ਲੜਕੀਆਂ ਦੀ ਲੋਹੜੀ ਵੀ ਚਾਵਾਂ ਨਾਲ ਮਨਾਉਣੀ ਚਾਹੀਦੀ : ਭਾਟੀਆ
ਲੜਕੀਆਂ ਦੀ ਲੋਹੜੀ ਵੀ ਸਮਾਜ ਨੂੰ ਖੁਸ਼ੀਆਂ ਚਾਵਾਂ ਨਾਲ ਮਨਾਉਣੀ ਚਾਹੀਦੀ ਹੈ : ਭਾਟੀਆ
Publish Date: Sat, 10 Jan 2026 06:54 PM (IST)
Updated Date: Sat, 10 Jan 2026 06:57 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਲੋਹੜੀ ਸਾਨੂੰ ਲੜਕਿਆਂ ਦੇ ਨਾਲ-ਨਾਲ ਲੜਕੀਆਂ ਦੀ ਲੋਹੜੀ ਵੀ ਬਹੁਤ ਖੁਸ਼ੀ ਨਾਲ ਮਨਾਉਣੀ ਚਾਹੀਦੀ ਹੈ। ਪੰਜਾਬ ਦਾ ਲੋਹੜੀ ਪ੍ਰਸਿੱਧ ਸਮਾਜਿਕ ਤਿਉਹਾਰ ਹੈ ਤੇ ਪੰਜਾਬ ਦੇ ਲੋਕ ਜਿਨ੍ਹਾਂ ਦੇ ਘਰ ਲੜਕੇ ਜਨਮ ਲੈਂਦੇ ਹਨ, ਉਹ ਲੋਕ ਇਸ ਤਿਉਹਾਰ ਨੂੰ ਪੁਰਾਣੀ ਪਰੰਪਰਾ ਮੁਤਾਬਕ ਮਨਾਉਂਦੇ ਹਨ, ਪ੍ਰੰਤੂ ਲੜਕੀਆਂ ਜੰਮਣ ’ਤੇ ਵੀ ਲੋਹੜੀ ਦਾ ਤਿਆਰ ਸਾਨੂੰ ਉਸੇ ਚਾਵਾਂ ਤੇ ਖੁਸ਼ੀਆਂ ਨਾਲ ਮਨਾਉਣਾ ਚਾਹੀਦਾ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸ੍ਰੀ ਗੁਰੂ ਸਿੰਘ ਸਭਾ ਦੇ ਜਨਰਲ ਸਕੱਤਰ ਹਰਜੀਤ ਸਿੰਘ ਭਾਟੀਆ ਨੇ ਕੀਤਾ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਲੜਕੀਆਂ ਵੀ ਕਿਸੇ ਗੱਲੋਂ ਘੱਟ ਨਹੀਂ ਹਨ, ਉਨ੍ਹਾਂ ਨੂੰ ਵੀ ਇਨਸਾਨੀ ਜਨਮ ਮਿਲਿਆ ਹੈ। ਲੜਕੀਆਂ ਨੇ ਵੀ ਅੱਜ ਹਰ ਖੇਤਰ ਵਿਚ ਬਹੁਤ ਤਰੱਕੀਆਂ ਕੀਤੀਆਂ ਤੇ ਮੱਲਾਂ ਮਾਰੀਆਂ ਹਨ। ਪੜ੍ਹਾਈ, ਕੰਪੀਟੀਸ਼ਨ, ਪ੍ਰੀਖਿਆਵਾਂ ਵਿਚ ਵੀ ਅੱਵਲ ਰਹਿ ਕੇ ਵੱਡੇ-ਵੱਡੇ ਅਹੁਦਿਆਂ ’ਤੇ ਬਿਰਾਜਮਾਨ ਹਨ ਤੇ ਰਾਜਨੀਤੀ ਵਿਚ ਵੀ ਬਰਾਬਰ ਹਿੱਸਾ ਲੈ ਕੇ ਚੰਗੀਆਂ ਪਦਵੀਆਂ ਪ੍ਰਾਪਤ ਕਰ ਰਹੀਆਂ ਹਨ, ਇਸ ਲਈ ਲੜਕੀਆਂ ਦੀ ਲੋਹੜੀ ਮਨਾਉਣ ਲਈ ਸਾਨੂੰ ਖੁਸ਼ੀ ਮਹਿਸੂਸ ਕਰਨੀ ਚਾਹੀਦੀ ਹੈ। ਹਰਜੀਤ ਸਿੰਘ ਭਾਟੀਆ ਨੇ ਸਮੁੱਚੇ ਸਮਾਜ ਨੂੰ ਅਪੀਲ ਕੀਤੀ ਕਿ ਲੋਹੜੀ ਲੜਕਿਆਂ ਦੇ ਨਾਲ-ਨਾਲ ਲੜਕੀਆਂ ਦੀ ਵੀ ਮਨਾਈ ਜਾਵੇ ਤਾਂ ਜੋ ਲੜਕੀ-ਲੜਕੇ ਦਾ ਸਮਾਜਿਕ ਪਾੜਾ ਖਤਮ ਹੋ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਪਹਿਲਾਂ ਹੀ ਲੜਕਿਆਂ ਦੇ ਜਨਮ ਦੇ ਮੁਕਾਬਲੇ ਲੜਕੀਆਂ ਦੇ ਜਨਮ ਦੀ ਅਨੁਪਾਤ ਬਹੁਤ ਘੱਟ ਹੈ। ਇਹ ਮਨੁੱਖੀ ਮਾਨਸਿਕਤਾ ਦੀ ਕਮਜ਼ੋਰੀ ਕਾਰਨ ਹੈ। ਇਸ ਲਈ ਸੋਚ ਨੂੰ ਉੱਚਾ ਰੱਖਣ ਦੀ ਲੋੜ ਹੈ। ਭਾਟੀਆ ਨੇ ਕਿਹਾ ਕਿ ਜਿਸ ਘਰ ਵਿਚ ਲੜਕੀ ਨਹੀਂ ਉਹ ਪਰਿਵਾਰ-ਘਰ ਅਧੂਰਾ ਹੈ। ਲੜਕੀਆਂ ਘਰ ਵਿਚ ਕੁਦਰਤੀ ਬਰਕਤਾਂ ਲਿਆਉਂਦੀਆਂ ਹਨ। ਇਸ ਲਈ ਲੜਕੀ ਦੇ ਜਨਮ ’ਤੇ ਸਾਨੂੰ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ।