ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਸਫ਼ਰ-ਏ-ਸ਼ਹਾਦਤ ’ਤੇ ਕੀਤੇ ਜਾਪ
ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਸਫ਼ਰ-ਏ-ਸ਼ਹਾਦਤ ਨੂੰ ਜਾਪ ਕੀਤੇ
Publish Date: Sat, 27 Dec 2025 08:12 PM (IST)
Updated Date: Sat, 27 Dec 2025 08:13 PM (IST)

--ਗੁਰੂ ਹਰਿ ਰਾਇ ਸਾਹਿਬ ਅਕੈਡਮੀ ਕਾਹਲਵਾਂ ਵਿਖੇ ਕਰਵਾਇਆ ਗਿਆ ਸਮਾਗਮ ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ ਕਪੂਰਥਲਾ : ਅਕੈਡਮੀ ਦੇ ਚੇਅਰਮੈਨ ਨਿਰਮਲ ਸਿੰਘ ਨੰਬਰਦਾਰ ਕਾਹਲਵਾਂ ਅਤੇ ਮੀਤ ਪ੍ਰਧਾਨ ਮਨਜੀਤ ਸਿੰਘ ਮਨੀਲਾ ਦੀ ਦੇਖ-ਰੇਖ ਹੇਠ ਚੱਲ ਰਹੀ ਸੰਸਥਾ ਗੁਰੂ ਹਰਿ ਰਾਇ ਸਾਹਿਬ ਅਕੈਡਮੀ ਕਾਹਲਵਾਂ ਜ਼ਿਲ੍ਹਾ ਕਪੂਰਥਲਾ ਵਿਖੇ ਸਫ਼ਰ-ਏ-ਸ਼ਹਾਦਤ ਨੂੰ ਸਮਰਪਿਤ ਚਾਰ ਸਾਹਿਬਜ਼ਾਦਿਆਂ, ਮਾਤਾ ਗੁਜਰ ਕੌਰ ਜੀ ਅਤੇ ਸਮੂਹ ਸ਼ਹੀਦ ਸਿੰਘਾਂ ਦੀਆਂ ਸ਼ਹਾਦਤਾਂ ਨੂੰ ਯਾਦ ਕਰਦਿਆਂ 2 ਜਪੁਜੀ ਸਾਹਿਬ 5 ਚੌਪਈ ਸਾਹਿਬ ਜੀ ਅਤੇ ਅਨੰਦ ਸਾਹਿਬ ਜੀ ਦੇ ਜਾਪ ਵਿਦਿਆਰਥੀਆਂ ਅਤੇ ਅਧਿਆਪਕਾਂ ਦੁਆਰਾ ਮਿਲ ਕੇ ਕੀਤੇ ਗਏ। ਇਸ ਮੌਕੇ ਵਿਦਿਆਰਥੀਆਂ ਨੇ ਸ਼ਹੀਦੀ ਦਿਹਾੜਿਆਂ ਦੇ ਸਬੰਧ ਵਿਚ ਪੇਂਟਿੰਗ, ਭਾਸ਼ਣ, ਕਵਿਤਾਵਾਂ, ਵਾਰਾਂ ਅਤੇ ਸ਼ਬਦ ਗਾਇਨ ਕੀਤੇ। ਇਸ ਗਤੀਵਿਧੀ ਤੋਂ ਪਹਿਲਾਂ ਅਕੈਡਮੀ ਦੇ ਸਟਾਫ ਵੱਲੋਂ ਵਿਦਿਆਰਥੀਆਂ ਨੂੰ 7 ਪੋਹ ਤੋਂ 10 ਪੋਹ ਦਾ ਇਤਿਹਾਸ ਸਵੇਰ ਦੀ ਸਭਾ ਦੌਰਾਨ ਦੱਸਿਆ ਗਿਆ। ਸੰਗੀਤ ਅਧਿਆਪਕ ਮਾਸਟਰ ਹਰਮੀਤ ਸਿੰਘ ਸੰਘਾ ਵੱਲੋਂ ਵਿਦਿਆਰਥੀਆਂ ਨੂੰ 11 ਪੋਹ ਤੋਂ 14 ਪੋਹ ਦਾ ਇਤਿਹਾਸ ਦੱਸਿਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਅਕੈਡਮੀ ਦੇ ਪ੍ਰਿੰਸੀਪਲ ਮੈਡਮ ਪਰਮਿੰਦਰ ਕੌਰ ਨੇ ਕਿਹਾ ਕਿ ਅੱਜ ਅਸੀਂ ਸਿੱਖ ਇਤਿਹਾਸ ਦੇ ਸਭ ਤੋਂ ਮਹਾਨ, ਦੁਖਦਾਈ ਪਰ ਪ੍ਰੇਰਣਾਦਾਇਕ ਪੜਾਅ ਸਫ਼ਰ-ਏ-ਸ਼ਹਾਦਤ ਨੂੰ ਯਾਦ ਕਰਦਿਆਂ ਇਕੱਤਰ ਹੋਏ ਹਾਂ। ਇਸ ਸ਼ਹੀਦੀ ਸਫ਼ਰ ਦੀਆਂ ਲਾਸਾਨੀ ਸ਼ਹਾਦਤਾਂ ਨੂੰ ਕੋਟਿ-ਕੋਟਿ ਪ੍ਰਣਾਮ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸਿੱਖ ਇਤਿਹਾਸ ਵਿਚ ਬਹੁਤ ਸਾਕੇ ਹੋਏ ਹਨ, ਪਰ ਸਭ ਤੋਂ ਵੱਡਾ ਸਾਕਾ ਸਰਹਿੰਦ ਦੀਆਂ ਨੀਹਾਂ ਵਿਚ ਵਾਪਰਿਆ ਜਿਥੇ ਸੂਬਾ ਸਰਹਿੰਦ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਮਾਸੂਮ, ਬੇਕਸੂਰ ਲਾਲਾਂ ਨੂੰ ਅਥਾਹ ਤਸ਼ੱਦਦ, ਧਮਕੀਆਂ, ਲਾਲਚ, ਸਜ਼ਾ ਦੇ ਕੇ ਜਿਉਂਦੇ ਨੀਂਹਾਂ ਵਿਚ ਚਿਣਵਾ ਦਿੱਤਾ, ਪਰ ਸਾਹਿਬਜ਼ਾਦੇ ਆਪਣੇ ਧਰਮ ’ਤੇ ਪਰਪੱਕ ਰਹੇ। ਸਾਨੂੰ ਹਮੇਸ਼ਾ ਸਰਬੰਸਦਾਨੀ ਗੁਰੂ ਪਿਤਾ, ਉਨ੍ਹਾਂ ਦੇ ਪਰਿਵਾਰ ਅਤੇ ਚਾਰ ਸਾਹਿਬਜ਼ਾਦਿਆਂ ਦੇ ਜੀਵਨ ਤੋਂ ਹਮੇਸ਼ਾ ਪ੍ਰੇਰਣਾ ਲੈਣੀ ਚਾਹੀਦੀ ਹੈ। ਸਾਡੇ ਸਿੱਖ ਇਤਿਹਾਸ ਦੇ ਅਨਮੋਲ ਹੀਰੇ ਚਾਰ ਸਾਹਿਬਜ਼ਾਦੇ ਹਨ। ਸਾਨੂੰ ਕਦੇ ਵੀ ਆਪਣੇ ਕੀਮਤੀ ਇਤਿਹਾਸ ਨੂੰ ਵਿਸਾਰਨਾ ਨਹੀਂ ਚਾਹੀਦਾ। ਅੱਜ ਸਾਰੀ ਸਿੱਖ ਕੌਮ ਸਰਹਿੰਦ ਦੀ ਧਰਤੀ ਨੂੰ ਸਜਦਾ ਕਰਨ ਲਈ ਦੇਸ਼-ਵਿਦੇਸ਼ਾਂ ਵਿਚੋਂ ਆ ਰਹੀ ਹੈ। ਇਸ ਮੌਕੇ ਮੈਡਮ ਰਜਨੀ, ਰਮਨਪ੍ਰੀਤ ਕੌਰ, ਸੰਦੀਪ, ਕਰਨ, ਹਰਪ੍ਰੀਤ, ਦਲਜੀਤ ਕੌਰ, ਗੁਰਪ੍ਰੀਤ ਕੌਰ, ਮਾਸਟਰ ਹਰਮੀਤ ਸਿੰਘ ਸੰਘਾ, ਸਮੂਹ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।