ਅਧਿਆਪਕ ਜਥੇਬੰਦੀਆਂ ਅੱਜ ਕਰਨਗੀਆਂ ਰੋਸ ਪ੍ਰਦਰਸ਼ਨ
ਅਧਿਆਪਕ ਜਥੇਬੰਦੀਆਂ ਵੱਲੋਂ ਚੋਣਾਂ ਦੌਰਾਨ ਹੋਈਆਂ ਧੱਕੇਸ਼ਾਹੀਆਂ ਖਿਲਾਫ ਇੱਕਮੁੱਠ ਹੋ ਕੇ ਸੰਘਰਸ਼ ਦਾ ਐਲਾਨ।
Publish Date: Mon, 15 Dec 2025 09:22 PM (IST)
Updated Date: Mon, 15 Dec 2025 09:24 PM (IST)

ਪ੍ਰਤੀਨਿਧ, ਪੰਜਾਬੀ ਜਾਗਰਣ, ਫਗਵਾੜਾ : ਬੀਤੇ ਦਿਨੀਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀ ਚੋਣ ਲਈ ਡਿਊਟੀ ਤੇ ਜਾ ਰਹੇ ਮੋਗਾ ਜ਼ਿਲ੍ਹੇ ਦੇ ਪਿੰਡ ਸੰਗਤਪੁਰਾ ਕੋਲ ਅਧਿਆਪਕ ਜੋੜੇ ਜਸਕਰਨ ਸਿੰਘ ਭੁੱਲਰ (ਵਾਸੀ ਧੂੜਕੋਟ ਰਣਸੀਂਹ, ਪੱਕੇ ਨਿਵਾਸੀ ਮਾਨਸਾ) ਅਤੇ ਉਨ੍ਹਾਂ ਦੀ ਪਤਨੀ ਕਮਲਜੀਤ ਕੌਰ ਦੀ ਸੰਘਣੀ ਧੁੰਦ ਕਾਰਨ ਕਾਰ ਦੇ ਸੂਏ ਦੇ ਪਾਣੀ ਵਿੱਚ ਡਿਗਣ ਕਾਰਣ ਮੌਕੇ ਤੇ ਮੌਤ ਹੋ ਗਈ। ਇਸੇ ਤਰ੍ਹਾਂ ਰਾਜਵੀਰ ਕੌਰ ਐਸੋਸੀਐਟ ਅਧਿਆਪਕ ਜੋ ਚੋਣ ਡਿਊਟੀ ਲਈ ਆਪਣੇ ਪਤੀ ਮਲਕੀਤ ਸਿੰਘ ਨਾਲ ਜਾ ਰਹੇ ਸਨ, ਉਨ੍ਹਾਂ ਦੀ ਗੱਡੀ ਵੀ ਸੁੱਕੇ ਸੂਏ ਵਿਚ ਜਾ ਡਿੱਗੀ ਜਿਸ ਕਾਰਣ ਉਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਹ ਪਟਿਆਲਾ ਵਿਖੇ ਜੇਰੇ ਇਲਾਜ ਹਨ। ਇਸੇ ਤਰ੍ਹਾਂ ਹੋਰ ਵੀ ਘਟਨਾਵਾਂ ਸਾਹਮਣੇ ਆਇਆਂ ਹਨ। ਕਈ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਵੱਲੋਂ ਚੋਣ ਕਮਿਸ਼ਨ ਪੰਜਾਬ ਦੀਆਂ ਦਿੱਤੀਆਂ ਹਦਾਇਤਾਂ ਨੂੰ ਛਿੱਕੇ ਟੰਗ ਕੇ ਡਿਊਟੀਆਂ ਲਗਾਈਆਂ ਗਈਆਂ ਅਤੇ ਬੀਐੱਲਓ ਅਤੇ ਮਜਬੂਰੀਵੱਸ ਡਿਊਟੀ ਉਪਰ ਨਾ ਹਾਜ਼ਰ ਹੋਣ ਵਾਲੇ ਅਧਿਆਪਕ/ਕਰਮਚਾਰੀਆਂ ਉਪਰ ਪੁਲਿਸ ਪਰਚੇ ਦਰਜ ਕਰਨ ਦੇ ਹੁਕਮ ਚਾੜੇ ਗਏ ਹਨ। ਮੋਗਾ ਵਿਖੇ ਅਧਿਆਪਕ ਜੋੜੇ ਦੀ ਹੋਈ ਦਰਦਨਾਕ ਮੌਤ ਅਤੇ ਚੋਣ ਡਿਊਟੀਆਂ ਦੌਰਾਨ ਵਾਪਰੇ ਬਾਕੀ ਗੰਭੀਰ ਮਾਮਲਿਆਂ ਦੇ ਰੋਸ ਵਜੋਂ ਪੰਜਾਬ ਦੀਆਂ ਸੰਘਰਸ਼ੀ ਅਧਿਆਪਕ ਜਥੇਬੰਦੀਆਂ ਨੇ ਹੰਗਾਮੀ ਆਨਲਾਈਨ ਮੀਟਿੰਗ ਕਰਕੇ ਪੰਜਾਬ ਸਰਕਾਰ ਅਤੇ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਕੀਤੀਆਂ ਧੱਕੇਸ਼ਾਹੀ ਖਿਲਾਫ ਇਕਜੁੱਟ ਹੋ ਕੇ ਸੰਘਰਸ਼ ਛੇੜਣ ਦਾ ਐਲਾਨ ਕੀਤਾ ਹੈ। ਸਮੂਹ ਜਥੇਬੰਦੀਆਂ ਵੱਲੋਂ 16 ਦਸੰਬਰ ਨੂੰ ਡਿਪਟੀ ਕਮਿਸ਼ਨਰਾਂ ਦੇ ਦਫਤਰਾਂ ਅੱਗੇ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਕਰਕੇ ਪੰਜਾਬ ਸਰਕਾਰ ਤੇ ਚੋਣ ਕਮਿਸ਼ਨ ਦੇ ਪੁਤਲੇ ਫੂਕਣ ਦਾ ਐਲਾਨ ਕੀਤਾ ਹੈ। ਜਾਣਕਾਰੀ ਦਿੰਦਿਆਂ ਅਧਿਆਪਕ ਆਗੂ ਸਤਨਾਮ ਸਿੰਘ ਰੰਧਾਵਾ ਨੇ ਦਸਿਆ ਕਿ ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ ਮੋਗੇ ਵਿਖੇ ਹਾਦਸੇ ਵਿਚ ਮਾਰੇ ਗਏ ਦੋਵੇਂ ਅਧਿਆਪਕਾਂ ਦੇ ਪਰਿਵਾਰ ਨੂੰ 2-2 ਕਰੋੜ ਰੁਪਏ ਮੁਆਵਜ਼ਾ ਤੁਰੰਤ ਜਾਰੀ ਕਰਨ, ਉਨ੍ਹਾਂ ਦੇ ਬੱਚਿਆਂ ਲਈ ਪੜ੍ਹਾਈ ਪੂਰੀ ਕਰਨ ਤੱਕ ਦਾ ਸਾਰਾ ਖਰਚ ਉਠਾਉਣ ਅਤੇ ਬੱਚਿਆਂ ਦੇ ਬਾਲਗ ਹੋਣ ਤੇ ਨੌਕਰੀ ਦਾ ਪ੍ਰਬੰਧ ਕਰਨ, ਮੂਣਕ ਹਾਦਸੇ ਵਿਚ ਜ਼ਖ਼ਮੀ ਹੋਈ ਅਧਿਆਪਕਾ ਰਾਜਵੀਰ ਕੌਰ ਦੇ ਇਲਾਜ ਦਾ ਸਾਰਾ ਖਰਚ ਉਠਾਉਣ ਦੇ ਨਾਲ 20 ਲੱਖ ਰੁਪਏ ਮੁਆਵਜ਼ਾ ਰਾਸ਼ੀ ਦੇਣ ਅਤੇ ਠੀਕ ਹੋਣ ਤੱਕ ਡਿਊਟੀ ਤੇ ਹਾਜ਼ਰ ਮੰਨਣ ਦੀ ਮੰਗ ਰੱਖੀ ਗਈ। ਅਧਿਆਪਕ ਆਗੂਆਂ ਨੇ ਦੱਸਿਆ ਕਿ ਬੀਐੱਲਓ ਅਤੇ ਹੋਰ ਅਧਿਆਪਕ ਜਿਹੜੇ ਮਜਬੂਰੀਵੱਸ ਚੋਣ ਡਿਊਟੀ ਤੇ ਹਾਜ਼ਰ ਨਹੀਂ ਹੋ ਸਕੇ, ਉਨ੍ਹਾਂ ਖਿਲਾਫ ਕੱਢੇ ਕਾਰਨ ਦੱਸੋ ਨੋਟਿਸ ਅਤੇ ਪੁਲਿਸ ਪਰਚੇ ਦਰਜ ਕਰਨ ਦੇ ਦਿੱਤੇ ਹੁਕਮ ਵਾਪਸ ਲੈਣ, ਸਮੂਹ ਅਧਿਆਪਕਾਂ ਨੂੰ ਬੀਐੱਲਓਜ਼ ਡਿਊਟੀ ਤੋਂ ਫਾਰਗ ਕਰਨ ਦੀਆਂ ਮੰਗਾਂ ਇਨ੍ਹਾਂ ਜ਼ਿਲ੍ਹਾ ਪੱਧਰੀ ਐਕਸ਼ਨਾਂ ਵਿਚ ਉਠਾਉਣ ਦੇ ਨਾਲ-ਨਾਲ ਸੰਘਰਸ਼ ਨੂੰ ਵੱਡੇ ਪੱਧਰ ਤੇ ਮਘਾਉਣ ਦਾ ਫ਼ੈਸਲਾ ਕੀਤਾ ਗਿਆ। ਇਸ ਮੌਕੇ ਸਾਂਝਾ ਅਧਿਆਪਕ ਮੋਰਚਾ ਅਤੇ ਵੱਖ-ਵੱਖ ਜਥੇਬੰਦੀਆਂ ਦੇ ਸੂਬਾਈ ਆਗੂਆਂ ਵਿਕਰਮ ਦੇਵ ਸਿੰਘ, ਦਿਗਵਿਜੈਪਾਲ ਸ਼ਰਮਾ, ਸਤਨਾਮ ਸਿੰਘ ਰੰਧਾਵਾ, ਸੁਖਵਿੰਦਰ ਚਾਹਲ, ਨਵਪ੍ਰੀਤ ਬੱਲੀ, ਬਲਜਿੰਦਰ ਸਿੰਘ ਧਾਲੀਵਾਲ, ਹਰਜਿੰਦਰਪਾਲ ਪੰਨੂ, ਸੁਰਿੰਦਰ ਕੰਬੋਜ, ਲੱਛਮਣ ਸਿੰਘ ਨਬੀਪੁਰ, ਸੁਰਿੰਦਰ ਪੁਆਰੀ, ਪ੍ਰਗਟਜੀਤ ਸਿੰਘ ਕਿਸ਼ਨਪੂਰਾ, ਦੀਪਕ ਕੰਬੋਜ, ਹਰਜੰਟ ਸਿੰਘ, ਹਰਜਿੰਦਰ ਸਿੰਘ, ਪਤਵੰਤ ਸਿੰਘ, ਸੰਦੀਪ ਗਿੱਲ ਅਤੇ ਗੁਰਮੇਲ ਕੁਲਰੀਆਂ ਸ਼ਾਮਲ ਸਨ। ਇਨ੍ਹਾਂ ਤੋਂ ਇਲਾਵਾ ਰੇਸ਼ਮ ਬਠਿੰਡਾ, ਗੁਰਵਿੰਦਰ ਸਿੰਘ ਸਸਕੋਰ, ਮਹਿੰਦਰ ਕੌੜਿਆਂ ਵਾਲੀ, ਗੁਰਮੀਤ ਸਿੰਘ ਭੁੱਲਰ, ਕਿਸ਼ਨ ਸਿੰਘ ਦੁਗਾ, ਸੁਰਿੰਦਰ ਕੰਬੋਜ,ਸੁਖਵਿੰਦਰ ਸਿੰਘ ਸੁੱਖੀ, ਸ਼ਲਿੰਦਰ ਕੰਬੋਜ, ਹਰਮਨ ਪ੍ਰੀਤ ਸਿੰਘ ਅਤੇ ਹੋਰ ਆਗੂ ਸ਼ਾਮਲ ਰਹੇ।