ਈ ਚਲਾਣ ਦੇ ਨਾਂ ਤੇ ਮਾਰੀ ਜਾ ਰਹੀ ਹੈ ਆਮ ਜਨਤਾ ਨਾਲ ਠੱਗੀ

--ਸਰਕਾਰੀ ਵੈੱਬਸਾਈਟ ਦਾ ਕਲੋਨ ਤਿਆਰ ਕਰਕੇ ਸਾਈਬਰ ਠੱਗ ਕਰ ਰਹੇ ਧੋਖਾਧੜੀ
--ਈ-ਚਲਾਨ ਭੁਗਤਨ ਤੋਂ ਪਹਿਲਾ ਡੀਟੀਓ ਦਫਤਰ ਜਾਂ ਸਰਕਾਰੀ ਵੈੱਬਸਾਈਟ ਜ਼ਰੂਰ ਚੈਕ ਕਰਨ ਲੋਕ
ਦੀਪਕ, ਪੰਜਾਬੀ ਜਾਗਰਣ
ਕਪੂਰਥਲਾ : ਪੰਜਾਬ ਵਿਚ ਕੁੱਝ ਸਮਾਂ ਪਹਿਲਾ ਹੀ ਟ੍ਰੈਫਿਕ ਵਿਭਾਗ ਵੱਲੋਂ ਈ-ਚਲਾਨ ਦੀ ਸੁਵਿਧਾ ਸ਼ੁਰੂ ਕੀਤੀ ਗਈ ਹੈ ਪਰ ਹੁਣ ਸਾਈਬਰ ਠੱਗਾਂ ਵੱਲੋਂ ਈ-ਚਲਾਨ ਰਾਹੀਂ ਵੀ ਆਮ ਜਨਤਾ ਨਾਲ ਠੱਗੀ ਮਾਰੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਟ੍ਰੈਫਿਕ ਵਿਭਾਗ ਵੱਲੋਂ ਕੁੱਝ ਸਮਾਂ ਪਹਿਲਾਂ ਹੀ ਪੰਜਾਬ ਦੇ ਕਈ ਸ਼ਹਿਰਾਂ ਦੇ ਚੌਕਾਂ ਵਿਚ ਸੀਸੀਟੀਵੀ ਕੈਮਰੇ ਲਗਾ ਕੇ, ਓਵਰ ਸਪੀਡਿੰਗ, ਗਲਤ ਪਾਰਕਿੰਗ ਅਤੇ ਹੋਰ ਟ੍ਰੈਫਿਕ ਨਿਯਮਾਂ ਦਾ ਪਾਠ ਆਮ ਜਨਤਾ ਨੁੰ ਪੜ੍ਹਾਉਣ ਲਈ ਈ-ਚਲਾਨ ਦੀ ਸ਼ੁਰੂਆਤ ਕੀਤੀ ਗਈ ਹੈ ਜਦਕਿ ਈ-ਚਲਾਨ ਦੀ ਸੁਵਿਧਾ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਪਹਿਲਾਂ ਤੋਂ ਹੀ ਚੱਲ ਰਹੀ ਹੈ ਪਰ ਹੁਣ ਸਾਈਬਰ ਠੱਗਾਂ ਵੱਲੋਂ ਈ-ਚਲਾਨ ਦਾ ਸਹਾਰਾ ਲੈ ਕੇ ਆਮ ਜਨਤਾ ਨਾਲ ਠੱਗੀ ਮਾਰਨ ਦਾ ਨਵਾਂ ਰਸਤਾ ਅਪਣਾਇਆ ਗਿਆ ਹੈ। ਸਾਈਬਰ ਠੱਗਾਂ ਵੱਲੋਂ ਸਰਕਾਰੀ ਵਿਭਾਗ ਦੀ ਵੈੱਬਸਾਈਟ ਦਾ ਹੂ-ਬ-ਹੂ ਕਲੋਨ ਤਿਆਰ ਕਰਕੇ ਆਮ ਜਨਤਾ ਨੁੰ ਚਲਾਨ ਹੋਣ ਸਬੰਧੀ ਮੈਸੇਜ ਭੇਜੇ ਜਾ ਰਹੇ ਹਨ। ਮੈਸੇਜ ਵਿਚ ਸਿੱਧਾ ਇਕ ਲਿੰਕ ਹੁੰਦਾ ਹੈ। ਲਿੰਕ ’ਤੇ ਕਲਿਕ ਕਰਨ ਉਪਰੰਤ ਸਰਕਾਰੀ ਵੈੱਬਸਾਈਟ ਵਾਂਗ ਹੀ ਵੈੱਬਸਾਈਟ ਖੁੱਲ੍ਹਦੀ, ਜਿਸ ਵਿਚ ਲੋਕ ਆਪਣੀ ਗੱਡੀ ਦਾ ਨੰਬਰ ਪਾ ਕੇ ਚਲਾਨ ਚੈੱਕ ਕਰ ਸਕਦੇ ਹਨ। ਚਲਾਨ ਵਿਚ ਰਕਮ ਵੀ ਦਰਸਾਈ ਹੁੰਦੀ ਹੈ ਪਰ ਕੁਝ ਡਿਟੇਲ ਨਹੀਂ ਹੁੰਦੀ ਤੇ ਆਮ ਜਨਤਾ ਇਸ ਸਬੰਧੀ ਜ਼ਿਆਦਾ ਜਾਣਕਾਰੀ ਨਾ ਹੋਣ ਕਰਕੇ ਸਾਈਬਰ ਠੱਗਾਂ ਦੀ ਠੱਗੀ ਦਾ ਸ਼ਿਕਾਰ ਹੋ ਜਾਂਦੀ ਹੈ। ਅਜਿਹਾ ਹੀ ਇਕ ਮਾਮਲਾ ਸ਼ਨੀਵਾਰ ਨੁੰ ਸਿੱਖਿਆ ਵਿਭਾਗ ਵਿਚ ਕੰਮ ਕਰਨ ਵਾਲੇ ਅਧਿਕਾਰੀ ਦੇ ਧਿਆਨ ਵਿਚ ਆਇਆ। ਉਨ੍ਹਾਂ ਨੂੰ ਸਵੇਰੇ ਇਕ ਨੰਬਰ ਤੋਂ ਚਲਾਨ ਸਬੰਧੀ ਇਕ ਮੈਸੇਜ ਅਤੇ ਲਿੰਕ ਆਇਆ ਜਦ ਉਨ੍ਹਾਂ ਉਸ ਲਿੰਕ ਉਪਰ ਕਲਿੱਕ ਕੀਤਾ ਗਿਆ ਤਾਂ ਅੱਗੇ ਗੱਡੀ ਦਾ ਨੰਬਰ ਪੁੱਛਣ ਲਈ ਸਰਕਾਰੀ ਵੈੱਬਸਾਈਟ ਦੀ ਤਰ੍ਹਾਂ ਹੀ ਪੇਜ ਓਪਨ ਹੋਇਆ। ਗੱਡੀ ਨੰਬਰ ਪਾਉਣ ਤੋਂ ਬਾਅਦ ਓਵਰ ਸਪੀਡਿੰਗ ਦਾ 1000 ਰੁਪਏ ਦਾ ਚਲਾਨ ਦੱਸਿਆ ਗਿਆ ਅਤੇ ਉਸ ਦੀ ਮਿਤੀ 25-12-2026 ਦੱਸੀ ਗਈ ਜਦਕਿ ਇਹ ਮੈਸੇਜ਼ ਮਿਤੀ 27-12-2025 ਨੁੰ ਆ ਰਿਹਾ ਸੀ। ਅਧਿਕਾਰੀ ਨੁੰ ਸ਼ੱਕ ਉਸ ਸਮੇਂ ਹੋਇਆ ਕਿ ਉਹ ਪਿਛਲੇ 2 ਮਹੀਨਿਆਂ ਤੋਂ ਉਪ ਮੰਡਲ ਮੈਜਿਸਟ੍ਰੇਟ ਕਪੂਰਥਲਾ ਦੇ ਦਫਤਰ ਵਿਖੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਕੰਮ ਵਿਚ ਲੱਗਿਆ ਹੋਇਆ ਸੀ ਅਤੇ ਸ਼ਹਿਰ ਤੋਂ ਬਾਹਰ ਕਿਤੇ ਵੀ ਨਹੀਂ ਗਿਆ ਸੀ। ਉਨ੍ਹਾਂ ਜਦ ਇਸ ਸਬੰਧੀ ਸਰਕਾਰੀ ਵੈੱਬਸਾਈਟ ’ਤੇ ਚੈੱਕ ਕੀਤਾ ਤਾਂ ਉਥੇ ਉਕਤ ਗੱਡੀ ਦਾ ਕੋਈ ਵੀ ਚਲਾਨ ਨਹੀਂ ਮਿਲਿਆ, ਜਿਸ ਤੋਂ ਇਹ ਪਤਾ ਲੱਗਾ ਕਿ ਉਨ੍ਹਾਂ ਨਾਲ ਸਾਈਬਰ ਠੱਗਾਂ ਵੱਲੋਂ ਠੱਗੀ ਮਾਰੀ ਜਾ ਰਹੀ ਹੈ ਪਰ ਉਹ ਜਾਣਕਾਰੀ ਹੋਣ ਕਰਕੇ ਠੱਗੀ ਦਾ ਸ਼ਿਕਾਰ ਨਹੀਂ ਹੋਏ।
ਸਾਈਬਰ ਕ੍ਰਾਈਮ ਬਾਰੇ ਜਾਣਕਾਰੀ ਰੱਖਣ ਵਾਲੇ ਮਾਹਿਰ ਵੰਸ਼ ਨੇ ਦੱਸਿਆ ਕਿ ਕਿਸੇ ਵੀ ਸਾਈਟ ਦਾ ਹੁ-ਬ-ਹੂ ਕਲੋਨ ਤਿਆਰ ਕੀਤਾ ਜਾ ਸਕਦਾ ਹੈ। ਸਾਈਬਰ ਠੱਗ ਵੀ ਕਲੋਨ ਦੀ ਸਹਾਇਤਾ ਲੈ ਕੇ ਸਰਕਾਰੀ ਵੈੱਬਸਾਈਟ ਵਰਗੀ ਸਾਈਟ ਤਿਆਰ ਕਰ ਲੈਂਦੇ ਹਨ। ਉਨ੍ਹਾਂ ਲੋਕਾਂ ਨੁੰ ਅਪੀਲ ਕੀਤੀ ਕਿ ਚਲਾਨ ਭੁਗਤਨ ਤੋਂ ਪਹਿਲਾਂ ਵੈੱਬਸਾਈਟ ਬਾਰੇ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੁੰਦੀ ਹੈ। ਜੇਕਰ ਜਾਣਕਾਰੀ ਨਾ ਹੋਵੇ ਤਾਂ ਕੋਈ ਵੀ ਠੱਗੀ ਦਾ ਸ਼ਿਕਾਰ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਵੀ ਸਰਕਾਰੀ ਵੈਬਸਾਈਟ ਤੋਂ ਮੈਸੇਜ਼ ਆਉਂਦਾ ਹੈ ਤਾਂ ਉਸ ਵਿਚ ਵੈਬਸਾਈਟ ਦੇ ਨਾਂ ਦੇ ਪਿੱਛੇ www.sitename.gov.in ਲੱਗਾ ਹੋਵੇਗਾ ਕਿਉਂਕਿ ਸਰਕਾਰੀ ਵੈੱਬਸਾਈਟ ਦੀ ਪਹਿਚਾਣ ਹੀ ਹੈ ਕਿ ਉਸ ਦੇ ਅਖੀਰ ਵਿਚ .gov ਹੁੰਦਾ ਹੈ।
(ਬਾਕਸ)
ਸਾਈਬਰ ਠੱਗੀ ਤੋਂ ਬਚੋ : ਡੀਟੀਓ
ਜਦ ਇਸ ਸਬੰਧੀ ਜ਼ਿਲ੍ਹਾ ਟਰਾਂਸਪੋਰਟ ਅਫਸਰ ਇਰਵਿਨ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਮ ਜਨਤਾ ਨੁੰ ਇਸ ਸਬੰਧੀ ਜਾਣਕਾਰੀ ਹੋਣਾ ਬਹੁਤ ਲਾਜ਼ਮੀ ਹੈ। ਕੋਈ ਵੀ ਆਪਣੇ ਚਲਾਨ ਸਬੰਧੀ ਸਰਕਾਰੀ ਵੈੱਬਸਾਈਟ www.parivahan.gov.in ਖੋਲ੍ਹ ਕੇ ਉਸ ਦੇ ਅੰਦਰ ਆਨਲਾਈਨ ਸਰਵਿਸ ਦੀ ਆਪਸ਼ਨ ਦੀ ਵਰਤੋਂ ਕਰਕੇ ਆਪਣੇ ਗੱਡੀ ਨੰਬਰ ਜਾਂ ਡਰਾਈਵਿੰਗ ਲਾਇਸੈਂਸ ਦਾ ਨੰਬਰ ਦਾਖਲ ਕਰਕੇ ਚਲਾਨ ਸਬੰਧੀ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ। ਜੇਕਰ ਉਸ ਵਿਚ ਚਲਾਨ ਦਿਸ ਰਿਹਾ ਹੈ ਤਾਂ ਉਸ ਨੁੰ ਭੁਗਤਨਾ ਲਾਜ਼ਮੀ ਹੋਵੇਗਾ ਪਰ ਜੇਕਰ ਚਲਾਨ ਨਹੀਂ ਦਿਸ ਰਿਹਾ ਪਰ ਉਨ੍ਹਾਂ ਨੁੰ ਚਲਾਨ ਸਬੰਧੀ ਮੈਸੇਜ ਆਇਆ ਹੈ ਤਾਂ ਕਿਤੇ ਨਾ ਕਿਤੇ ਉਹ ਸਾਈਬਰ ਠੱਗੀ ਦਾ ਸ਼ਿਕਾਰ ਹੋ ਰਹੇ ਹਨ, ਜਿਸ ਤੋਂ ਉਨ੍ਹਾਂ ਨੂੰ ਬਚਣਾ ਚਾਹੀਦਾ ਹੈ ਤੇ ਹੋਰ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਟ੍ਰਾਂਸਪੋਰਟ ਅਫਸਰ ਦੇ ਦਫਤਰ ਨਾਲ ਰਾਬਤਾ ਕਾਇਮ ਕਰਨਾ ਚਾਹੀਦਾ ਹੈ।