ਸੰਵੇਦਨਸ਼ੀਲ ਮਾਮਲੇ ’ਚ ਕੀਤੀ ਕਾਰਵਾਈ ਸ਼ਲਾਘਾਯੋਗ : ਸਰਬਜੀਤ
ਨਿਰਪੱਖਤਾ ਨਾਲ ਕੀਤੀ ਗਈ ਕਾਰਵਾਈ ਸ਼ਲਾਂਘਾਯੋਗ : ਸਰਬਜੀਤ ਰਾਜ
Publish Date: Thu, 08 Jan 2026 08:19 PM (IST)
Updated Date: Thu, 08 Jan 2026 08:21 PM (IST)
ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਦੀ ਕੀਤੀ ਸ਼ਲਾਘਾ
ਗੁਰਵਿੰਦਰ ਕੌਰ ਪੰਜਾਬੀ ਜਾਗਰਣ
ਕਪੂਰਥਲਾ : ਪੰਜਾਬ ਆਪਣੀ ਸਾਂਝੀ ਸੰਸਕ੍ਰਿਤੀ, ਭਰਾਤਰੀ ਭਾਵਨਾ ਅਤੇ ਧਾਰਮਿਕ ਸਹਿਣਸ਼ੀਲਤਾ ਲਈ ਦੇਸ਼ ਭਰ ਵਿਚ ਜਾਣਿਆ ਜਾਂਦਾ ਹੈ ਪਰ ਕਈ ਵਾਰ ਕੁਝ ਸ਼ਰਾਰਤੀ ਸੋਚ ਰੱਖਣ ਵਾਲੇ ਅਨਸਰ ਸਮਾਜ ਵਿਚ ਤਰੇੜਾਂ ਪਾਉਣ ਦੀ ਕੋਸ਼ਿਸ਼ ਕਰਦੇ ਹਨ। ਅਜਿਹੇ ਹੀ ਇਕ ਮਾਮਲੇ ਵਿਚ ਜ਼ਿਲ੍ਹਾ ਪਟਿਆਲਾ ਦੇ ਪਿੰਡ ਸਿੱਧੂਵਾਲ ਵਿਖੇ ਕ੍ਰਿਸਮਸ ਦੇ ਪਵਿੱਤਰ ਮੌਕੇ ਉੱਤੇ ਪ੍ਰਾਰਥਨਾ ਬੰਦਗੀ ਨੂੰ ਰੋਕਣ ਦੀ ਘਟਨਾ ਸਾਹਮਣੇ ਆਈ। ਇਸ ਸੰਵੇਦਨਸ਼ੀਲ ਮਾਮਲੇ ’ਚ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਜਤਿੰਦਰ ਮਸੀਹ ਗੌਰਵ ਨੇ ਜਿਸ ਤੇਜ਼ੀ, ਸੰਜ਼ੀਦਗੀ ਅਤੇ ਨਿਰਪੱਖਤਾ ਨਾਲ ਕਾਰਵਾਈ ਕੀਤੀ, ਉਹ ਕਾਬਲੇ-ਤਾਰੀਫ਼ ਹੈ। ਪਾਸਟਰ ਮਲਕੀਤ ਸਿੰਘ ਦੀ ਦਰਖਾਸਤ ’ਤੇ ਤੁਰੰਤ ਨੋਟਿਸ ਲੈਂਦਿਆਂ ਚੇਅਰਮੈਨ ਸਾਹਿਬ ਨੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ(ਐੱਸਆਈਟੀ) ਦੀ ਸਥਾਪਨਾ ਕਰਕੇ ਸਪਸ਼ਟ ਸੁਨੇਹਾ ਦਿੱਤਾ ਕਿ ਪੰਜਾਬ ਵਿਚ ਕਿਸੇ ਵੀ ਧਰਮ ਜਾਂ ਵਰਗ ਨਾਲ ਭੇਦਭਾਵ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਘੱਟ ਗਿਣਤੀ ਕਮਿਸ਼ਨ ਦੇ ਮੈਂਬਰਆਨ ਸੈਮੁਅਲ ਮਸੀਹ ਗਿੱਲ, ਸਾਈਮਨ ਸਹੋਤਾ ਅਤੇ ਜੋਨ ਮਸੀਹ ਜੋਨੀ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਦੋਸ਼ੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਲਈ ਵਿਸਥਾਰਪੂਰਕ ਰਿਪੋਰਟ ਚੇਅਰਮੈਨ ਸਾਹਿਬ ਨੂੰ ਸੌਂਪੀ। ਇਸ ਦੌਰਾਨ ਪੁਲਿਸ ਪ੍ਰਸ਼ਾਸਨ ਅਤੇ ਹੋਰ ਉੱਚ ਅਧਿਕਾਰੀਆਂ ਦੀ ਹਾਜ਼ਰੀ ਨੇ ਵੀ ਕਾਨੂੰਨ ਦੀ ਮਜ਼ਬੂਤੀ ਨੂੰ ਦਰਸਾਇਆ। ਇਸ ਦੌਰਾਨ ਪੰਜਾਬ ਕ੍ਰਿਸਚਨ ਯੂਥ ਫੈਲੋਸ਼ਿਪ ਦੇ ਫਾਊਂਡਰ ਡਾਇਰੈਕਟਰ ਸਰਬਜੀਤ ਰਾਜ ਨੇ ਜਤਿੰਦਰ ਮਸੀਹ ਗੌਰਵ ਦੀ ਇਸ ਕਾਰਵਾਈ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਘੱਟ ਗਿਣਤੀ ਕਮਿਸ਼ਨ ਬਹੁਤ ਹੀ ਸੁਚੱਜੇ, ਨਿਰਪੱਖ ਅਤੇ ਜ਼ਿੰਮੇਵਾਰ ਢੰਗ ਨਾਲ ਆਪਣਾ ਫ਼ਰਜ਼ ਨਿਭਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੀ ਦ੍ਰਿੜ੍ਹ ਅਗਵਾਈ ਨਾਲ ਸਮਾਜ ਵਿਚ ਫੁੱਟ ਪਾਉਣ ਵਾਲੇ ਅਨਸਰਾਂ ਦੇ ਮਨਾਂ ਵਿਚ ਡਰ ਪੈਦਾ ਹੁੰਦਾ ਹੈ ਅਤੇ ਆਮ ਲੋਕਾਂ ਦਾ ਕਾਨੂੰਨ ’ਤੇ ਭਰੋਸਾ ਹੋਰ ਮਜ਼ਬੂਤ ਹੁੰਦਾ ਹੈ। ਇਹ ਕਾਰਵਾਈ ਨਾ ਸਿਰਫ਼ ਕ੍ਰਿਸਚਨ ਭਾਈਚਾਰੇ ਲਈ, ਸਗੋਂ ਪੰਜਾਬ ਦੀਆਂ ਸਾਰੀਆਂ ਘੱਟ ਗਿਣਤੀਆਂ ਲਈ ਇਕ ਹੌਸਲੇ ਭਰਿਆ ਸੰਦੇਸ਼ ਹੈ ਕਿ ਉਹ ਆਪਣੇ ਧਾਰਮਿਕ ਤਿਉਹਾਰ ਨਿਡਰ ਹੋ ਕੇ ਮਨਾ ਸਕਦੇ ਹਨ। ਜਤਿੰਦਰ ਮਸੀਹ ਗੌਰਵ ਦੀ ਅਗਵਾਈ ਹੇਠ ਘੱਟ ਗਿਣਤੀ ਕਮਿਸ਼ਨ ਨੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਵਿਚ ਭਾਈਚਾਰਕ ਸਾਂਝ, ਧਾਰਮਿਕ ਆਜ਼ਾਦੀ ਅਤੇ ਸੰਵਿਧਾਨਕ ਹੱਕ ਪੂਰੀ ਤਰ੍ਹਾਂ ਸੁਰੱਖਿਅਤ ਹਨ। ਉਨ੍ਹਾਂ ਕਿਹਾ ਕਿ ਚੇਅਰਮੈਨ ਜਤਿੰਦਰ ਮਸੀਹ ਗੌਰਵ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਜਾ ਰਿਹਾ ਹੈ, ਜਿਨ੍ਹਾਂ ਨੇ ਆਪਣੇ ਕਰਤੱਬਾਂ ਰਾਹੀਂ ਸਾਬਤ ਕਰ ਦਿੱਤਾ ਕਿ ਅਹੁਦਾ ਨਹੀਂ, ਸਗੋਂ ਨੀਅਤ ਅਤੇ ਹੌਸਲਾ ਹੀ ਅਸਲ ਅਗਵਾਈ ਹੁੰਦੀ ਹੈ।