ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ ਦੀ ਹੋਈ ਵਿਸ਼ੇਸ਼ ਇਕੱਤਰਤਾ

ਕਿਰਤੀਆਂ ਦੀਆਂ ਪੈਨਸ਼ਨਾਂ ਤੁਰੰਤ ਲਾਗੂ ਕੀਤੀਆਂ ਜਾਣ : ਕਾਮਰੇਡ ਬਲਦੇਵ ਸਿੰਘ
ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ ਦੀ ਹੋਈ ਵਿਸ਼ੇਸ਼ ਇਕੱਤਰਤਾ
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ ਤਹਿਸੀਲ ਸੁਲਤਾਨਪੁਰ ਲੋਧੀ ਦੀ ਅੱਜ ਮਹੀਨਾਵਾਰ ਮੀਟਿੰਗ ਯੂਨੀਅਨ ਦਫਤਰ ਨੇੜੇ ਗੁਰਦੁਆਰਾ ਹੱਟ ਸਾਹਿਬ ਵਿਖੇ ਰਾਜਪ੍ਰੀਤ ਸਿੰਘ ਤਲਵੰਡੀ ਚੌਧਰੀਆਂ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿਚ ਸਟੇਟ ਆਗੂ ਕਾਮਰੇਡ ਬਲਦੇਵ ਸਿੰਘ ਉਚੇਚੇ ਤੌਰ ’ਤੇ ਸ਼ਾਮਿਲ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਕਾਮਰੇਡ ਬਲਦੇਵ ਸਿੰਘ ਨੇ ਦੱਸਿਆ ਕਿ ਜਦੋਂ ਤੋਂ ਪੰਜਾਬ ਸਰਕਾਰ ਨੇ ਉਸਾਰੀ ਕਿਰਤੀਆਂ ਨੂੰ ਮਿਲਣ ਵਾਲੀਆਂ ਸਕੀਮਾਂ ਆਨਲਾਈਨ ਕੀਤੀਆਂ ਹਨ, ਉਸ ਦਿਨ ਤੋਂ ਹੀ ਉਸਾਰੀ ਕਿਰਤੀ ਸੇਵਾ ਕੇਂਦਰਾਂ ਵਿਚ ਧੱਕੇ ਖਾ ਰਹੇ ਹਨ ਤੇ 50% ਤੋਂ ਜ਼ਿਆਦਾ ਕਿਰਤੀਆਂ ਨੇ ਇਸੇ ਕਾਰਨ ਆਪਣੀਆਂ ਰਜਿਸਟਰੇਸ਼ਨ ਕੈਂਸਲ ਕਰਵਾ ਲਈਆਂ ਹਨ ਤੇ ਕਿਰਤੀਆਂ ਨੂੰ ਹਫਤੇ ਦੇ ਕਈ-ਕਈ ਦਿਨ ਜਵਾਬ ਨਹੀਂ ਮਿਲਦਾ। ਉਨ੍ਹਾਂ ਕਿਹਾ ਕਿ ਹਮੇਸ਼ਾਂ ਸਾਈਟ ਬੰਦ ਹੈ ਕਹਿ ਕੇ ਤੋਰ ਦਿੰਦੇ ਹਨ, ਜੇਕਰ ਕੋਈ ਕਿਰਤੀ ਸਕੀਮਾਂ ਦੇ ਫਾਰਮ ਜਮਾਂ ਕਰਵਾਉਣ ਚਲਾ ਜਾਵੇ ਤਾਂ ਉੱਥੇ ਬੈਠੇ ਮੁਲਾਜ਼ਮ ਫਾਰਮ ਜਮਾਂ ਕਰਨ ਸਮੇਂ ਗਲਤੀਆਂ ਕਰਦੇ ਹਨ ਜਿਨ੍ਹਾਂ ਨੂੰ ਠੀਕ ਕਰਵਾਉਣ ਲਈ ਫਿਰ ਚੱਕਰ ਮਾਰਨੇ ਪੈਂਦੇ ਹਨ।
ਉਨ੍ਹਾਂ ਕਿਹਾ ਕਿ 3-4 ਸਾਲਾਂ ਤੋਂ ਕਿਰਤੀਆਂ ਨੇ ਪੈਨਸ਼ਨ ਵਾਲੇ ਫਾਰਮ ਭਰੇ ਹੋਏ ਹਨ ਪਰ ਉਨ੍ਹਾਂ ਦੀਆਂ ਪੈਨਸ਼ਨਾਂ ਵੀ ਚਾਲੂ ਨਹੀਂ ਕੀਤੀਆਂ ਗਈਆਂ। ਪਾਰਲੀਮੈਂਟ ਵੱਲੋਂ ਸਾਲ 2009 ਵਿਚ ਸਿੱਖਿਆ ਅਧਿਕਾਰ ਕਾਨੂੰਨ ਪਾਸ ਕੀਤਾ ਗਿਆ ਸੀ ਕਿ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿਚ 25% ਬੱਚੇ ਗਰੀਬਾਂ ਦੇ ਦਾਖਲ ਕੀਤੇ ਜਾਣ। ਇਹ ਕਾਨੂੰਨ 1 ਅਪ੍ਰੈਲ 2010 ਨੂੰ ਸਾਰੇ ਭਾਰਤ ਵਿਚ ਲਾਗੂ ਕਰਨਾ ਸੀ, ਜੋ ਨਹੀਂ ਕੀਤਾ ਗਿਆ। ਇਸ ਬਾਰੇ 2024 ਵਿਚ ਰਿੱਟ ਪਟੀਸ਼ਨ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿਚ ਪਾਈ ਗਈ ਸੀ, ਜਿਸ ਦਾ ਫੈਸਲਾ 19 ਫਰਵਰੀ 2025 ਨੂੰ ਕੀਤਾ ਗਿਆ ਸੀ ਪਰ ਉਹ ਫੈਸਲਾ ਅੱਜ ਤੱਕ ਲਾਗੂ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਕੋਈ ਵੀ ਸਰਕਾਰ ਜਾਂ ਸਰਮਾਏਦਾਰ ਨਹੀਂ ਚਾਹੁੰਦਾ ਕਿ ਗਰੀਬਾਂ ਦੇ ਬੱਚੇ ਪੜ-ਲਿਖ ਕੇ ਆਈਏਐੱਸ ਅਫਸਰ ਜਾਂ ਡਾਕਟਰ ਬਣ ਸਕੇ। ਇਸ ਤੋਂ ਇਲਾਵਾ ਮੀਟਿੰਗ ਵਿਚ ਇਹ ਵੀ ਮੰਗ ਕੀਤੀ ਗਈ ਹੈ ਕਿ ਲਾਭਪਾਤਰੀਆਂ ਦੀਆਂ ਜਮਾਂ ਕੀਤੀਆਂ ਹੋਈਆਂ ਵੱਖ-ਵੱਖ ਸਕੀਮਾਂ ਲਈ ਪੈਂਡਿੰਗ ਪਈਆਂ ਫਾਈਲਾਂ ਦਾ ਨਿਪਟਾਰਾ ਛੇਤੀ ਤੋਂ ਛੇਤੀ ਕੀਤਾ ਜਾਵੇ ਤੇ ਬੰਦ ਪਏ ਆਨਲਾਈਨ ਸਿਸਟਮ ਨੂੰ ਮੁੜ ਬਹਾਲ ਕੀਤਾ ਜਾਵੇ। ਕਾਮਰੇਡ ਬਲਦੇਵ ਸਿੰਘ ਨੇ ਕਿਹਾ ਕਿ ਕਿਰਤੀਆਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇ। ਇਸ ਮੌਕੇ ਰਾਜਪ੍ਰੀਤ ਸਿੰਘ ਤਲਵੰਡੀ ਚੌਧਰੀਆਂ, ਅਮਰੀਕ ਸਿੰਘ, ਚਰਨਜੀਤ ਸਿੰਘ, ਕਰਨੈਲ ਸਿੰਘ, ਨਿਰਮਲ ਸਿੰਘ, ਕੁਲਵੰਤ ਸਿੰਘ, ਕਰਤਾਰ ਸਿੰਘ, ਤਬਾਰਕ ਸਿੰਘ, ਵਿਸਾਖਾ ਸਿੰਘ, ਉਦੇ ਰਾਮ, ਰਣਜੀਤ ਸਿੰਘ ਨਿੱਕਾ ਆਦਿ ਸਾਥੀ ਹਾਜ਼ਰ ਸਨ।
ਕੈਪਸ਼ਨ : 20ਕੇਪੀਟੀ41