ਸੰਡੇ ਮਾਰਕਿਟ ਬਣੀ ਸੁਵਿਧਾ ਦੀ ਬਜਾਏ ਪ੍ਰੇਸ਼ਾਨੀ, ਜਾਮ ਵਿੱਚ ਫਸੇ ਲੋਕ

--ਦੁਕਾਨਦਾਰਾਂ ਤੇ ਗ੍ਰਾਹਕਾਂ ’ਚ ਨਾਰਾਜ਼ਗੀ, ਪ੍ਰਸ਼ਾਸਨ ਉੱਤੇ ਲਾਪਰਵਾਹੀ ਦੇ ਇਲਜ਼ਾਮ
ਸੁਖਪਾਲ ਸਿੰਘ ਹੁੰਦਲ, ਪੰਜਾਬੀ ਜਾਗਰਣ
ਕਪੂਰਥਲਾ : ਕਪੂਰਥਲਾ ਵਿਚ ਹਰ ਐਤਵਾਰ ਲੱਗਣ ਵਾਲੀ ਸੰਡੇ ਮਾਰਕੀਟ ਹੁਣ ਸਹੂਲਤ ਦੀ ਬਜਾਏ ਪਰੇਸ਼ਾਨੀ ਦਾ ਕਾਰਨ ਬਣਦੀ ਜਾ ਰਹੀ ਹੈ। ਸ਼ਹਿਰ ਦੀਆਂ ਮੁੱਖ ਸੜਕਾਂ ਉੱਤੇ ਵਧ ਰਹੇ ਨਜਾਇਜ਼ ਕਬਜ਼ੇ ਲਗਾਤਾਰ ਟਰੈਫਿਕ ਜਾਮ ਦਾ ਰੂਪ ਲੈ ਰਹੇ ਹਨ, ਜਿਸਦੇ ਨਾਲ ਆਮ ਲੋਕਾਂ ਖਾਸਕਰ ਦੋਪਹੀਆ ਚਾਲਕ ਅਤੇ ਪੈਦਲ ਚੱਲਣ ਵਾਲੇ ਪਰੇਸ਼ਾਨ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਦੁਕਾਨਦਾਰ ਪੀਲੀ ਰੇਖਾ (ਯੈਲੋ ਲਕੀਰ) ਦੇ ਬਾਹਰ ਤੱਕ ਦੁਕਾਨਾਂ ਲਗਾ ਲੈਂਦੇ ਹਨ, ਜਿਸਦੇ ਨਾਲ ਸੜਕ ਛੋਟੀ ਹੋ ਜਾਂਦੀ ਹੈ ਤੇ ਜਾਮ ਦੀ ਸਥਿਤੀ ਬਣ ਜਾਂਦੀ ਹੈ। ਬਾਜ਼ਾਰ ਵਿਚ ਜਾਮ ਦਾ ਸਭ ਤੋਂ ਵੱਧ ਅਸਰ ਆਮ ਜਨਤਾ ਉੱਤੇ ਪੈ ਰਿਹਾ ਹੈ। ਦੋਪਹੀਆ ਵਾਹਨ ਚਾਲਕ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਥਿਤੀ ਇਹ ਹੋ ਜਾਂਦੀ ਹੈ ਕਿ ਮੋਟਰਸਾਈਕਲ ਚਲਾਉਂਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਕਈ ਵਾਰ ਪੈਦਲ ਚੱਲਦੇ ਲੋਕ ਵੀ ਵਾਹਨਾਂ ਨਾਲ ਟਕਰਾ ਜਾਂਦੇ ਹਨ। ਧੱਕਾਮੁੱਕੀ ਅਤੇ ਵਾਹਨ ਡਿੱਗਣ ਦਾ ਡਰ ਹਮੇਸ਼ਾਂ ਬਣਿਆ ਰਹਿੰਦਾ ਹੈ।
--ਸਥਾਨਕ ਦੁਕਾਨਦਾਰਾਂ ਦੀ ਵੀ ਪਰੇਸ਼ਾਨੀ ਘੱਟ ਨਹੀਂ
ਰਾਜੇਸ਼ ਕੁਮਾਰ ਨੇ ਦੱਸਿਆ ਕਿ ਸੜਕ ਉੱਤੇ ਦੁਕਾਨਦਾਰਾਂ ਵੱਲੋਂ ਕੀਤੇ ਗਏ ਨਜਾਇਜ਼ ਕਬਜ਼ੇ ਘੱਟ ਨਹੀਂ ਹਨ। ਭੀੜ ਵਿਚ ਧੱਕਾਮੁੱਕੀ ਤੇ ਵਾਹਨ ਡਿੱਗਣ ਦਾ ਡਰ ਬਣਿਆ ਰਹਿੰਦਾ ਹੈ। ਰਾਜੇਸ਼ ਕੁਮਾਰ ਨੇ ਦੱਸਿਆ ਕਿ ਸੜਕਾਂ ’ਤੇ ਕੀਤੇ ਗਏ ਨਜਾਇਜ਼ ਕਬਜ਼ੇ ਅਤੇ ਪਾਰਕਿੰਗ ਨੂੰ ਲੈ ਕੇ ਗ੍ਰਾਹਕ ਬਾਜ਼ਾਰ ਆਉਂਣ ਤੋਂ ਡਰਦੇ ਹਨ। ਉਨ੍ਹਾਂ ਪ੍ਰਸਾਸ਼ਨ ਪਾਸੋਂ ਮੰਗ ਕੀਤੀ ਕਿ ਜੇਕਰ ਦੁਕਾਨਦਾਰ ਪ੍ਰਸਾਸ਼ਨ ਅਤੇ ਟ੍ਰੈਫਿਕ ਪੁਲਿਸ ਦੀਆਂ ਹਦਾਇਤਾਂ ਦੀ ਉਲੰਘਣਾ ਨਾ ਕਰਨ ਤਾਂ ਇਸਦਾ ਹੱਲ ਨਿਕਲ ਸਕਦਾ ਹੈ।
--ਜੇਕਰ ਟ੍ਰੈਫਿਕ ਪੁਲਿਸ ਕਰੇ ਕਾਰਵਾਈ ਤਾਂ ਹੋ ਸਕਦਾ ਹੈ ਹੱਲ :
ਇਥੇ ਇਹ ਵੀ ਜ਼ਿਕਰਯੋਗ ਹੈ ਕਿ ਜੇਕਰ ਟ੍ਰੈਫਿਕ ਪੁਲਿਸ ਅਤੇ ਨਗਰ ਨਿਗਮ ਰਲ ਕੇ ਇਸ ਸਮੱਸਿਆ ਦਾ ਹੱਲ ਕਰਨ ਤਾਂ ਹੱਲ ਨਿਕਲ ਸਕਦਾ ਹੈ, ਪਰ ਨਗਰ ਨਿਗਮ ਤਾਂ ਸਿਰਫ਼ ਆਪਣਾ ਫੰਡ ਇਕੱਠਾ ਕਰਨ ਤੱਕ ਹੀ ਸੀਮਿਤ ਹੈ, ਜੋ ਵੀ ਸ਼ਹਿਰ ਵਿਚ ਰੇਹੜੀਆਂ ਲੱਗਦੀਆਂ ਹਨ ਨਗਰ ਨਿਗਮ ਉਨ੍ਹਾਂ ਪਾਸੋਂ ਹਜ਼ਾਰਾਂ ਰੁਪਏ ਦਾ ਫੰਡ ਇਕੱਠਾ ਕਰਦੀ ਹੈ, ਜਿਸਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਹੈ ਤੇ ਲੋਕ ਟ੍ਰੈਫਿਕ ਸਮੱਸਿਆ ਨੂੰ ਲੈ ਕੇ ਪੈਦਲ ਚੱਲਣ ਤੱਕ ਵੀ ਮੁਸ਼ਕਿਲ ਮਹਿਸੂਸ ਕਰਦੇ ਹਨ। ਕਈ ਵਾਰ ਭਾਵੇ ਕਿ ਨਗਰ ਨਿਗਮ ਅਤੇ ਟ੍ਰੈਫਿਕ ਪੁਲਿਸ ਵੱਲੋਂ ਇਸ ਤਰ੍ਹਾਂ ਦੇ ਲੋਕਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾਂਦੀ ਹੈ ਪਰ ਇਹ ਕਾਰਵਾਈ ਸਿਰਫ਼ ਕੁਝ ਘੰਟਿਆਂ ਤੱਕ ਹੀ ਸੀਮਿਤ ਰਹਿ ਜਾਂਦੀ ਹੈ।
--ਸ਼ਹਿਰ ਵਿਚ ਦੁਕਾਨਦਾਰਾਂ ਵੱਲੋਂ ਕੀਤੇ ਗਏ ਨਜਾਇਜ਼ ਕਬਜ਼ੇ ਹਨ ਭਾਰੀ ਸਮੱਸਿਆ :
ਇਥੇ ਇਹ ਵੀ ਦੱਸਣਯੋਗ ਹੈ ਕਿ ਸ਼ਹਿਰ ਵਿਚ ਬਹੁਤ ਸਾਰੇ ਦੁਕਾਨਦਾਰਾਂ ਵੱਲੋਂ ਜਿਥੇ ਆਪਣੀਆਂ ਦੁਕਾਨਾਂ ਦੇ ਬਾਹਰ ਰੈਂਪ ਬਣਾਏ ਹਨ, ਉੱਥੇ ਹੀ ਦੁਕਾਨਦਾਰਾਂ ਵੱਲੋਂ 10 ਤੋਂ 15 ਫੁੱਟ ਤੱਕ ਨਜਾਇਜ਼ ਕਬਜ਼ੇ ਕੀਤੇ ਹੋਏ ਹਨ। ਇਨ੍ਹਾਂ ਕਬਜ਼ਿਆਂ ਕਾਰਨ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸੇ ਕਰਕੇ ਪ੍ਰਸਾਸ਼ਨ ਵੱਲੋਂ ਹਮੇਸ਼ਾਂ ਹੀ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੀਆਂ ਦੁਕਾਨਾਂ ਦਾ ਸਮਾਨ ਦੁਕਾਨ ਦੀ ਹੱਦ ਦੇ ਅੰਦਰ ਹੀ ਰੱਖਣ ।
--ਸੁਲਤਾਨਪੁਰ ਲੋਧੀ ਰੋਡ ’ਤੇ ਵਾਪਰ ਚੁੱਕੇ ਹਨ ਕਈ ਸੜਕ ਹਾਦਸੇ :
ਜੇਕਰ ਕਪੂਰਥਲਾ ਤੋਂ ਸੁਲਤਾਨਪੁਰ ਲੋਧੀ ਰੋਡ ਦੀ ਗੱਲ ਕੀਤੀ ਜਾਵੇ ਤਾਂ ਇਸ ਰੋਡ ’ਤੇ ਕਈ ਵਾਰ ਸੜਕ ਹਾਦਸੇ ਵਾਪਰ ਚੁੱਕੇ ਹਨ। ਰਮਣੀਕ ਚੌਂਕ ਤੋਂ ਲੈ ਕੇ ਦਾਣਾ ਮੰਡੀ ਤੱਕ ਤਾਂ ਇਹ ਹਾਲ ਹੈ ਕਿ ਕਈ ਵਾਰ ਇਨ੍ਹਾਂ ਲੋਕਾਂ ਵੱਲੋਂ ਜਦੋਂ ਕਿਸੇ ਖਰੀਦਦਾਰ ਨੂੰ ਹੱਥ ਦੇ ਕੇ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਸ ਸਮੇਂ ਬਹੁਤ ਵੱਡੇ ਭਿਆਨਕ ਹਾਦਸੇ ਵਾਪਰ ਚੁੱਕੇ ਹਨ ਪਰ ਇਸਦੇ ਬਾਵਜੂਦ ਵੀ ਨਗਰ ਨਿਗਮ ਅਤੇ ਟ੍ਰੈਫਿਕ ਪੁਲਿਸ ਕੁੰਭਕਰਨੀ ਨੀਂਦ ਸੁੱਤੀ ਪਈ ਹੈ। ਕੁਝ ਦਿਨ ਪਹਿਲਾਂ ਹੀ ਇਸ ਰੋਡ ’ਤੇ ਇਕ ਹਾਦਸਾ ਵਾਪਰਿਆ ਸੀ ਜਦੋਂ ਕਿਸੇ ਗੱਡੀ ਚਾਲਕ ਵੱਲੋਂ ਆਪਣੀ ਗੱਡੀ ਰੋਡ ’ਤੇ ਰੋਕ ਦਿੱਤੀ ਗਈ ਤਾਂ ਇਕ ਨੌਜਵਾਨ ਨੂੰ ਆਪਣੀ ਜਾਨ ਵੀ ਗਵਾਉਂਣੀ ਪਈ ਸੀ, ਪਰ ਇਸਦੇ ਬਾਵਜੂਦ ਵੀ ਟ੍ਰੈਫਿਕ ਪੁਲਿਸ ਅਤੇ ਨਗਰ ਨਿਗਮ ਕੁੰਭਕਰਨੀ ਨੀਂਦ ਸੁੱਤਾ ਰਿਹਾ।
--ਸਬਜ਼ੀ ਮੰਡੀ ਦੇ ਬਾਹਰ ਕਈ ਦੁਕਾਨਦਾਰਾਂ ਵੱਲੋਂ ਖੋਲ੍ਹੀਆਂ ਗਈਆਂ ਹਨ ਨਜਾਇਜ਼ ਦੁਕਾਨਾਂ
ਇਥੇ ਇਹ ਵੀ ਦੱਸਣਯੋਗ ਹੈ ਕਿ ਨਵੀਂ ਸਬਜ਼ੀ ਮੰਡੀ ਦੇ ਬਾਹਰ ਕਈ ਫ਼ਲ ਵਿਕਰੇਤਾਵਾਂ ਅਤੇ ਸਬਜ਼ੀ ਵੇਚਣ ਵਾਲਿਆਂ ਵੱਲੋਂ ਬਹੁਤ ਸਾਰੀਆਂ ਨਜਾਇਜ਼ ਦੁਕਾਨਾਂ ਖੋਲੀਆਂ ਗਈਆਂ ਹਨ ਜੋ ਕਿ ਹਾਦਸਿਆਂ ਦਾ ਕਾਰਨ ਬਣ ਰਹੀਆਂ ਹਨ ਪਰ ਇਸਦੇ ਬਾਵਜੂਦ ਕੋਈ ਵੀ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ ਜਾ ਰਹੀ, ਜਿਸਦੇ ਚੱਲਦੇ ਇਹ ਹਾਦਸੇ ਦਿਨੋਂ-ਦਿਨ ਵੱਧ ਰਹੇ ਹਨ। ਕਈ ਰੇਹੜੀਆਂ ਵਾਲੇ ਜੋ ਰੋਡ ’ਤੇ ਖੜ੍ਹੇ ਹੋ ਕੇ ਫਰੂਟ ਵੇਚਦੇ ਹਨ ਜਦੋਂ ਉਹ ਕਿਸੇ ਗੱਡੀ ਚਾਲਕ ਨੂੰ ਹੱਥ ਦੇ ਕੇ ਰੋਕਦੇ ਹਨ ਤਾਂ ਗੱਡੀ ਚਾਲਕ ਵੱਲੋਂ ਆਪਣੀ ਗੱਡੀ ਰੋਡ ’ਤੇ ਹੀ ਰੋਕ ਦਿੱਤੀ ਜਾਂਦੀ ਹੈ ਜਿਸ ਨਾਲ ਵੱਡਾ ਹਾਦਸਾ ਵਾਪਰ ਸਕਦਾ ਹੈ ਤੇ ਕਿਸੇ ਦਾ ਜਾਨੀ-ਮਾਲੀ ਨੁਕਸਾਨ ਵੀ ਹੋ ਸਕਦਾ ਹੈ।
--ਕੀ ਕਹਿੰਦੇ ਹਨ ਡੀਐੱਸਪੀ ਟ੍ਰੈਫਿਕ :
ਇਸ ਸਬੰਧੀ ਜਦੋਂ ਡੀਐੱਸਪੀ ਟ੍ਰੈਫਿਕ ਉਪਕਾਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬਾਜ਼ਾਰ ਵਿਚ ਜਾਣ ਵਾਲੇ ਈ-ਰਿਕਸ਼ਿਆਂ ਨੂੰ ਟ੍ਰੈਫਿਕ ਸਮੱਸਿਆ ਦੇ ਮੱਦੇਨਜ਼ਰ ਅੰਦਰ ਜਾਣ ਤੋਂ ਬੰਦ ਕੀਤਾ ਜਾਵੇ, ਪਰ ਮੁਸ਼ਕਿਲ ਇਹ ਹੈ ਕਿ ਲੋਕ ਇਸਦਾ ਵਿਰੋਧ ਕਰਦੇ ਹਨ, ਪਰ ਫਿਰ ਵੀ ਉਨ੍ਹਾਂ ਵੱਲੋਂ ਕੋਸ਼ਿਸ਼ ਕੀਤੀ ਜਾਵੇਗੀ ਕਿ ਲੋਕਾਂ ਨੂੰ ਟ੍ਰੈਫਿਕ ਸਮੱਸਿਆ ਤੋਂ ਨਿਜਾਤ ਦਿਵਾਉਂਣ ਲਈ ਬਾਜ਼ਾਰ ਅੰਦਰ ਈ-ਰਿਕਸ਼ਿਆਂ ਦੀ ਐਂਟਰੀ ’ਤੇ ਰੋਕ ਲਗਾਈ ਜਾਵੇਗੀ, ਪਰ ਫਿਰ ਵੀ ਟ੍ਰੈਫਿਕ ਸਮੱਸਿਆ ਨੂੰ ਸੁਚਾਰੂ ਢੰਗ ਨਾਲ ਚਲਾਉਂਣ ਲਈ ਉਨ੍ਹਾਂ ਦੀ ਕੋਸ਼ਿਸ਼ ਜਾਰੀ ਰਹੇਗੀ।
--ਨਗਰ ਨਿਗਮ ਵੱਲੋਂ ਕੀਤੀ ਜਾਵੇਗੀ ਇਸ ਤਰ੍ਹਾਂ ਦੇ ਦੁਕਾਨਦਾਰਾਂ ਦੇ ਖਿਲਾਫ਼ ਕਾਰਵਾਈ
ਇਸ ਸਬੰਧੀ ਜਦੋਂ ਨਗਰ ਨਿਗਮ ਕਮਿਸ਼ਨਰ ਅਨੁਪਮ ਕਲੇਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਦੁਕਾਨਦਾਰ ਆਪਣੀਆਂ ਦੁਕਾਨਾਂ ਦਾ ਸਮਾਨ ਨਿਗਮ ਵੱਲੋਂ ਮਿੱਥੀ ਹੋਈ ਹੱਦ ਦੇ ਅੰਦਰ ਰੱਖਣ। ਜੇਕਰ ਉਨ੍ਹਾਂ ਵੱਲੋਂ ਦੁਕਾਨ ਦਾ ਸਮਾਨ ਮਿੱਥੀ ਹੱਦ ਤੋਂ ਬਾਹਰ ਰੱਖਿਆ ਜਾਂਦਾ ਹੈ ਤਾਂ ਨਿਗਮ ਵੱਲੋਂ ਇਸ ਤਰ੍ਹਾਂ ਦੇ ਦੁਕਾਨਦਾਰਾਂ ਦੇ ਖਿਲਾਫ਼ ਕਾਰਵਾਈ ਦੇ ਨਾਲ-ਨਾਲ ਚਲਾਨ ਵੀ ਕੀਤਾ ਜਾਵੇਗਾ।
ਕੈਪਸ਼ਨ: 23ਕੇਪੀਟੀ27, 28