ਪ੍ਰਕਾਸ਼ ਪੁਰਬ ’ਤੇ ਪਟਨਾ ਸਾਹਿਬ ’ਚ ਲਾਵਾਂਗੇ ਸ਼ਾਹੀ ਲੰਗਰ : ਬਾਬਾ ਜਸਪਾਲ ਸਿੰਘ
21 ਤੋਂ 28 ਦਸੰਬਰ ਤੱਕ ਪਟਨਾ ਸਾਹਿਬ ਵਿਖੇ ਸ਼ਾਹੀ ਲੰਗਰ : ਬਾਬਾ ਜਸਪਾਲ ਸਿੰਘ
Publish Date: Sun, 07 Dec 2025 06:41 PM (IST)
Updated Date: Sun, 07 Dec 2025 06:42 PM (IST)

ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : ਸਾਹਿਬ-ਏ-ਕਮਾਲ, ਸਰਬੰਸ ਦਾਨੀ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 359ਵੇਂ ਪਾਵਨ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ (ਬਿਹਾਰ) ਵਿਖੇ 21 ਦਸੰਬਰ ਤੋਂ 28 ਦਸੰਬਰ ਤੱਕ ਲਗਾਤਾਰ 24 ਘੰਟੇ ਸ਼ਾਹੀ ਪਕਵਾਨਾਂ ਦੇ ਗੁਰੂ ਕੇ ਲੰਗਰ ਅਤੁੱਟ ਲਗਾਏ ਜਾਣਗੇ। ਇਹ ਜਾਣਕਾਰੀ ਸੱਚਖੰਡ ਵਾਸੀ ਸੰਤ ਬਾਬਾ ਕਰਤਾਰ ਸਿੰਘ ਜੀ, ਸੰਤ ਬਾਬਾ ਤਰਲੋਚਨ ਸਿੰਘ ਜੀ, ਸੰਤ ਬਾਬਾ ਗੁਰਚਰਨ ਸਿੰਘ ਜੀ ਠੱਟੇ ਟਿੱਬੇ ਵਾਲਿਆਂ ਦੇ ਸੇਵਾਦਾਰ ਬਾਬਾ ਜਸਪਾਲ ਸਿੰਘ ਨੀਲਾ ਤੇ ਬਾਬਾ ਅਵਤਾਰ ਸਿੰਘ ਕਪੂਰਥਲਾ ਨੇ ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਪਵਿੱਤਰ ਸੇਵਾ ਪਿਛਲੇ 40-50 ਸਾਲਾਂ ਤੋਂ ਸੰਤ ਮਹਾਂਪੁਰਸ਼ਾਂ ਦੀ ਅਗਵਾਈ ਵਿਚ ਤਖਤ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਦੇਸ਼-ਵਿਦੇਸ਼ ਦੀ ਸੰਗਤਾਂ ਦੇ ਸਹਿਯੋਗ ਨਾਲ ਲਗਾਤਾਰ ਚੱਲ ਰਹੀ ਹੈ। ਇਸ ਸਾਲ ਵੀ ਗੁਰੂ ਸਾਹਿਬਾਨ ਦਾ ਪਾਵਨ ਪ੍ਰਕਾਸ਼ ਗੁਰਪੁਰਬ ਬੜੀ ਹੀ ਸ਼ਰਧਾ ਅਤੇ ਖ਼ੁਸ਼ੀ ਨਾਲ ਮਨਾਇਆ ਜਾਵੇਗਾ। ਬਾਬਾ ਜਸਪਾਲ ਸਿੰਘ ਨੀਲਾ ਨੇ ਪੰਜਾਬੀ ਜਾਗਰਣ ਨੂੰ ਦੱਸਿਆ ਕਿ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਲੰਗਰ ਸੇਵਾ ਲਈ ਲਿਖਤੀ ਬੇਨਤੀ ਭੇਜੀ ਗਈ ਹੈ। ਦੋ ਮਹੀਨੇ ਪਹਿਲਾਂ ਹੀ ਸੰਗਤਾਂ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਸਨ ਅਤੇ ਰੇਲਾਂ ਦੀਆਂ ਟਿਕਟਾਂ ਰਿਜ਼ਰਵ ਕਰਵਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਬਾਬਾ ਅਵਤਾਰ ਸਿੰਘ ਧਰਮਸ਼ਾਲਾ ਕਪੂਰਥਲਾ ਵੱਲੋਂ ਪ੍ਰਕਾਸ਼ ਪੁਰਬ ਸਮਾਗਮਾਂ ਦੌਰਾਨ ਹੋ ਰਹੇ ਸ੍ਰੀ ਅਖੰਡ ਪਾਠ ਸਾਹਿਬ ਲਈ ਪੂਰਾ ਪ੍ਰਬੰਧ ਕੀਤਾ ਜਾ ਰਿਹਾ ਹੈ, ਜਦਕਿ ਭਾਈ ਹਰਜੀਤ ਸਿੰਘ ਇਟਾਵਾ(ਕਾਨਪੁਰ) ਹਰ ਸਾਲ ਦੀ ਤਰ੍ਹਾਂ ਵਿਸ਼ੇਸ਼ ਸਹਿਯੋਗ ਕਰ ਰਹੇ ਹਨ। 30 ਲੜੀਵਾਰ ਅਖੰਡ ਪਾਠ ਤੇ 500 ਸੇਵਾਦਾਰ ਤਿਆਰ 23 ਦਸੰਬਰ ਤੋਂ 30 ਲੜੀਵਾਰ ਸ੍ਰੀ ਅਖੰਡ ਪਾਠ ਸਾਹਿਬ ਸ਼ੁਰੂ ਕੀਤੇ ਜਾਣਗੇ। ਮਾਝੇ, ਦੋਆਬੇ ਤੇ ਹੋਰ ਇਲਾਕਿਆਂ ਤੋਂ ਲਗਭਗ 500 ਸੇਵਾਦਾਰ ਇਸ ਸੇਵਾ ਵਿਚ ਭਾਗ ਲੈਣਗੇ। 18 ਤੋਂ 22 ਦਸੰਬਰ ਤੱਕ ਲੰਗਰ ਸੇਵਾ ਲਈ ਸੇਵਾਦਾਰਾਂ ਦੀਆਂ ਟੋਲੀਆਂ ਪਟਨਾ ਸਾਹਿਬ ਲਈ ਰਵਾਨਾ ਹੋਣਗੀਆਂ, ਜਦਕਿ ਦਰਸ਼ਨ ਯਾਤਰਾ ਲਈ ਸੰਗਤਾਂ 23 ਅਤੇ 24 ਦਸੰਬਰ ਨੂੰ ਜਾਣਗੀਆਂ। ਉਨ੍ਹਾਂ ਦੱਸਿਆ ਕਿ ਲੰਗਰ ਲਈ ਲੋੜੀਂਦੀ ਰਸਦ ਕਣਕ, ਚੌਲ, ਦਾਲਾਂ, ਆਲੂ ਆਦਿ ਦੇ ਟਰੱਕ ਇਕ ਹਫ਼ਤਾ ਪਹਿਲਾਂ ਹੀ ਪਟਨਾ ਸਾਹਿਬ ਭੇਜ ਦਿੱਤੇ ਜਾਣਗੇ। ਇਸ ਮੌਕੇ ਬਾਬਾ ਅਵਤਾਰ ਸਿੰਘ ਧਰਮਸ਼ਾਲਾ ਕਪੂਰਥਲਾ, ਭਾਈ ਹਰਜੀਤ ਸਿੰਘ ਇਟਾਵਾ, ਜਥੇਦਾਰ ਹਰਜਿੰਦਰ ਸਿੰਘ ਲਾਡੀ ਡਡਵਿੰਡੀ ਮੈਂਬਰ ਪੀਏਸੀ ਅਤੇ ਸਾਬਕਾ ਪ੍ਰਧਾਨ ਸਹਿਕਾਰੀ ਸਭਾ ਡਡਵਿੰਡੀ, ਬਾਬਾ ਗੁਰਭੇਜ ਸਿੰਘ ਕੱਲਾ, ਭਾਈ ਗੁਰਪ੍ਰੀਤ ਸਿੰਘ ਨਿਰਵੈਰ ਖਾਲਸਾ, ਜਰਨੈਲ ਸਿੰਘ ਵੇਈਂ ਪੂਈ, ਪਰਮਜੀਤ ਸਿੰਘ ਪੰਮਾ ਮੋਠਾਂਵਾਲ, ਗੁਰਦੇਵ ਸਿੰਘ ਵੇਈਂ ਪੂਈ, ਕਸ਼ਮੀਰ ਸਿੰਘ ਫੌਜੀ ਦੰਦੂਪੁਰ ਆਦਿ ਮਹਾਨ ਸੇਵਾਦਾਰ ਹਾਜ਼ਰ ਰਹੇ।