ਐੱਸਪੀ ਮਾਧਵੀ ਸ਼ਰਮਾ ਨੇ ਨਜਾਇਜ਼ ਕਬਜ਼ਾਧਾਰੀਆਂ ਵਿਰੁੱਧ ਵਿੱਢੀ ਸਖਤ ਕਾਰਵਾਈ
ਐਸਪੀ ਮਾਧਵੀ ਸ਼ਰਮਾ ਨੇ ਨਜਾਇਜ਼ ਕਬਜ਼ਾਧਾਰੀਆਂ ਵਿਰੁੱਧ ਵਿੱਢੀ ਸਖਤ ਕਾਰਵਾਈ
Publish Date: Sat, 24 Jan 2026 07:25 PM (IST)
Updated Date: Sat, 24 Jan 2026 07:28 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਬੀਤੇ ਕਈ ਦਹਾਕਿਆਂ ਤੋਂ ਫਗਵਾੜਾ ਸ਼ਹਿਰ ਦੇ ਤੰਗ ਬਾਜ਼ਾਰਾਂ ਵਿਚ ਦੁਕਾਨਦਾਰਾਂ, ਰੇਹੜੀ-ਫੜੀ ਵਾਲਿਆਂ ਵੱਲੋਂ ਕੀਤੇ ਗਏ ਨਜਾਇਜ਼ ਕਬਜ਼ਿਆਂ ਕਾਰਨ ਸ਼ਹਿਰ ਵਾਸੀ ਪਰੇਸ਼ਾਨੀ ਝੱਲਦੇ ਆ ਰਹੇ ਹਨ। ਨਗਰ ਨਿਗਮ ਫਗਵਾੜਾ ਤੋਂ ਤਾਂ ਸ਼ਹਿਰ ਵਾਸੀਆਂ ਨੇ ਉਮੀਦ ਹੀ ਛੱਡ ਦਿਤੀ ਹੈ ਪਰ ਹੁਣ ਸ਼ਹਿਰ ਵਾਸੀਆਂ ਦੀ ਉਮੀਦ ਦੀ ਕਿਰਨ ਐੱਸਪੀ ਮਾਧਵੀ ਸ਼ਰਮਾ ਹਨ, ਜਿਨ੍ਹਾਂ ਵੱਲੋਂ ਸ਼ਹਿਰ ਦੇ ਤੰਗ ਬਾਜ਼ਾਰਾਂ ਵਿਚ ਰੇਹੜੀ-ਫੜੀ ਵਾਲਿਆਂ ਵੱਲੋਂ ਕੀਤੇ ਗਏ ਨਜਾਇਜ਼ ਕਬਜ਼ਿਆਂ ਦੇ ਵਿਰੁੱਧ ਸਖਤ ਰੁੱਖ ਅਖਤਿਆਰ ਕਰ ਲਿਆ ਗਿਆ ਹੈ। ਇਸ ਦੇ ਤਹਿਤ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚ ਜਾ ਕੇ ਉਹ ਆਪ ਜਾਇਜ਼ਾ ਲੈ ਰਹੇ ਹਨ ਤੇ ਦੁਕਾਨਦਾਰ, ਰੇਹੜੀ-ਫੜੀ ਵਾਲਿਆਂ ਨੂੰ ਚੇਤਾਵਨੀ ਦੇਣ ਉਪਰੰਤ ਐੱਫਆਈਆਰ ਦਰਜ ਕਰਕੇ ਸਖਤ ਕਾਰਵਾਈ ਵੀ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ ਲਗਾਤਾਰ ਤੀਜੇ ਦਿਨ ਐੱਸਪੀ ਫਗਵਾੜਾ ਮਾਧਵੀ ਸ਼ਰਮਾ ਆਪ ਸਰਾਏ ਰੋਡ, ਬੰਗਾ ਰੋਡ, ਬੱਸ ਸਟੈਂਡ, ਗਊਸ਼ਾਲਾ ਬਾਜ਼ਾਰ ਵਿਚ ਮੁਆਇਨਾ ਕਰਨ ਪੁੱਜੇ ਤੇ ਦੁਕਾਨਦਾਰਾਂ ਨੂੰ ਚੇਤਾਵਨੀ ਦਿੱਤੀ ਕਿ ਆਪਣੀਆਂ ਦੁਕਾਨਾਂ ਦੇ ਸਾਹਮਣੇ ਰੇੜੀਆਂ-ਫੜੀਆਂ ਨੂੰ ਜਗ੍ਹਾ ਨਾ ਦੇਣ, ਜਿਸ ਕਾਰਨ ਸ਼ਹਿਰ ਦੇ ਬਾਜ਼ਾਰਾਂ ਵਿਚ ਟਰੈਫਿਕ ਜਾਮ ਹੋ ਜਾਂਦਾ ਹੈ ਤੇ ਸ਼ਹਿਰਵਾਸੀ ਪਰੇਸ਼ਾਨ ਹੁੰਦੇ ਹਨ। 31 ਜਨਵਰੀ ਨੂੰ ਹੋਣ ਜਾ ਰਹੀ ਸ਼ੋਭਾ ਯਾਤਰਾ ਸਬੰਧੀ ਵੀ ਦੁਕਾਨਦਾਰਾਂ ਨੂੰ ਕੀਤੀ ਅਪੀਲ ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਮੰਦਰ ਚੱਕ ਹਕੀਮ ਫਗਵਾੜਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਤਿਗੁਰੂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਆਗਮਨ ਪੁਰਬ ਮੌਕੇ ਮਿਤੀ 31 ਜਨਵਰੀ ਦਿਨ ਸ਼ਨੀਵਾਰ ਨੂੰ ਸ਼ੋਭਾ ਯਾਤਰਾ ਸਜਾਈ ਜਾ ਰਹੀ ਹੈ। ਇਸ ਸ਼ੋਭਾ ਯਾਤਰਾ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਫਗਵਾੜਾ ਬੱਸ ਸਟੈਂਡ ਨਜ਼ਦੀਕ ਪੁੱਜਦੀਆਂ ਹਨ। ਸ਼ੋਭਾ ਯਾਤਰਾ ਦੇ ਮੱਦੇਨਜ਼ਰ ਵੀ ਐੱਸਪੀ ਫਗਵਾੜਾ ਮਾਧਵੀ ਸ਼ਰਮਾ ਨੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚ ਮੌਜੂਦ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਜੇਕਰ ਸ਼ੋਭਾ ਯਾਤਰਾ ਵਾਲੇ ਦਿਨ ਕਿਸੇ ਵੀ ਦੁਕਾਨਦਾਰ ਵੱਲੋਂ ਆਪਣੀਆਂ ਦੁਕਾਨਾਂ ਦੇ ਬਾਹਰ ਸਮਾਨ ਰੱਖ ਕੇ ਸ਼ੋਭਾ ਯਾਤਰਾ ਦੇ ਰਾਹ ਵਿਚ ਕੋਈ ਅੜਚਣ ਪਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਤੁਰੰਤ ਪ੍ਰਭਾਵ ਨਾਲ ਐੱਫਆਈਆਰ ਦਰਜ ਕਰਕੇ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ੋਭਾ ਯਾਤਰਾ ਦੇ ਰੂਟ ਵਿਚ ਆਉਣ ਵਾਲੇ ਦੁਕਾਨਦਾਰ ਆਪਣੀਆਂ ਦੁਕਾਨਾਂ ਤੋਂ ਬਾਹਰ ਜੇਕਰ ਸਮਾਨ ਰੱਖਿਆ ਹੋਇਆ ਤਾਂ ਉਸ ਨੂੰ ਜ਼ਬਤ ਕਰ ਲਿਆ ਜਾਵੇਗਾ ਤੇ ਵਾਪਸ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਬੱਸ ਸਟੈਂਡ ਨਜ਼ਦੀਕ ਮੌਜੂਦ ਦੁਕਾਨਦਾਰ, ਰੇਹੜੀ-ਫੜੀ ਵਾਲਿਆਂ ਨੂੰ ਵੀ ਅਪੀਲ ਕੀਤੀ ਕਿ ਸ਼ੋਭਾ ਯਾਤਰਾ ਵਾਲੇ ਦਿਨ ਜੇਕਰ ਕਿਸੇ ਨੇ ਵੀ ਰਸਤੇ ਵਿਚ ਨਜਾਇਜ਼ ਰੇਹੜੀ-ਫੜੀ ਲਗਾ ਕੇ ਸ਼ੋਭਾ ਯਾਤਰਾ ਦੇ ਰਸਤੇ ਵਿਚ ਕੋਈ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਭਰੋਸਾ ਦਵਾਇਆ ਕਿ ਫਗਵਾੜਾ ਪੁਲਿਸ ਪ੍ਰਸ਼ਾਸਨ ਵੱਲੋਂ ਜੋ ਸਖਤੀ ਕੀਤੀ ਜਾ ਰਹੀ ਹੈ ਸਿਰਫ ਫਗਵਾੜਾ ਦੇ ਲੋਕਾਂ ਦੀ ਸਹੂਲਤ ਲਈ ਹੀ ਕੀਤੀ ਜਾ ਰਹੀ ਹੈ, ਜਿਸ ਵਿਚ ਸ਼ਹਿਰ ਵਾਸੀ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਕਰਨ ਤਾਂ ਜੋ ਨਜਾਇਜ਼ ਕਬਜ਼ਾਧਾਰੀ ਰੇਹੜੀ-ਫੜੀ ਵਾਲਿਆਂ ਤੋਂ ਸ਼ਹਿਰ ਨੂੰ ਕਬਜ਼ਾ ਮੁਕਤ ਕਰਵਾਇਆ ਜਾ ਸਕੇ। ਕੋਟਸ ‘‘ਜੇਕਰ ਨਜਾਇਜ਼ ਕਬਜ਼ਾਧਾਰੀਆਂ ਨੇ ਤੁਰੰਤ ਆਪਣੇ ਕਬਜ਼ੇ ਖੁਦ ਨਾ ਹਟਾਏ ਤਾਂ ਪੁਲਿਸ ਵੱਲੋਂ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਕਬਜ਼ੇ ਹਟਾਏ ਜਾਣਗੇ। ਇਸ ਦੌਰਾਨ ਕਾਨੂੰਨ ਅਨੁਸਾਰ ਐੱਫਆਈਆਰ ਦਰਜ ਕਰਕੇ ਸਖ਼ਤ ਕਾਰਵਾਈ ਵੀ ਕੀਤੀ ਜਾਵੇਗੀ। ਇਸ ਦੌਰਾਨ ਕਿਸੇ ਤਰ੍ਹਾਂ ਦਾ ਦਬਾਅ, ਸਿਫ਼ਾਰਸ਼ ਜਾਂ ਰਾਜਨੀਤਿਕ ਦਖ਼ਲ ਕਬੂਲ ਨਹੀਂ ਕੀਤਾ ਜਾਵੇਗਾ। ’’-ਮਾਧਵੀ ਸ਼ਰਮਾ, ਐੱਸਪੀ ਫਗਵਾੜਾ