ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕਬੱਡੀ ਕਲੱਬ ਵੱਲੋਂ ਖੇਡਾਂ ਦਾ ਮਹਾਕੁੰਭ 25 ਜਨਵਰੀ ਨੂੰ

ਕਬੱਡੀ ਕੱਪ ਦੌਰਾਨ ਨਾਮਵਰ ਖਿਡਾਰੀ ਲੈਣਗੇ ਹਿੱਸਾ
ਖੇਡਾਂ ’ਚ ਪ੍ਰਵਾਸੀਆਂ ਦਾ ਅਹਿਮ ਯੋਗਦਾਨ : ਟੀਟਾ, ਪੱਪਾ, ਢਿੱਲੋਂ
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕਬੱਡੀ ਕਲੱਬ ਰਜਿ. ਸੁਲਤਾਨਪੁਰ ਲੋਧੀ ਦੇ ਪੁਰਾਣੇ ਕਬੱਡੀ ਖਿਡਾਰੀਆਂ ਵੱਲੋਂ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ 22ਵਾਂ ਖੇਡਾਂ ਦਾ ਮਹਾਕੁੰਭ 25 ਜਨਵਰੀ ਦਿਨ ਐਤਵਾਰ ਨੂੰ ਗੁਰੂ ਨਾਨਕ ਸਟੇਡੀਅਮ ਸੁਲਤਾਨਪੁਰ ਲੋਧੀ ਵਿਖੇ ਪ੍ਰਵਾਸੀ ਭਾਰਤੀਆਂ ਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਕਬੱਡੀ ਦੇ ਨਾਮਵਰ ਖਿਡਾਰੀ ਭਾਗ ਲੈਣਗੇ। ਉਨ੍ਹਾਂ ਦੱਸਿਆ ਕਿ ਕਬੱਡੀ ਦੀ ਓਪਨ ਟੀਮ ਨੂੰ ਡੇਢ ਲੱਖ ਰੁਪਏ ਧਰਮ ਸਿੰਘ ਖਿੰਡਾ ਮੈਰੀਪੁਰ ਯੂਐੱਸਏ ਤੇ ਬਲਵੀਰ ਸਿੰਘ ਥਿੰਦ ਡੇਰਾ ਨੰਦ ਸਿੰਘ ਯੂਐੱਸਏ ਵੱਲੋਂ ਕਲੱਬ ਨੂੰ ਦਿੱਤੇ ਗਏ ਦੋ ਲੱਖ ਰੁਪਏ ਵਿਚੋਂ ਦਿੱਤਾ ਜਾਵੇਗਾ ਜਦਕਿ ਉਪ ਜੇਤੂ ਟੀਮ ਨੂੰ ਇਕ ਲੱਖ ਰੁਪਏ ਹਰਨੇਕ ਸਿੰਘ ਨੇਕਾ ਮੈਰੀਪੁਰ ਯੂਕੇ ਵੱਲੋਂ ਦਿੱਤਾ ਜਾਵੇਗਾ। ਇਹ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪ੍ਰਧਾਨ ਬਲਕਾਰ ਸਿੰਘ ਹਰਨਾਮਪੁਰ ਅੰਤਰਰਾਸ਼ਟਰੀ ਕਬੱਡੀ ਖਿਡਾਰੀ, ਗਿਆਨੀ ਜਰਨੈਲ ਸਿੰਘ ਮੋਠਾਂਵਾਲਾ ਸਕੱਤਰ, ਬਲਵਿੰਦਰ ਸਿੰਘ ਤੁੜ ਤੇ ਲੈਕਚਰਾਰ ਬਲਦੇਵ ਸਿੰਘ ਟੀਟਾ ਪ੍ਰੈੱਸ ਸਕੱਤਰ ਨੇ ਦੱਸਿਆ ਕਿ ਇਸ ਮੌਕੇ ਬੈਸਟ ਜਾਫੀ ਨੂੰ 21 ਹਜ਼ਾਰ ਰੁਪਏ ਬਲਦੇਵ ਸਿੰਘ ਮੰਗਾ ਫੱਤੋਵਾਲ ਤੇ ਜਤਿੰਦਰਜੀਤ ਸਿੰਘ ਨੰਬਰਦਾਰ ਵੱਲੋਂ ਦਿੱਤਾ ਜਾਵੇਗਾ ਜਦਕਿ ਬੈਸਟ ਧਾਵੀ ਨੂੰ 21 ਹਜ਼ਾਰ ਰੁਪਏ ਹਰਕਮਲ ਸਿੰਘ ਹਰਨਾਮਪੁਰ ਕੈਨੇਡਾ ਵੱਲੋਂ ਦਿੱਤੇ ਜਾਣਗੇ। ਇਸ ਮੌਕੇ ਰਾਜ ਬਹਾਦਰ ਸਿੰਘ ਡਡਵਿੰਡੀ ਨੇ ਦੱਸਿਆ ਕਿ ਇਸ ਮੌਕੇ ਲੜਕੀਆਂ ਦੀ ਕਬੱਡੀ ਦਾ ਸ਼ੋਅ ਮੈਚ ਪੰਜਾਬ ਤੇ ਹਰਿਆਣਾ ਦੀਆਂ ਟੀਮਾਂ ਵਿਚਾਲੇ ਹੋਵੇਗਾ, ਜਿਨ੍ਹਾਂ ਨੂੰ ਪ੍ਰਵਾਸੀ ਭਾਰਤੀ ਸੰਤੋਖ ਸਿੰਘ ਸਫਰੀ ਵੱਲੋਂ ਇਨਾਮ ਦਿੱਤਾ ਜਾਵੇਗਾ। ਉਨ੍ਹਾਂ ਸਮੂਹ ਪ੍ਰਵਾਸੀ ਭਾਰਤੀਆਂ ਤੋਂ ਇਲਾਵਾ ਰਸ਼ਪਾਲ ਸਿੰਘ ਕਾਲਾ ਜਰਮਨੀ ਵੱਲੋਂ 51 ਹਜ਼ਾਰ ਰੁਪਏ ਭੇਜਣ ਲਈ, ਪ੍ਰੋਫੈਸਰ ਅਮਰਜੀਤ ਸਿੰਘ ਖੈੜਾ ਅਤੇ ਅਮਰੀਕ ਸਿੰਘ ਡਡਵਿੰਡੀ ਯੂਕੇ ਵੱਲੋਂ ਵਿਸ਼ੇਸ਼ ਸਹਿਯੋਗ ਦੇਣ ਲਈ ਉਨ੍ਹਾਂ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਓਪਨ ਕਬੱਡੀ ਵਿਚ ਸ਼ਮੂਲੀਅਤ ਕਰਨ ਵਾਲੀ ਹਰੇਕ ਟੀਮ ਨੂੰ 60 ਹਜ਼ਾਰ ਰੁਪਏ ਦਿੱਤੇ ਜਾਣਗੇ। ਇਸ ਮੌਕੇ ਕਰੀਬ ਇਕ ਲੱਖ ਰੁਪਏ ਮੁੱਲ ਦੇ ਲੱਕੀ ਡਰਾਅ ਕੱਢੇ ਜਾਣਗੇ, ਜਿਨ੍ਹਾਂ ਵਿਚ 5 ਐੱਲਸੀਡੀ 32 ਇੰਚ, 5 ਐਂਡਰਾਇਡ ਮੋਬਾਈਲ ਤੇ 5 ਸਾਈਕਲ ਹੋਣਗੇ ਜਿਸਦੇ ਲਈ ਲੱਕੀ ਕੂਪਨ ਮੁਫਤ ਹੋਣਗੇ ਤੇ ਟੂਰਨਾਮੈਂਟ ਵਿਚ ਪਹਿਲਾਂ ਪੁੱਜ ਕੇ ਬੈਠਣ ਵਾਲੇ ਦਰਸ਼ਕਾਂ ਨੂੰ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਹਰੇਕ ਮੈਚ ਖਤਮ ਹੋਣ ਤੋਂ ਬਾਅਦ ਲੱਕੀ ਡਰਾਅ ਕੱਢਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਵਿਚ ਵਾਲੀਬਾਲ ਤੇ 75 ਕਿਲੋ ਭਾਰ ਵਰਗ ਦੇ ਕਬੱਡੀ ਮੈਚ ਵੀ ਹੋਣਗੇ। ਇਸ ਮੌਕੇ ਗੁਰੂ ਦੇ ਅਤੁੱਟ ਲੰਗਰ ਸਟੇਡੀਅਮ ਦੇ ਸਾਹਮਣੇ ਗੁਰਦੁਆਰਾ ਸਰਹਾਲੀ ਸਾਹਿਬ ਵਿਖੇ ਚੱਲਣਗੇ। ਉਨ੍ਹਾਂ ਸੰਤ ਬਾਬਾ ਸੁੱਖਾ ਸਿੰਘ ਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦਾ ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਇਲਾਕੇ ਦੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਕਬੱਡੀ ਦੇ ਮਹਾਕੁੰਭ ਵਿਚ ਹੁੰਮ-ਹੁੰਮਾ ਕੇ ਪੁੱਜਣ ਤੇ ਆਨੰਦ ਲੈਣ।