ਸੇਫ ਸਕੂਲ ਵਾਹਨ ਸਕੀਮ ਤਹਿਤ ਹੀ ਬੱਸਾਂ ਚਲਾਈਆਂ ਜਾਣ
ਸੇਫ ਸਕੂਲ ਵਾਹਨ ਸਕੀਮ ਤਹਿਤ ਹੀ ਸਕੂਲ ਦੀਆਂ ਬੱਸਾਂ ਚਲਾਈਆਂ ਜਾਣ : ਸਰਬਜੀਤ ਸਿੰਘ\ਗੁਰਬਚਨ ਸਿੰਘ
Publish Date: Thu, 22 Jan 2026 09:17 PM (IST)
Updated Date: Thu, 22 Jan 2026 09:18 PM (IST)
- ਸਕੂਲੀ ਬੱਸ ਡਰਾਈਵਰਾਂ ਨੂੰ ਹਾਦਸਿਆਂ ਨੂੰ ਰੋਕਣ ਲਈ ਜਾਗਰੂਕ ਕੀਤਾ ਗਿਆ
ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ
ਕਪੂਰਥਲਾ : ਅਮਰਦੀਪ ਸਿੰਘ ਰਾਏ, ਡਾਇਰੈਕਟਰ ਜਨਰਲ ਆਫ਼ ਪੁਲਿਸ (ਟ੍ਰੈਫਿਕ) ਪੰਜਾਬ ਦੇ ਹੁਕਮਾਂ ਅਨੁਸਾਰ ਸਕੂਲੀ ਬੱਸ ਹਾਦਸਿਆਂ ਨੂੰ ਰੋਕਣ ਲਈ ਅੱਜ ਸਰਬਜੀਤ ਸਿੰਘ ਏਐੱਸਆਈ (ਇੰਚਾਰਜ ਸੜਕ ਸੁਰੱਖਿਆ ਫੋਰਸ ਕਪੂਰਥਲਾ, ਖੋਜੇਵਾਲ ਤੋਂ ਸੁਲਤਾਨਪੁਰ ਲੋਧੀ) ਤੇ ਗੁਰਬਚਨ ਸਿੰਘ ਬੰਗੜ ਰੋਡ ਸੇਫਟੀ ਟੀਮ ਮੈਂਬਰ ਕਪੂਰਥਲਾ ਵੱਲੋਂ ਟੀਮ ਸਮੇਤ ਕਰਾਈਸਟ ਕਿੰਗ ਸਕੂਲ ਕਪੂਰਥਲਾ ਦੇ ਸਕੂਲ ਪ੍ਰਬੰਧਕ ਤੇ ਸਕੂਲ ਬੱਸ ਡਰਾਈਵਰਾਂ ਨੂੰ ਟਰੈਫਿਕ ਨਿਯਮਾਂ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਦੱਸਿਆ ਗਿਆ ਕਿ ਕੋਈ ਵੀ ਸਕੂਲ ਬੱਸ ਡਰਾਈਵਰ ਸ਼ਰਾਬ ਜਾਂ ਕਿਸੇ ਹੋਰ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਦੇ ਹੋਏ ਪਾਇਆ ਜਾਂਦਾ ਹੈ ਤਾਂ ਉਸ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮਾਪੇ ਤੇ ਸਕੂਲ ਪ੍ਰਬੰਧਕ ਸੂਝਵਾਨ ਡਰਾਈਵਰ ਦੇ ਨਾਲ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਤੇ ਡਰਾਈਵਰ ਬਾਰੇ ਪੂਰੀ ਜਾਣਕਾਰੀ ਰੱਖਣ। ਸਰਬਜੀਤ ਸਿੰਘ ਨੇ ਦੱਸਿਆ ਕਿ ਜੇ ਕੋਈ ਹਾਦਸਾ ਹੁੰਦਾ ਹੈ ਤਾਂ 112 ’ਤੇ ਤੁਰੰਤ ਸੰਪਰਕ ਕਰ ਸਕਦੇ ਹੋ, ਸੜਕ ਸੁਰੱਖਿਆ ਫੋਰਸ ਹਾਦਸੇ ਵਾਲੀ ਜਗ੍ਹਾ ’ਤੇ ਮਦਦ ਲਈ ਪਹੁੰਚ ਜਾਵੇਗੀ। ਪ੍ਰਬੰਧਕ ਕਮੇਟੀ ਨੂੰ ਕਿਹਾ ਕਿ ਜਿਹੜੇ ਡਰਾਈਵਰ ਨਸ਼ਾ ਨਾ ਕਰਦੇ ਹੋਣ, ਕੇਵਲ ਉਨ੍ਹਾਂ ਨੂੰ ਹੀ ਸਕੂਲ ਬੱਸਾਂ ਚਲਾਉਣ ਲਈ ਦਿੱਤੀਆਂ ਜਾਣ। ਹਰ ਡਰਾਈਵਰ ਕੋਲ ਜੋ ਬੱਸ ਚਲਾ ਰਿਹਾ ਹੈ, ਉਸ ਦਾ ਫਿਟਨੈੱਸ ਸਰਟੀਫੀਕੇਟ ਹੋਵੇ, ਉਹ ਸਕੂਲ ਬੱਸ ਵਿਚ ਸਮਰੱਥਾ ਅਨੁਸਾਰਬੱਚਿਆਂ ਨੂੰ ਬਿਠਾਏ, ਬੱਸ ਵਿਚ ਸਪੀਡ ਗਵਰਨਰ ਚਾਲੂ ਹਾਲਤ ਵਿਚ ਲੱਗਿਆ ਹੋਵੇ, ਬੱਸ ਦੇ ਡਰਾਈਵਰ ਕੋਲ ਬੱਸ ਚਲਾਉਣ ਦਾ ਲਾਈਸੈਂਸ ਹੋਵੇ, ਗੁਰਬਚਨ ਸਿੰਘ ਬੰਗੜ ਸਟੇਟ ਅਵਾਰਡੀ ਜ਼ਿਲ੍ਹਾ ਰੋਡ ਸੇਫਟੀ ਟੀਮ ਮੈਂਬਰ ਨੇ ਸਕੂਲ ਪ੍ਰਬੰਧਕ ਕਮੇਟੀ ਨੂੰ ਅਪੀਲ ਕੀਤੀ ਕਿ ਸਰਕਾਰ ਦੀ ਸੇਫ ਵਾਹਨ ਸਕੀਮ ਤਹਿਤ ਹੀ ਸਕੂਲ ਦੀਆਂ ਬੱਸਾਂ ਚਲਾਈਆਂ ਜਾਣ। ਹਾਦਸਿਆਂ ਨੂੰ ਰੋਕਣ ਲਈ ਬੱਸ ਡਰਾਈਵਰਾਂ ਦਾ ਤਜਰਬੇਕਾਰ ਹੋਣਾ ਜ਼ਰੂਰੀ ਹੈ। ਅੱਗ ਬੁਝਾਊ ਯੰਤਰ, ਫਸਟ ਏਡ ਬਾਕਸ ਸਮੇਤ ਜ਼ਰੂਰਤ ਅਨੁਸਾਰ ਦਵਾਈਆਂ ਬੱਸ ਵਿਚ ਹੋਣਾ ਜ਼ਰੂਰੀ ਹੈ ਤਾਂ ਕਿ ਲੋੜ ਪੈਣ ’ਤੇ ਇਨ੍ਹਾਂ ਦੀ ਵਰਤੋਂ ਕੀਤੀ ਜਾਵੇ। ਜਿਨ੍ਹਾਂ ਬੱਸਾਂ ਵਿਚ ਵਿਦਿਆਰਥਣਾਂ ਸਫ਼ਰ ਕਰਦੀਆਂ ਹਨ, ਉਨ੍ਹਾਂ ਵਿਚ ਔਰਤਾਂ ਦਾ ਹੈਲਪਰ ਹੋਣਾ ਜ਼ਰੂਰੀ ਹੈ। ਸਕੂਲ ਪ੍ਰਬੰਧਕ ਕਮੇਟੀ ਨੂੰ ਹਦਾਇਤ ਕੀਤੀ ਗਈਕਿ ਨਸ਼ਾ ਰਹਿਤ ਡਰਾਈਵਰਾਂ ਦੀ ਨਿਯੁਕਤੀ ਕੀਤੀ ਜਾਵੇ। ਇਸ ਮੌਕੇ ਦਵਿੰਦਰ ਸਿੰਘ ਇੰਚਾਰਜ ਟ੍ਰੈਫਿਕ ਐਜੂਕੇਸ਼ਨ, ਦਿਲਬਾਗ ਸਿੰਘ ਟਾਂਡੀ, ਬਲਵਿੰਦਰ ਸਿੰਘ ਨਟਕਰ ਟ੍ਰੈਫਿਕ ਪੁਲਿਸ ਕਪੂਰਥਲਾ, ਸਕੂਲ ਦੇ ਪ੍ਰਿੰਸੀਪਲ, ਸਕੂਲ ਸਟਾਫ ਤੇ ਸਕੂਲ ਬੱਸਾਂ ਦੇ ਡਰਾਈਵਰ ਹਾਜ਼ਰ ਸਨ।