ਬਿਜਲੀ ਸੋਧ ਬਿੱਲ ਦੇ ਵਿਰੋਧ ’ਚ ਰੋਸ ਪ੍ਰਦਰਸ਼ਨ
ਬਿਜਲੀ ਸੋਧ ਬਿੱਲ 2025 ਅਤੇ ਸਰਕਾਰੀ ਅਦਾਰਿਆਂ ਦੀਆਂ ਜਮੀਨਾਂ ਵੇਚਣ ਦੇ ਵਿਰੋਧ ਵਿੱਚ ਤਿੱਖਾ ਰੋਸ ਪ੍ਰਦਰਸ਼ਨ
Publish Date: Mon, 08 Dec 2025 06:59 PM (IST)
Updated Date: Mon, 08 Dec 2025 07:00 PM (IST)

ਸਰਕਾਰੀ ਅਦਾਰਿਆਂ ਦੀਆਂ ਜ਼ਮੀਨਾਂ ਵੇਚਣ ਦਾ ਵੀ ਕੀਤਾ ਵਿਰੋਧ ਆਸ਼ੀਸ਼ ਸਰਮਾ ਪੰਜਾਬੀ ਜਾਗਰਣ ਫਗਵਾੜਾ : ਸਮੂਹ ਟਰੇਡ ਯੂਨੀਅਨ, ਕਿਸਾਨ ਜਥੇਬੰਦੀ, ਟੈਕਨੀਕਲ ਸਰਵਿਸਿਜ਼ ਯੂਨੀਅਨ ਭੰਗਲ, ਪੈਨਸ਼ਨ ਐਸੋਸੀਏਸ਼ਨ, ਪਾਵਰਕਾਮ ਐਂਡ ਟਰਾਂਸਕੋ ਯੂਨੀਅਨ, ਤਰਕਸ਼ੀਲ ਸੁਸਾਇਟੀ ਤੇ ਭਰਾਤਰੀ ਜਥੇਬੰਦੀਆਂ ਵੱਲੋਂ ਬਿਜਲੀ ਸੋਧ ਬਿੱਲ 2025 ਦੇ ਵਿਰੋਧ ਵਿਚ ਡਿਵੀਜ਼ਨ ਪੱਧਰੀ ਭਰਵੀਂ ਰੋਸ ਰੈਲੀ ਕੀਤੀ ਅਤੇ ਅਰਥੀ ਫੂਕ ਮੁਜ਼ਾਹਰਾ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਤੇ ਬਿਜਲੀ ਮੰਤਰੀ ਸੰਜੀਵ ਅਰੋੜਾ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਵਿਰੋਧ ਕੀਤਾ। ਪਾਵਰਕਾਮ ਦੀਆਂ ਜ਼ਮੀਨਾਂ ਵੇਚਣ ਦਾ ਤਿੱਖਾ ਵਿਰੋਧ ਕੀਤਾ ਗਿਆ। ਇਕੱਠ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਜਿਸ ਵਿਚ ਡਿਵੀਜ਼ਨ ਸਕੱਤਰ ਸੁਰਿੰਦਰ ਪਾਲ ਐੱਸਐੱਸਏ ਟੈਕਨੀਕਲ ਸਰਵਿਸ ਯੂਨੀਅਨ, ਪ੍ਰਧਾਨ ਜਸਵੀਰ ਸਿੰਘ, ਡਿਵੀਜ਼ਨ ਪ੍ਰਧਾਨ ਹੰਸਰਾਜ, ਸਰਕਲ ਸਕੱਤਰ ਅਮਰਜੀਤ, ਹਰਦਿਆਲ, ਅਵਿਨਾਸ਼ ਕੁਮਾਰ, ਪੈਨਸ਼ਨਰ ਆਗੂ ਹੰਸਰਾਜ, ਸੁਮਨ ਲਤਾ ਰਾਜਕੁਮਾਰ, ਧਨੀ ਰਾਮ ਰਿਟਾਇਰਡ ਐੱਸਡੀਓ, ਠੇਕਾ ਕਾਮੇ ਪ੍ਰਧਾਨ ਅਰਸ਼ਦੀਪ ਸੁਮਨ, ਰਯਵਾਨ, ਸੋਹਨ ਲਾਲ, ਤਰਕਸ਼ੀਲ ਆਗੂ ਜਸਵਿੰਦਰ ਸਿੰਘ ਰਿਟਾਇਰਡ ਤਹਿਸੀਲਦਾਰ, ਸੁਖਦੇਵ ਸਿੰਘ ਨੇ ਦੱਸਿਆ ਕਿ ਕੇਂਦਰ ਤੇ ਰਾਜ ਸਰਕਾਰਾਂ ਵੱਲੋਂ ਸਾਮਰਾਜੀ ਦਿਸ਼ਾ-ਨਿਰਦੇਸ਼ਿਤ ਨੀਤੀਆਂ ਤਹਿਤ ਨਿੱਜੀਕਰਨ ਦੀ ਨੀਤੀ ਨੂੰ ਲਾਗੂ ਕਰਨ ਲਈ ਕਾਰਪੋਰੇਟ ਦੀ ਲੁੱਟ ਤੇ ਮੁਨਾਫੇ ਦੀ ਲੋੜ ਨੂੰ ਮੁੱਖ ਰੱਖ ਕੇ ਵਾਰ-ਵਾਰ ਕਾਨੂੰਨਾਂ ਵਿਚ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ, ਜਿਸਦੇ ਤਹਿਤ ਹੀ ਬਿਜਲੀ ਸੋਧ ਬਿਲ 2025 ਦਾ ਖਰੜਾ ਲਿਆਂਦਾ ਗਿਆ ਹੈ। ਇਸ ਖਰੜੇ ਮੁਤਾਬਕ ਜਿਥੇ ਬਿਜਲੀ ਕਾਮਿਆਂ ਦੇ ਰੁਜ਼ਗਾਰ ਦਾ ਭੋਗ ਪੈਣਾ ਹੈ, ਉੱਥੇ ਆਊਟਸੋਰਸ ਅਤੇ ਠੇਕਾ ਕਾਮਿਆਂ ਨੂੰ ਵੱਡੀ ਪੱਧਰ ’ਤੇ ਰੁਜ਼ਗਾਰ ਤੋਂ ਵਾਂਝਿਆਂ ਕਰਨਾ ਹੈ ਅਤੇ ਰਿਟਾਇਰਡ ਕਾਮਿਆਂ ਨੂੰ ਮਿਲਦੀਆਂ ਪੈਨਸ਼ਨਾਂ ਵੀ ਬੰਦ ਹੋਣੀਆਂ ਹਨ। ਜੇਕਰ ਸੂਬਾ ਸਰਕਾਰ ਨੇ ਜਾਇਜ਼ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ।