ਸਰਬ ਧਰਮ ਬੇਅਦਬੀ ਰੋਕੂ ਮੋਰਚਾ ਸਮਾਣਾ ਦੀ ਵਹੀਰ ਦਾ 12 ਨੂੰ ਕਰਤਾਰਪੁਰ ਵਿਖੇ ਹੋਵੇਗਾ ਭਰਵਾਂ ਸਵਾਗਤ
ਸਰਬ ਧਰਮ ਬੇਅਦਬੀ ਰੋਕੂ ਮੋਰਚਾ ਸਮਾਣਾ ਦੀ ਵਹੀਰ ਦਾ 12 ਨੂੰ ਕਰਤਾਰਪੁਰ ਵਿਖੇ ਹੋਵੇਗਾ ਭਰਵਾ ਸਵਾਗਤ
Publish Date: Sat, 10 Jan 2026 07:15 PM (IST)
Updated Date: Sat, 10 Jan 2026 07:18 PM (IST)

---ਦੋਨਾਂ ਇਲਾਕੇ ਦੀ ਸੰਗਤ ਵੱਧ ਚੜ੍ਹ ਕੇ ਹੋਵੇ ਸ਼ਾਮਲ : ਕੁਲਦੀਪ ਸਿੰਘ ਕੇਸਰਪੁਰ ਸੁਖਵਿੰਦਰ ਸਿੰਘ ਸਿੱਧੂ, ਪੰਜਾਬੀ ਜਾਗਰਣ ਕਾਲਾ ਸੰਘਿਆ : ਸਮਾਣਾ ਮੋਰਚੇ ਤੋਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੱਕ ਗੁਰਾਂ ਦੀ ਵਹੀਰ ਪੈਦਲ ਯਾਤਰਾ ਜੋ 1 ਜਨਵਰੀ 2026 ਤੋਂ ਅਰੰਭ ਕੀਤੀ ਗਈ ਹੈ, ਦਾ ਕਰਤਾਰਪੁਰ ਵਿਖੇ ਪੁੱਜਣ ’ਤੇ 12 ਜਨਵਰੀ ਨੂੰ ਭਰਵਾਂ ਸਵਾਗਤ ਕੀਤਾ ਜਾਵੇਗਾ। ਵਹੀਰ ਦੇ ਆਗੂ ਭਾਈ ਕੁਲਦੀਪ ਸਿੰਘ ਕੇਸਰਪੁਰ ਨੇ ਦੋਨਾਂ ਇਲਾਕੇ ਦੀ ਸੰਗਤ ਨੂੰ ਇਸ ਮੌਕੇ ਵਧ-ਚੜ੍ਹ ਕੇ ਸ਼ਾਮਲ ਹੋਣ ਦੀ ਬੇਨਤੀ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸ੍ਰੀਮਦ ਭਗਵਤ ਗੀਤਾ ਜੀ, ਪਵਿੱਤਰ ਕੁਰਾਨ ਜੀ, ਪਵਿੱਤਰ ਬਾਇਬਲ ਜੀ ਦੇ ਅਦਬ ਸਤਿਕਾਰ ਨੂੰ ਲੈ ਕੇ ਭਾਈ ਗੁਰਜੀਤ ਸਿੰਘ ਖਾਲਸਾ 12 ਅਕਤੂਬਰ 2024 ਤੋਂ ਸਮਾਣਾ ਦੇ 400 ਫੁੱਟ ਉੱਚੇ ਟਾਵਰ ਤੇ 62 ਫੁੱਟ ਦੀ ਜਗ੍ਹਾ ਵਿਚ ਬੈਠ ਕੇ ਸੰਘਰਸ਼ ਕਰ ਰਹੇ ਹਨ। ਇਸ ਮੋਰਚੇ ਦੇ ਸੰਘਰਸ਼ ਸਦਕਾ ਪੰਜਾਬ ਸਰਕਾਰ ਬੇਅਦਬੀਆਂ ਦੇ ਦੋਸ਼ੀਆਂ ਅਤੇ ਸਾਜ਼ਿਸ਼ ਘਾੜਿਆਂ ਲਈ ਸਖ਼ਤ ਸਜ਼ਾ ਦਾ ਕਾਨੂੰਨ ਲੈ ਕੇ ਆਉਣ ਲਈ ਰਾਜ਼ੀ ਹੋਈ ਹੈ। ਉਨ੍ਹਾਂ ਕਿਹਾ ਕਿ 28 ਜੂਨ ਨੂੰ ਮੁੱਖ ਮੰਤਰੀ ਪੰਜਾਬ ਨੇ ਸਾਡੇ ਡੈਲੀਗੇਸ਼ਨ ਨਾਲ ਮੁਲਾਕਾਤ ਦੌਰਾਨ ਹੀ ਇਹ ਕਾਨੂੰਨ ਬਣਾਉਣ ਦਾ ਐਲਾਨ ਕੀਤਾ ਸੀ, ਜਿਸ ਦੇ ਲਈ ਪੰਜਾਬ ਵਿਧਾਨ ਸਭਾ ਦਾ ਇਕ ਵਿਸ਼ੇਸ਼ ਇਜਲਾਸ ਬੁਲਾਇਆ ਗਿਆ, ਜਿਸ ਵਿਚ 14 ਤੇ 15 ਜੁਲਾਈ ਨੂੰ ਬੇਅਦਬੀਆਂ ਦੀ ਸਜ਼ਾ ਬਾਰੇ ਵਿਚਾਰਾਂ ਹੋਈਆਂ, ਪਰ 15 ਜੁਲਾਈ ਨੂੰ ਵਿਧਾਨ ਸਭਾ ਵਿਚ ਹੋਈ ਚਰਚਾ ਦੇ ਅਖੀਰ ਵਿਚ ਨਾਟਕੀ ਢੰਗ ਦੇ ਨਾਲ ਉਸ ਬਿੱਲ ਨੂੰ ਛੇ ਮਹੀਨੇ ਲਈ ਸਲੈਕਟ ਕਮੇਟੀ ਦੇ ਸਪੁਰਦ ਕਰ ਦਿੱਤਾ ਗਿਆ ਜਦਕਿ ਪੰਜਾਬ ਵਿਧਾਨ ਸਭਾ ਵੱਲੋਂ ਸਲੈਕਟ ਕਮੇਟੀ ਨੂੰ ਦਿੱਤਾ ਗਿਆ ਛੇ ਮਹੀਨੇ ਦਾ ਸਮਾਂ ਵੀ 15 ਜਨਵਰੀ 2026 ਨੂੰ ਪੂਰਾ ਹੋ ਰਿਹਾ ਹੈ। ਉੱਧਰ ਭਾਈ ਗੁਰਜੀਤ ਸਿੰਘ ਖਾਲਸਾ ਵੱਲੋਂ ਇਹ ਕਾਨੂੰਨ ਲਾਗੂ ਕਰਵਾਉਣ ਲਈ ਸੰਘਰਸ਼ ਲਗਾਤਾਰ ਜਾਰੀ ਹੈ, ਜਿਸ ਤਹਿਤ ਜਾਗਰੂਕਤਾ ਲਈ ਵਹੀਰ ਕੱਢੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਰ ਧਰਮ ਦੀਆਂ ਸੰਗਤਾਂ ਇਸ ਵਹੀਰ ਵਿਚ ਸ਼ਾਮਲ ਹੋਣ ਤਾਂ ਕਿ ਸੰਗਤਾਂ ਦੇ ਇਕੱਠ ਨੂੰ ਵੇਖਦਿਆਂ ਸਰਕਾਰ ਜਲਦ ਇਹ ਕਾਨੂੰਨ ਲਾਗੂ ਕਰੇ।