ਸ਼ਹੀਦੀ ਯਾਤਰਾ ਅੱਜ ਪੁੱਜੇਗੀ ਕਪੂਰਥਲਾ ਜ਼ਿਲ੍ਹੇ ’ਚ
ਸ਼ਹੀਦੀ ਯਾਤਰਾ ਅੱਜ ਪੁੱਜੇਗੀ ਕਪੂਰਥਲਾ ਜ਼ਿਲ੍ਹੇ ਵਿੱਚ
Publish Date: Thu, 20 Nov 2025 08:32 PM (IST)
Updated Date: Thu, 20 Nov 2025 08:34 PM (IST)

---ਡਿਪਟੀ ਕਮਿਸ਼ਨਰ ਤੇ ਸੱਜਣ ਚੀਮਾ ਵੱਲੋਂ ਯਾਤਰਾ ਦੇ ਰੂਟ ਦੀ ਸਮੀਖਿਆ --22 ਨਵੰਬਰ ਨੂੰ ਫਗਵਾੜਾ ਸ਼ਹਿਰ ਵਿਚੋਂ ਲੰਘਦੀ ਅੱਗੇ ਹੋਵੇਗੀ ਰਵਾਨਾ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲ਼ਾ : ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਜਾਈ ਜਾ ਰਹੀ ਸ਼ਹੀਦੀ ਯਾਤਰਾ ਕੱਲ 21 ਨਵੰਬਰ ਨੂੰ ਗੋਇੰਦਵਾਲ ਪੁਲ ਤੋਂ ਕਪੂਰਥਲਾ ਜ਼ਿਲ੍ਹੇ ਵਿਚ ਬਾਅਦ ਦੁਪਹਿਰ ਦਾਖਲ ਹੋਵੇਗੀ। ਸ਼ਹੀਦੀ ਯਾਤਰਾ ਦੇ ਰੂਟ ਦਾ ਅੱਜ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ, ਨਗਰ ਸੁਧਾਰ ਟਰੱਸਟ ਕਪੂਰਥਲਾ ਦੇ ਚੇਅਰਮੈਨ ਤੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਵੱਲੋਂ ਜਾਇਜ਼ਾ ਲਿਆ ਗਿਆ। ਡਿਪਟੀ ਕਮਿਸ਼ਨਰ ਨੇ ਗੋਇੰਦਵਾਲ ਪੁਲ, ਜਿਥੋਂ ਸ਼ਹੀਦੀ ਯਾਤਰਾ ਕਪੂਰਥਲਾ ਜ਼ਿਲ੍ਹੇ ਵਿਚ ਦਾਖਲ ਹੋਵੇਗੀ ’ਤੇ ਅਧਿਕਾਰੀਆਂ ਸਮੇਤ ਜਾਇਜ਼ਾ ਲੈਣ ਮੌਕੇ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਯਾਤਰਾ ਦੇ ਸਵਾਗਤ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਇਥੇ ਹੀ ਪੁਲਿਸ ਦੀ ਟੁਕੜੀ ਵੱਲੋਂ ਯਾਤਰਾ ਨੂੰ ਗਾਰਡ ਆਫ ਆਨਰ ਵੀ ਪੇਸ਼ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਗੋਇੰਦਵਾਲ ਪੁਲ ਤੋਂ ਹੋ ਕੇ ਇਹ ਯਾਤਰਾ ਮੁੰਡੀ ਮੋੜ, ਪਿੰਡ ਉੱਚਾ, ਪ੍ਰਵੇਜ ਨਗਰ, ਬੱਸ ਸਟੈਂਡ ਕਪੂਰਥਲਾ ਤੋਂ ਹੋ ਕੇ ਕਰਤਾਰਪੁਰ ਪਹੁੰਚੇਗੀ। ਉਨ੍ਹਾਂ ਦੱਸਿਆ ਕਿ ਯਾਤਰਾ ਦੌਰਾਨ ਸੰਗਤ ਲਈ ਮੁੰਡੀ ਮੋੜ, ਉੱਚਾ ਤੇ ਕਪੂਰਥਲਾ ਬੱਸ ਸਟੈਂਡ ਵਿਖੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ। ਦੱਸਣਯੋਗ ਹੈ ਕਿ 22 ਨਵੰਬਰ ਨੂੰ ਸ਼ਹੀਦੀ ਯਾਤਰਾ ਜ਼ਿਲ੍ਹਾ ਜਲੰਧਰ ਤੋਂ ਸ਼ੁਰੂ ਹੋ ਕੇ ਫਗਵਾੜਾ ਵਿਚੋਂ ਲੰਘਦੇ ਹੋਏ ਸ੍ਰੀ ਆਨੰਦਪੁਰ ਸਾਹਿਬ ਲਈ ਰਵਾਨਾ ਹੋਵੇਗੀ। ਡਿਪਟੀ ਕਮਿਸ਼ਨਰ ਵੱਲੋਂ ਗੋਇੰਦਵਾਲ ਪੁਲ ਤੋਂ ਲੈ ਕੇ ਸ਼ਹਿਰ ਵਿਚੋਂ ਲੰਘਣ ਵਾਲੀ ਯਾਤਰਾ ਦੇ ਰੂਟ ਦਾ ਖੁਦ ਜਾਇਜ਼ਾ ਲਿਆ ਗਿਆ ਤੇ ਅਧਿਕਾਰੀਆਂ ਨੂੰ ਯਾਤਰਾ ਦੇ ਲਈ ਸੁਚਾਰੂ ਆਵਾਜਾਈ ਤੇ ਖਾਸ ਕਰ ਸਾਫ ਸਫਾਈ ਦਾ ਵਿਸ਼ੇਸ਼ ਧਿਆਨ ਰੱਖਣ ਲਈ ਹੁਕਮ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਹੀਦੀ ਸ਼ਤਾਬਦੀ ਯਾਤਰਾ ਦੇ ਲਈ ਸਮੁੱਚੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ। ਉਨ੍ਹਾਂ ਸਮੂਹ ਸ਼ਹਿਰਵਾਸੀਆਂ ਨੂੰ ਅਪੀਲ ਕਰਦਿਆਂ ਗੁਰੂ ਸਾਹਿਬ ਦੀ ਸ਼ਤਾਬਦੀ ਯਾਤਰਾ ਵਿਚ ਪਹੁੰਚ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕਰਨ। ਇਸ ਮੌਕੇ ਉਨ੍ਹਾਂ ਪਾਰਕਿੰਗ, ਸੁਚਾਰੂ ਆਵਾਜਾਈ, ਸੰਗਤ ਲਈ ਲੰਗਰ, ਪੀਣ ਵਾਲੇ ਪਾਣੀ ਆਦਿ ਦੇ ਪ੍ਰਬੰਧਾਂ ਦੀ ਸਮੀਖਿਆ ਕੀਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਵਰਿੰਦਰਪਾਲ ਸਿੰਘ ਬਾਜਵਾ, ਵਧੀਕ ਡਿਪਟੀ ਕਮਿਸ਼ਨਰ (ਜ) ਨਵਨੀਤ ਕੌਰ ਬੱਲ, ਐੱਸਪੀ ਗੁਰਪ੍ਰੀਤ ਸਿੰਘ ਗਿੱਲ ਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ। ਕੈਪਸ਼ਨ: 20ਕੇਪੀਟੀ25