫਗਵਾੜਾ ਸ਼ਹਿਰ ਪੂਰੀ ਤਰ੍ਹਾਂ ਜ਼ਿਲ੍ਹਾ ਬਣਨ ਲਈ ਸਾਰਥਕ ਹੈ। ਸੂਬਾ ਸਰਕਾਰ ਨੂੰ ਗੰਭੀਰਤਾ ਨਾਲ ਇਸ ਨੂੰ ਜ਼ਿਲ੍ਹਾ ਬਣਾਉਣ ਦੇ ਯਤਨ ਸ਼ੁਰੂ ਕਰਨੇ ਚਾਹੀਦੇ ਹਨ।