ਪੇਂਡੂ ਮਜ਼ਦੂਰ ਯੂਨੀਅਨ ਨੇ ਚੁਣੇ ਨਵੇਂ ਡੈਲੀਗੇਟ
ਪੇਂਡੂ ਮਜ਼ਦੂਰ ਯੂਨੀਅਨ ਦਾ ਤਹਿਸੀਲ ਪੱਧਰੀ ਡੈਲੀਗੇਟ ਅਜਲਾਸ ਹੋਇਆ
Publish Date: Mon, 24 Nov 2025 09:54 PM (IST)
Updated Date: Mon, 24 Nov 2025 09:55 PM (IST)

ਗੁਰਪ੍ਰੀਤ ਸਿੰਘ ਚੀਦਾ ਪ੍ਰਧਾਨ, ਅਮਰੀਕ ਸਿੰਘ ਬੂਲੇਵਾਲ ਸਕੱਤਰ, ਨਾਵਲ ਗਿੱਲ ਟਾਹਲੀ ਮੀਤ ਪ੍ਰਧਾਨ ਚੁਣੇ ਗਏ ਕੁਲਵਿੰਦਰ ਸਿੰਘ ਲਾਡੀ ਪੰਜਾਬੀ ਜਾਗਰਣ ਫੱਤੂਢੀਂਗਾ : ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਨੇੜਲੇ ਪਿੰਡ ਬੂਲੇਵਾਲ ਵਿਖੇ ਆਪਣਾ ਤਹਿਸੀਲ ਪੱਧਰੀ ਡੈਲੀਗੇਟ ਅਜਲਾਸ ਕੀਤਾ ਗਿਆ। ਇਸ ਮੌਕੇ 10 ਪਿੰਡਾਂ ਤੋਂ ਚੁਣੇ ਗਏ ਡੈਲੀਗੇਟਾਂ ਨੇ ਸ਼ਿਰਕਤ ਕੀਤੀ। ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਵੱਲੋਂ ਯੂਨੀਅਨ ਦਾ ਝੰਡਾ ਚੜਾਉਣ ਨਾਲ ਅਜਲਾਸ ਦੀ ਸ਼ੁਰੂਆਤ ਹੋਈ। ਯੂਨੀਅਨ ਦੇ ਆਗੂ ਗੁਰਪ੍ਰੀਤ ਸਿੰਘ ਚੀਦਾ ਅਤੇ ਅਮਰੀਕ ਸਿੰਘ ਬੂਲੇਵਾਲ ਨੇ ਤਹਿਸੀਲ ਕਮੇਟੀ ਦੀ ਸਰਗਰਮੀਆਂ ਦੀ ਰੀਵਿਊ ਰਿਪੋਰਟ ਅਤੇ ਵਿਧਾਨ ਤੇ ਐਲਾਨ ਨਾਮਾ ਪੇਸ਼ ਕੀਤਾ, ਜਿਸ ਨੂੰ ਵਿਚਾਰ-ਵਿਟਾਂਦਰੇ ਉਪਰੰਤ ਪਾਸ ਕੀਤਾ ਗਿਆ। ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਕਿਹਾ ਕਿ ਹੁਣ ਤੱਕ ਜੋ ਵੀ ਸਰਕਾਰਾਂ ਰਾਜ ਸੱਤਾ ਉੱਤੇ ਕਾਬਜ਼ ਹੋਈਆਂ। ਸਭ ਨੇ ਦੇਸੀ-ਵਿਦੇਸ਼ੀ ਕਾਰਪੋਰੇਟ ਘਰਾਣਿਆਂ, ਜਗੀਰਦਾਰਾਂ ਤੇ ਸਰਮਾਏਦਾਰਾਂ ਪੱਖੀ ਨੀਤੀਆਂ ਲਿਆਂਦੀਆਂ ਅਤੇ ਲਾਗੂ ਕੀਤੀਆਂ। ਕਿਸੇ ਵੀ ਸਰਕਾਰ ਨੇ ਮਜ਼ਦੂਰਾਂ ਦੀ ਜ਼ਿੰਦਗੀ ਸੁਧਾਰਨ ਲਈ ਕੋਈ ਵੀ ਉਪਰਾਲਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਦੀ ਜ਼ਿੰਦਗੀ ਵਿਚ ਸਿਫ਼ਤੀ ਤਬਦੀਲੀ ਲਈ ਜ਼ਮੀਨ ਦੀ ਕਾਣੀ ਵੰਡ ਖ਼ਤਮ ਕਰਕੇ ਵਾਧੂ ਜ਼ਮੀਨ ਬੇਜ਼ਮੀਨੇ ਮਜ਼ਦੂਰਾਂ ਤੇ ਛੋਟੇ ਕਿਸਾਨਾਂ ਨੂੰ ਵੰਡੀਆਂ ਜਾਣ, ਪੰਚਾਇਤੀ ਜ਼ਮੀਨਾਂ ’ਚੋਂ ਰਾਖਵੇਂ ਤੀਸਰੇ ਹਿੱਸੇ ਦਾ ਹੱਕ ਦਲਿਤਾਂ ਨੂੰ ਅਮਲ ਵਿਚ ਦਿੱਤਾ ਜਾਵੇ, ਲਾਲ ਲਕੀਰ ਵਿਚ ਰਹਿੰਦੇ ਪਰਿਵਾਰਾਂ ਨੂੰ ਮਾਲਕੀ ਹੱਕ ਦਿੱਤੇ ਜਾਣ, ਲੋੜਵੰਦ ਪਰਿਵਾਰਾਂ ਨੂੰ ਰਿਹਾਇਸ਼ੀ ਪਲਾਟ ਤੇ ਮਕਾਨ ਉਸਾਰੀ ਲਈ ਗ੍ਰਾਂਟਾਂ ਦਿੱਤੀਆਂ ਜਾਣ, ਮਜ਼ਦੂਰਾਂ ਦੀ ਦਿਹਾੜੀ 1 ਹਜ਼ਾਰ ਰੂਪਏ ਕੀਤੀ ਜਾਵੇ, ਮਜ਼ਦੂਰਾਂ ਦੇ ਸਰਕਾਰੀ, ਸਹਿਕਾਰੀ ਅਤੇ ਗੈਰ-ਸਰਕਾਰੀ ਕਰਜ਼ੇ ਮੁਆਫ਼ ਕੀਤੇ ਜਾਣ ਤੇ ਬਦਲਵੇਂ ਕਰਜ਼ੇ ਦਾ ਪ੍ਰਬੰਧ ਕੀਤਾ ਜਾਵੇ ਅਤੇ ਸਮਾਜਿਕ ਜ਼ਬਰ ਖ਼ਤਮ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਬੁਨਿਆਦੀ ਮੁੱਦਿਆਂ ਦੇ ਹੱਲ ਲਈ ਪੇਂਡੂ ਮਜ਼ਦੂਰਾਂ ਨੂੰ ਜਥੇਬੰਦੀ ਦੇ ਝੰਡੇ ਹੇਠ ਲਾਮਬੰਦ ਹੋ ਕੇ ਸੰਘਰਸ਼ਾਂ ਦੇ ਰਾਹ ਪੈਣਾ ਹੋਵੇਗਾ। ਇਸ ਮੌਕੇ ਡੈਲੀਗੇਟ ਅਜਲਾਸ ਨੇ 9 ਮੈਂਬਰੀ ਤਹਿਸੀਲ ਕਮੇਟੀ ਦੀ ਚੋਣ ਕੀਤੀ, ਜਿਸ ਵਿਚ ਗੁਰਪ੍ਰੀਤ ਸਿੰਘ ਚੀਦਾ ਪ੍ਰਧਾਨ, ਅਮਰੀਕ ਸਿੰਘ ਬੂਲੇਵਾਲ ਸਕੱਤਰ, ਨਾਵਲ ਗਿੱਲ ਟਾਹਲੀ ਮੀਤ ਪ੍ਰਧਾਨ, ਬਚਨ ਸਿੰਘ ਯੈਦ ਵਿੱਤ ਸਕੱਤਰ ਅਤੇ ਗੁਰਮੇਲ ਸਿੰਘ ਸੰਗੋਵਾਲ ਪ੍ਰੈੱਸ ਸਕੱਤਰ, ਗੁਰਪ੍ਰੀਤ ਸਿੰਘ, ਪ੍ਰਵੀਨ, ਕਮੇਟੀ ਮੈਂਬਰ ਚੁਣੇ ਗਏ। ਤਹਿਸੀਲ ਪ੍ਰਧਾਨ ਗੁਰਪ੍ਰੀਤ ਸਿੰਘ ਚੀਦਾ ਨੇ ਹਾਜ਼ਰ ਡੈਲੀਗੇਟਾਂ ਦਾ ਧੰਨਵਾਦ ਕੀਤਾ ਅਤੇ 2 ਦਸੰਬਰ ਨੂੰ ਜ਼ਿਲ੍ਹਾ ਅਜਲਾਸ ਵਿਚ ਚੁਣੇ ਗਏ ਡੈਲੀਗੇਟਾਂ ਨੂੰ ਸ਼ਾਮਲ ਹੋਣ ਦੀ ਅਪੀਲ ਕੀਤੀ। ਕੈਪਸ਼ਨ : 24ਕੇਪੀਟੀ33,34