ਲੰਬੇ ਸਮੇਂ ਤੋਂ ਨਹੀਂ ਹੋਈ ਝੁੱਗੀਆਂ ਦੀ ਚੈਕਿੰਗ
ਲੰਬੇ ਸਮੇਂ ਤੋਂ ਨਹੀਂ ਹੋਈ ਝੁੱਗੀਆਂ ਦੀ ਚੈਕਿੰਗ
Publish Date: Mon, 17 Nov 2025 08:51 PM (IST)
Updated Date: Mon, 17 Nov 2025 08:52 PM (IST)

--ਸਮਾਜ ਵਿਰੋਧੀ ਅਨਸਰ ਝੁੱਗੀਆਂ ਚ ਫਰਮਾਉਂਦੇ ਨੇ ਆਰਾਮ ਪੁਲਿਸ ਪ੍ਰਸ਼ਾਸਨ ਬੇਖ਼ਬਰ ਸੁਖਪਾਲ ਸਿੰਘ ਹੁੰਦਲ/ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ ਕਪੂਰਥਲਾ : ਬੀਤੇ ਕੁਝ ਸਾਲਾਂ ਦੌਰਾਨ ਸੂਬੇ ਦੇ ਕਈ ਸ਼ਹਿਰਾਂ ਵਿਚ ਝੁੱਗੀਆਂ ਦੀ ਤਲਾਸ਼ੀ ਦੇ ਦੌਰਾਨ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਸਮੇਤ ਫੜੇ ਗਏ ਬਾਹਰਲੇ ਸੂਬਿਆਂ ਨਾਲ ਸਬੰਧਤ ਕਈ ਅਪਰਾਧੀਆਂ ਦੀ ਗ੍ਰਿਫਤਾਰੀ ਨੂੰ ਲੈ ਕੇ ਸੂਬੇ ਭਰ ਵਿਚ ਝੁਗੀਆਂ ਦੀ ਲਗਾਤਾਰ ਚੈਕਿੰਗ ਕਰਨ ਨੂੰ ਲੈ ਕੇ ਜਾਰੀ ਕੀਤੇ ਗਏ ਹੁਕਮਾਂ ਦੇ ਬਾਵਜੂਦ ਵੀ ਜਿਥੇ ਝੁੱਗੀਆਂ ਵਿਚ ਅਪਰਾਧਕ ਅਨਸਰਾਂ ਦਾ ਆਉਣਾ-ਜਾਣਾ ਲਗਾਤਾਰ ਜਾਰੀ ਹੈ ਅਤੇ ਚੈਕਿੰਗ ਮੁਹਿੰਮ ਦੌਰਾਨ ਕਈ ਵਾਰ ਇਨ੍ਹਾਂ ਝੁੱਗੀਆਂ ਵਿਚੋਂ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਹੋ ਚੁੱਕੀ ਹੈ, ਉਥੇ ਹੀ ਇਨ੍ਹਾਂ ਝੁੱਗੀਆਂ ਦੀ ਲੰਮੇ ਸਮੇਂ ਤੋਂ ਚੈਕਿੰਗ ਨਾ ਹੋਣਾ ਕਈ ਅਹਿਮ ਸਵਾਲ ਖੜ੍ਹੇ ਕਰਦਾ ਹੈ। ---ਕਈ ਝੁੱਗੀਆਂ ਨੂੰ ਦੂਜੀਆਂ ਥਾਵਾਂ ਤੇ ਤਬਦੀਲ ਕਰਨ ਦੇ ਹੋਏ ਸਨ ਹੁਕਮ ਸਰਕਾਰੀ ਜ਼ਮੀਨਾਂ ਅਤੇ ਮੁੱਖ ਹਾਈਵੇ ਤੇ ਪੈਂਦੀਆਂ ਜ਼ਮੀਨਾਂ ਤੇ ਕਬਜ਼ਾ ਕਰਕੇ ਬਣਾਈਆਂ ਗਈਆਂ ਝੁੱਗੀਆਂ ’ਚ ਸ਼ੱਕੀ ਵਿਅਕਤੀਆਂ ਦੀ ਲਗਾਤਾਰ ਵਧ ਰਹੀ ਆਮਦ ਅਤੇ ਸੜਕ ਹਾਦਸਿਆਂ ਵਿਚ ਹੋ ਰਹੇ ਭਾਰੀ ਵਾਧੇ ਨੂੰ ਵੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੇ ਕੁੱਝ ਸਮਾਂ ਪਹਿਲਾਂ ਬੇਬੇ ਨਾਨਕੀ ਮਾਰਗ (ਸੁਲਤਾਨਪੁਰ ਲੋਧੀ ਰੋਡ), ਰੇਲ ਕੋਚ ਫੈਕਟਰੀ ਦੇ ਆਸ-ਪਾਸ ਦੇ ਖੇਤਰ ਵਿਚ ਬਣੀਆਂ ਝੁੱਗੀਆਂ ਅਤੇ ਨਕੋਦਰ ਰੋਡ ’ਤੇ ਪੈਂਦੀਆਂ ਝੁੱਗੀਆਂ ਨੂੰ ਦੂਜੀਆਂ ਥਾਵਾਂ ਤੇ ਤਬਦੀਲ ਕਰਨ ਦਾ ਐਲਾਨ ਕੀਤਾ ਸੀ ਪਰ ਇਸ ਦੇ ਬਾਵਜੂਦ ਵੀ ਇਨ੍ਹਾਂ ਝੁੱਗੀਆਂ ਨੂੰ ਦੂਜੀਆਂ ਥਾਵਾਂ ਤੇ ਤਬਦੀਲ ਨਹੀਂ ਕੀਤਾ ਗਿਆ। ਗੌਰ ਹੋਵੇ ਕਿ ਰੇਲ ਕੋਚ ਫੈਕਟਰੀ ਦੇ ਬਾਹਰ ਬਣੀਆਂ ਝੁੱਗੀਆਂ ਵਿਚ ਇਕ ਤੇਜ਼ ਰਫਤਾਰ ਟਰੱਕ ਦੇ ਚੜ੍ਹ ਜਾਣ ਨਾਲ ਕੁਝ ਲੋਕਾਂ ਦੀ ਜਿਥੇ ਮੌਤ ਹੋ ਗਈ ਸੀ, ਉਥੇ ਹੀ ਇਨ੍ਹਾਂ ਝੁੱਗੀਆਂ ਵਿਚੋਂ ਕਈ ਵਾਰ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਕਰਦੇ ਹੋਏ ਪੁਲਿਸ ਵੱਲੋਂ ਸਮਾਜ ਵਿਰੋਧੀ ਅਨੁਸਾਰ ਕਾਬੂ ਕੀਤਾ ਜਾ ਚੁੱਕਾ ਹੈ। ---ਕਈ ਵੱਡੇ ਸ਼ਹਿਰਾਂ ਚ ਝੁੱਗੀਆਂ ਚ ਫੜੇ ਗਏ ਸ਼ੱਕੀ ਵਿਅਕਤੀ ਪੰਜਾਬ ਪੁਲਿਸ ਵੱਲੋਂ ਸੂਬੇ ਭਰ ਵਿਚ ਚਲਾਈ ਜਾ ਰਹੀ ਅਪਰਾਧ ਵਿਰੋਧੀ ਮੁਹਿੰਮ ਦੇ ਦੌਰਾਨ ਜਲੰਧਰ, ਲੁਧਿਆਣਾ, ਅੰਮ੍ਰਿਤਸਰ ਅਤੇ ਕਪੂਰਥਲਾ ਸਮੇਤ ਸੂਬੇ ਦੇ ਕਈ ਜ਼ਿਲ੍ਹਿਆਂ ਵਿਚ ਲੰਮੇ ਸਮੇਂ ਤੋਂ ਬਣੀਆ ਪ੍ਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ ਚ ਚੈਕਿੰਗ ਦੇ ਦੌਰਾਨ ਜਿਥੇ ਕਈ ਖਤਰਨਾਕ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਹੈ, ਉਥੇ ਹੀ ਨਸ਼ੀਲੇ ਪਦਾਰਥਾਂ ਅਤੇ ਅਸਲੇ ਦੀ ਬਰਾਮਦਗੀ ਵੀ ਕੀਤੀ ਜਾ ਚੁੱਕੀ ਹੈ। ਇਨ੍ਹਾਂ ਸਮਾਜ ਵਿਰੋਧੀ ਅਨਸਰਾਂ ਤੋਂ ਬਰਾਮਦ ਹਥਿਆਰ ਉੱਤਰ ਪ੍ਰਦੇਸ਼ ਤੇ ਬਿਹਾਰ ਤੋਂ ਲਿਆਂਦੇ ਗਏ ਸਨ ਤੇ ਇਨ੍ਹਾਂ ਝੁੱਗੀਆਂ ਵਿਚ ਰਹਿਣ ਵਾਲੇ ਅਪਰਾਧਿਕ ਕਿਸਮ ਦੇ ਲੋਕਾਂ ਨੇ ਸਪਲਾਈ ਕੀਤੇ ਸਨ, ਜਿਸ ਦੇ ਆਧਾਰ ਤੇ ਪੰਜਾਬ ਪੁਲਿਸ ਨੇ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਸਮੇਤ ਕਈ ਸ਼ਹਿਰਾਂ ਵਿਚ ਛਾਪਾਮਾਰੀ ਕੀਤੀ ਸੀ। ਇਸ ਨੂੰ ਲੈ ਕੇ ਸੂਬੇ ਭਰ ਵਿਚ ਝੁੱਗੀਆਂ ਦੀ ਲਗਾਤਾਰ ਚੈਕਿੰਗ ਦੇ ਹੁਕਮ ਦਿੱਤੇ ਗਏ ਸਨ। ---ਅਪਰਾਧੀਆਂ ਦਾ ਹੀ ਨਹੀਂ ਬੀਮਾਰੀਆਂ ਦਾ ਵੀ ਗੜ੍ਹ ਹਨ ਝੁੱਗੀਆਂ ਜ਼ਿਲ੍ਹੇ ਵਿਚ ਪੈਂਦੇ ਵੱਖ-ਵੱਖ ਥਾਣਾ ਖੇਤਰਾਂ ਦੀ ਪੁਲਿਸ ਕਤਲ, ਲੁੱਟ ਅਤੇ ਚੋਰੀ ਦੇ ਕਈ ਮਾਮਲਿਆਂ ਵਿਚ ਸ਼ਾਮਲ ਵੱਡੀ ਗਿਣਤੀ ਵਿਚ ਅਜਿਹੇ ਅਪਰਾਧੀਆਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ, ਜਿਨ੍ਹਾਂ ਨੇ ਝੁੱਗੀਆਂ ਚ ਆਪਣਾ ਠਿਕਾਣਾ ਬਣਾ ਰੱਖਿਆ ਸੀ ਅਤੇ ਅਜਿਹੇ ਲੋਕਾਂ ਨੇ ਨਜ਼ਦੀਕੀ ਥਾਣਾ ਖੇਤਰਾਂ ਵਿਚ ਆਪਣਾ ਮੂਲ ਨਾਮ ਅਤੇ ਪਤਾ ਵੀ ਦਰਜ ਨਹੀ ਕਰਵਾਇਆ ਸੀ। ਪੁੱਛਗਿਛ ਦੌਰਾਨ ਅਜਿਹੇ ਮੁਲਜ਼ਮਾਂ ਦਾ ਅਪਰਾਧਕ ਰਿਕਾਰਡ ਆਪਣੇ ਮੂਲ ਸੂਬਿਆ ਵਿਚ ਵੀ ਕਾਫੀ ਖ਼ਰਾਬ ਰਿਹਾ ਸੀ, ਜਿਸ ਨੂੰ ਲੈ ਕੇ ਜ਼ਿਲ੍ਹੇ ਭਰ ਵਿਚ ਝੁੱਗੀਆਂ ਚ ਰਹਿਣ ਵਾਲੇ ਲੋਕਾਂ ਨੂੰ ਨਜ਼ਦੀਕੀ ਥਾਣਿਆ ਵਿਚ ਆਪਣਾ ਪਤਾ ਨੋਟ ਕਰਵਾਉਣ ਦਾ ਹੁਕਮ ਦਿੱਤਾ ਗਿਆ ਸੀ ਪਰ ਇਨ੍ਹਾਂ ਹੁਕਮਾਂ ਦਾ ਕੋਈ ਖਾਸ ਅਸਰ ਦੇਖਣ ਨੂੰ ਨਹੀਂ ਮਿਲਿਆ। ਉਥੇ ਹੀ ਇਨ੍ਹਾਂ ਝੁੱਗੀਆਂ ਦੇ ਆਲੇ-ਦੁਆਲੇ ਫੈਲੀ ਗੰਦਗੀ ਦੇ ਕਾਰਨ ਵੀ ਆਂਢ-ਗੁਆਂਢ ਵਿਚ ਰਹਿਣ ਵਾਲੇ ਲੋਕਾਂ ਨੂੰ ਵੀ ਬਿਮਾਰੀਆਂ ਫੈਲਣ ਦਾ ਡਰ ਲੱਗਾ ਰਹਿੰਦਾ ਹੈ। --ਜਲਦ ਹੀ ਝੁੱਗੀਆਂ ਦੀ ਹੋਵੇਗੀ ਚੈਕਿੰਗ : ਡਾ. ਸ਼ੀਤਲ ਸਿੰਘ, ਡੀਐੱਸਪੀ ਜਲਦ ਹੀ ਇਨ੍ਹਾਂ ਝੁੱਗੀਆਂ ਦੀ ਪੁਲਿਸ ਪਾਰਟੀਆਂ ਵੱਲੋਂ ਚੈਕਿੰਗ ਕੀਤੀ ਜਾਵੇਗੀ। ਪੁਲਿਸ ਵੱਲੋਂ ਲੁੱਟਾਂ, ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਦਾ ਹੱਲ ਕਰਦੇ ਹੋਏ ਕਈ ਸਮਾਜ ਵਿਰੋਧੀ ਅਨਸਰਾਂ ਨੂੰ ਪਹਿਲਾਂ ਹੀ ਸਲਾਖਾਂ ਦੇ ਪਿੱਛੇ ਭੇਜਿਆ ਜਾ ਚੁੱਕਾ ਹੈ ਅਤੇ ਚੈਕਿੰਗ ਮੁਹਿੰਮ ਸ਼ੁਰੂ ਕਰਦੇ ਹੋਏ ਇਸ ਤਰ੍ਹਾਂ ਦੇ ਭੈੜੇ ਅਨਸਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀ ਜਾਵੇਗਾ । ਕੈਪਸ਼ਨ: 17ਕੇਪੀਟੀ16 ਕੈਪਸ਼ਨ: 17ਕੇਪੀਟੀ17 ਕੈਪਸ਼ਨ: 17ਕੇਪੀਟੀ18 ਕੈਪਸ਼ਨ: 17ਕੇਪੀਟੀ19