ਖੱਰਾਟੇ ਖਤਰਨਾਕ, ਲੋਕ ਮਜ਼ਾਕ ਨਾ ਸਮਝਣ : ਡਾ. ਮੋਦੀ
ਨੀਂਦ ਦੌਰਾਨ ਸਾਹ ਰੁਕਣੀ ਬਿਮਾਰੀ ਖੱਰਾਟੇ ਖਤਰਨਾਕ, ਲੋਕ ਇਸਨੂੰ ਮਜ਼ਾਕ ਨਾ ਸਮਝਣ : ਡਾ. ਦੀਪਕ ਮੋਦੀ
Publish Date: Sun, 07 Dec 2025 09:08 PM (IST)
Updated Date: Sun, 07 Dec 2025 09:09 PM (IST)

ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : ਪ੍ਰਸਿੱਧ ਛਾਤੀ ਦੇ ਰੋਗਾਂ ਦੇ ਮਾਹਿਰ ਡਾ. ਦੀਪਕ ਮੋਦੀ ਨੇ ਖਰਾਟਿਆਂ ਅਤੇ ਓਬਸਟਰੁਕਟਿਵ ਸਲੀਪ ਐਪਨੀਆ (ਓਐੱਸਏ) ਬਾਰੇ ਮਹੱਤਵਪੂਰਣ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਬਹੁਤ ਸਾਰੇ ਲੋਕ ਖਰਾਟਿਆਂ ਨੂੰ ਆਮ ਜਿਹੀ ਗੱਲ ਸਮਝਦੇ ਹਨ, ਪਰ ਦਰਅਸਲ ਇਹ ਨੀਂਦ ਦੌਰਾਨ ਸਾਹ ਰੁਕਣ ਵਾਲੀ ਖਤਰਨਾਕ ਬਿਮਾਰੀ ਦਾ ਸੰਕੇਤ ਹੋ ਸਕਦਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਹੈ ਕਿ ਇਹ ਸਮੱਸਿਆ ਲੰਬੇ ਸਮੇਂ ਤੱਕ ਅਣਡਿੱਠੀ ਰਹਿ ਗਈ ਤਾਂ ਇਹ ਦਿਲ, ਦਿਮਾਗ ਅਤੇ ਸ਼ੂਗਰ ਵਰਗੀਆਂ ਬਿਮਾਰੀਆਂ ਨੂੰ ਜਨਮ ਦੇ ਸਕਦੀ ਹੈ। ਡਾ. ਮੋਦੀ ਨੇ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਘਰ ਵਿਚ ਕਿਸੇ ਨੂੰ ਖਰਾਟੇ ਅਤੇ ਨੀਂਦ ਦੌਰਾਨ ਸਾਹ ਰੁਕਣ ਦੀ ਸਮੱਸਿਆ ਆਉਂਦੀ ਹੈ ਤਾਂ ਤੁਰੰਤ ਛਾਤੀ ਦੇ ਮਾਹਿਰ ਨਾਲ ਸੰਪਰਕ ਕਰਕੇ ਸਲੀਪ ਸਟੱਡੀ ਕਰਵਾਉਣੀ ਚਾਹੀਦੀ ਹੈ ਤਾਂ ਜੋ ਸਮੇਂ ਸਿਰ ਇਲਾਜ ਕਰਕੇ ਜਾਨ ਬਚਾਈ ਜਾ ਸਕੇ। ਓਐੱਸਏ ਦੇ ਮੁੱਖ ਲੱਛਣ : ਡਾ. ਦੀਪਕ ਮੋਦੀ ਮੁਤਾਬਕ ਖਰਾਟਿਆਂ ਤੋਂ ਇਲਾਵਾ ਓਐੱਸਏ ਵਿਚ ਇਹ ਲੱਛਣ ਵੇਖੇ ਜਾਂਦੇ ਹਨ ਜਿਵੇਂ ਕਿ ਸੌਂਦੇ ਸਮੇਂ ਕੁਝ ਸਕਿੰਟਾਂ ਲਈ ਸਾਹ ਦਾ ਰੁਕ ਜਾਣਾ, ਨੀਂਦ ਵਿਚ ਹੱਥ-ਪੈਰ ਹਿਲਾਉਣਾ ਜਾਂ ਝਟਕਿਆਂ ਨਾਲ ਸਾਹ ਲੈਣਾ, ਦਿਨ ਭਰ ਥਕਾਵਟ ਅਤੇ ਨੀਂਦ ਆਉਂਦੀ ਰਹਿਣੀ, ਸਵੇਰੇ ਸਿਰਦਰਦ, ਰਾਤ ਨੂੰ ਵਾਰ-ਵਾਰ ਪੇਸ਼ਾਬ ਆਉਣਾ, ਮਰੀਜ਼ ਦਾ ਨੀਂਦ ਪੂਰੀ ਹੋਣ ਦੇ ਬਾਵਜੂਦ ਵੀ ਤਾਜ਼ਗੀ ਨਾ ਮਹਿਸੂਸ ਕਰਨਾ ਆਦਿ। ਇਨ੍ਹਾਂ ਲੋਕਾਂ ਨੂੰ ਵੱਧ ਖਤਰਾ : ਮੋਟਾਪੇ ਵਾਲੇ ਲੋਕ, ਜਿਨ੍ਹਾਂ ਦੀ ਗਰਦਨ ਮੋਟੀ ਹੁੰਦੀ ਹੈ, ਸਿਗਰਟ, ਸ਼ਰਾਬ ਜਾਂ ਤੰਬਾਕੂ ਵਰਤਣ ਵਾਲੇ ਲੋਕ, ਜਿਨ੍ਹਾਂ ਦੀ ਜੀਭ ਜਾਂ ਗਲੇ ਦੀ ਨਲੀ ਦਾ ਆਕਾਰ ਵੱਡਾ ਹੈ, ਬੱਚਿਆਂ ਵਿਚ ਵੱਡੇ ਟਾਂਸਿਲ ਹੋਣਾ, ਨੱਕ ਦੀਆਂ ਬਿਮਾਰੀਆਂ ਜਾਂ ਵੈਰੀਕੋਜ਼ ਵੇਂਨਸ ਬਲਾਕੇਜ। ਇਨ੍ਹਾਂ ਖ਼ਤਰਿਆਂ ਤੋਂ ਰਹੋ ਸਾਵਧਾਨ : ਡਾ. ਮੋਦੀ ਨੇ ਕਿਹਾ ਕਿ ਓਐੱਸਏ ਦੇ ਨਾਲ ਦਿਲ ਦੇ ਦੌਰੇ ਦਾ ਖਤਰਾ 4 ਗੁਣਾ ਵਧ ਜਾਂਦਾ ਹੈ, ਬਲੱਡ ਪ੍ਰੈਸ਼ਰ ਕਾਬੂ ਵਿਚ ਨਹੀਂ ਰਹਿੰਦਾ ਹੈ, ਸ਼ੂਗਰ ਦੇ ਮਰੀਜ਼ ਦੀ ਸਿਹਤ ਵਧੇਰੇ ਵਿਗੜ ਸਕਦੀ ਹੈ, ਦਿਨ ਵਿਚ ਨੀਂਦ ਆਉਣ ਕਾਰਨ ਸੜਕ ਹਾਦਸਿਆਂ ਦੀ ਸੰਭਾਵਨਾ ਕਈ ਗੁਣਾ ਵਧਦੀ ਹੈ, ਯਾਦਦਾਸ਼ਤ ਕਮਜ਼ੋਰ ਹੋਣ ਅਤੇ ਡਿਪ੍ਰੈਸ਼ਨ ਦੀ ਸੰਭਾਵਨਾ ਬਣਦੀ ਹੈ। ਓਐੱਸਏ ਦੀ ਜਾਂਚ-ਸਲੀਪ ਸਟੱਡੀ ਪੋਲੀਸੋਮੋਨੋਗਰਾਫੀ : ਡਾ. ਦੀਪਕ ਮੋਦੀ ਨੇ ਦੱਸਿਆ ਕਿ ਬਿਮਾਰੀ ਦੀ ਪੱਕੀ ਜਾਂਚ ਸਲੀਪ ਸਟੱਡੀ ਹੈ, ਜਿਸ ਵਿਚ ਪਤਾ ਲੱਗਦਾ ਹੈ ਕਿ ਇਕ ਰਾਤ ਵਿਚ ਸਾਹ ਕਿੰਨੀ ਵਾਰ ਰੁਕਿਆ ਹੈ, ਆਕਸੀਜਨ ਕਿੰਨੀ ਘੱਟ ਹੋਈ ਹੈ, ਮਰੀਜ਼ ਨੂੰ ਨੀਂਦ ਕਿਸ ਪੜਾਅ ਵਿਚ ਵਧੇਰੇ ਟੁੱਟਦੀ ਹੈ, ਇਸ ਜਾਂਚ ਨਾਲ ਬਿਮਾਰੀ ਦੀ ਗੰਭੀਰਤਾ ਦਾ ਸਹੀ ਅੰਦਾਜ਼ਾ ਲੱਗਦਾ ਹੈ। ਇਲਾਜ-ਸੀਪੀਏਪੀ (ਕੰਟੀਨਿਊਸ ਪਾਜ਼ੇਟਿਵ ਏਅਰਵੇ ਪ੍ਰੈਸ਼ਰ) ਮਸ਼ੀਨ ਸਭ ਤੋਂ ਪ੍ਰਭਾਵਸ਼ਾਲੀ ਹੁੰਦੀ ਹੈ। ਡਾ. ਮੋਦੀ ਨੇ ਦੱਸਿਆ ਕਿ ਜਿਨ੍ਹਾਂ ਮਰੀਜ਼ਾਂ ਵਿਚ ਬਿਮਾਰੀ ਮੱਧਮ ਜਾਂ ਗੰਭੀਰ ਪੱਧਰ ਦੀ ਹੁੰਦੀ ਹੈ, ਉਨ੍ਹਾਂ ਲਈ ਸੀਪੀਏਪੀ ਮਸ਼ੀਨ ਸਭ ਤੋਂ ਪ੍ਰਭਾਵਸ਼ਾਲੀ ਅਤੇ ਸੁਰੱਖਿਅਤ ਇਲਾਜ ਹੁੰਦਾ ਹੈ। ਇਸ ਨਾਲ ਖਰਾਟੇ ਤੁਰੰਤ ਬੰਦ ਹੋ ਜਾਂਦੇ ਹਨ, ਦਿਲ ਅਤੇ ਦਿਮਾਗ ਦੀ ਸਿਹਤ ਬਿਹਤਰ ਹੁੰਦੀ ਹੈ, ਮਰੀਜ਼ ਸਵੇਰੇ ਤਾਜ਼ਗੀ ਮਹਿਸੂਸ ਕਰਦਾ ਹੈ, ਜੀਵਨ ਗੁਣਵੱਤਾ ਵਿਚ ਵੱਡਾ ਸੁਧਾਰ ਆਉਂਦਾ ਹੈ।