ਸਕੂਲਾਂ ’ਚ ਛੁੱਟੀਆਂ ਵਧਾਈਆਂ ਜਾਣ : ਜੀਟੀਯੂ
ਪੰਜਾਬ ਵਿੱਚ ਪੈ ਰਹੀ ਕੜਾਕੇ ਦੀ ਠੰਢ ਅਤੇ ਸੰਘਣੀ ਧੁੰਦ ਦੇ ਮੱਦੇਨਜ਼ਰ ਸਕੂਲਾਂ ਦੀਆਂ ਛੁੱਟੀਆਂ ਵਿੱਚ ਵਾਧਾ ਕੀਤਾ ਜਾਵੇ : ਜੀ.ਟੀ.ਯੂ
Publish Date: Tue, 30 Dec 2025 08:37 PM (IST)
Updated Date: Tue, 30 Dec 2025 08:41 PM (IST)

ਕੁਲਬੀਰ ਸਿੰਘ ਮਿੰਟੂ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਬੀਤੇ ਦਿਨਾਂ ਤੋਂ ਪੰਜਾਬ ਅੰਦਰ ਪੈ ਰਹੀ ਕੜਾਕੇ ਦੀ ਠੰਡ ਅਤੇ ਸੰਘਣੀ ਧੁੰਦ ਦੇ ਮੱਦੇਨਜ਼ਰ ਸਕੂਲਾਂ ਵਿਚ ਚੱਲ ਰਹੀਆਂ ਛੁੱਟੀਆਂ ਵਿਚ ਸਰਕਾਰ ਨੂੰ ਹੋਰ ਵਾਧਾ ਕਰਨਾ ਚਾਹੀਦਾ ਹੈ। ਇਸ ਸਬੰਧੀ ਸਰਕਾਰ ਤੋਂ ਮੰਗ ਕਰਦਿਆਂ ਗੌਰਮਿੰਟ ਟੀਚਰ ਯੂਨੀਅਨ (ਜੀਟੀਯੂ) ਕਪੂਰਥਲਾ ਦੇ ਪ੍ਰਧਾਨ ਸੁਖਚੈਨ ਸਿੰਘ ਬੱਧਨ, ਸੂਬਾਈ ਆਗੂ ਰਸ਼ਪਾਲ ਸਿੰਘ ਵੜੈਚ, ਸੁਖਦੇਵ ਸਿੰਘ ਬੂਲਪੁਰ, ਕੰਵਰਦੀਪ ਸਿੰਘ, ਯਾਦਵਿੰਦਰ ਸਿੰਘ ਪੰਡੋਰੀ ਜਗੀਰ, ਤਰਮਿੰਦਰ ਸਿੰਘ ਮੱਲ੍ਹੀ, ਜੁਗਿੰਦਰ ਸਿੰਘ ਅਮਾਨੀਪੁਰ, ਬਲਜੀਤ ਸਿੰਘ ਟਿੱਬਾ, ਨਿਰਮਲ ਸਿੰਘ ਬੂਲਪੁਰ, ਅਵਤਾਰ ਸਿੰਘ ਹੈਬਤਪੁਰ ਆਦਿ ਨੇ ਕਿਹਾ ਕਿ ਕੜਾਕੇ ਦੀ ਠੰਢ ਕਾਰਨ ਬੱਚਿਆਂ ਦੇ ਬਿਮਾਰ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਸੇ ਤਰ੍ਹਾਂ ਸੰਘਣੀ ਧੁੰਦ ਕਾਰਨ ਸੜਕਾਂ ’ਤੇ ਅਣਸੁਖਾਵੀਂਆਂ ਘਟਨਾਵਾਂ ਵਾਪਰ ਰਹੀਆਂ ਹਨ, ਜਿਸ ਨਾਲ ਜਾਨੀ ਤੇ ਮਾਲੀ ਨੁਕਸਾਨ ਹੋ ਰਿਹਾ ਹੈ। ਸੰਘਣੀ ਧੁੰਦ ਕਾਰਨ ਬੱਚਿਆਂ ਦੇ ਮਾਪਿਆਂ ਵਿਚ ਵੀ ਡਰ ਦਾ ਮਾਹੌਲ ਹੈ। ਆਗੂਆਂ ਨੇ ਕਿਹਾ ਕਿ ਬੀਤੇ ਸਾਲਾਂ ਦੌਰਾਨ ਵੀ ਕੜਾਕੇ ਦੀ ਠੰਢ ਅਤੇ ਸੰਘਣੀ ਧੁੰਦ ਨੂੰ ਦੇਖਦਿਆਂ ਸਕੂਲਾਂ ਵਿਚ ਛੁੱਟੀਆਂ ਕਰ ਦਿੱਤੀਆਂ ਜਾਂਦੀਆਂ ਸਨ। ਇਸੇ ਤਰ੍ਹਾਂ ਪੈਰੇਂਟਸ ਐਸੋਸੀਏਸ਼ਨ ਸੁਲਤਾਨਪੁਰ ਲੋਧੀ ਦੇ ਆਗੂ ਗੌਰਵ ਸੇਠੀ, ਕੁਲਵਿੰਦਰ ਜੀਤ ਸਿੰਘ ਮੋਮੀ ਵਲਣੀ, ਜਗਜੀਤ ਸਿੰਘ ਧੰਜੂ, ਨਵਜੋਤ ਸਿੰਘ ਡੱਲਾ ਨੇ ਵੀ ਮੰਗ ਕੀਤੀ ਕਿ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿਚ 10 ਜਨਵਰੀ ਤੱਕ ਛੁੱਟੀਆਂ ਕੀਤੀਆਂ ਜਾਣ ਤਾਂ ਜੋ ਚੱਲ ਰਹੀ ਸ਼ੀਤ ਲਹਿਰ ਅਤੇ ਸੰਘਣੀ ਧੁੰਦ ਤੋਂ ਬਚਾਅ ਹੋ ਸਕੇ। ਇਸ ਮੌਕੇ ਅਧਿਆਪਕ ਆਗੂ ਸੁਖਵਿੰਦਰ ਸਿੰਘ ਦੰਦੂਪੁਰ ਨੇ ਵੀ ਸਿੱਖਿਆ ਵਿਭਾਗ ਤੋਂ ਮੰਗ ਕੀਤੀ ਕਿ ਭਾਰੀ ਠੰਢ ਦੇ ਚਲਦਿਆਂ 10 ਜਨਵਰੀ ਤੱਕ ਸਕੂਲਾਂ ਵਿਚ ਛੁੱਟੀਆਂ ਕੀਤੀਆਂ ਜਾਣ।