ਸਕੇਪ ਵੱਲੋਂ ਸੰਧੂ ਦੀ ਯਾਦ ’ਚ ਸ਼ੋਕ ਸਮਾਗਮ
ਸਕੇਪ ਸਾਹਿਤਕ ਸੰਸਥਾ ਵੱਲੋਂ ਕਰਮਜੀਤ ਸਿੰਘ ਸੰਧੂ ਦੀ ਯਾਦ ਵਿੱਚ ਸ਼ੋਕ ਸਮਾਗਮ
Publish Date: Sat, 24 Jan 2026 07:28 PM (IST)
Updated Date: Sat, 24 Jan 2026 07:31 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਸਕੇਪ ਸਾਹਿਤਕ ਸੰਸਥਾ, ਫਗਵਾੜਾ ਦੇ ਬਹੁਤ ਹੀ ਸੁਹਿਰਦ ਮੈਂਬਰ ਕਰਮਜੀਤ ਸਿੰਘ ਸੰਧੂ, ਜੋ ਕਿ ਮਿਤੀ 18 ਜਨਵਰੀ 2026 ਨੂੰ ਸਦੀਵੀਂ ਵਿਛੋੜਾ ਦੇ ਗਏ ਸਨ, ਦੀ ਯਾਦ ਵਿਚ ਇਕ ਸ਼ੋਕ ਸਮਾਗਮ ਕੀਤਾ ਗਿਆ। ਇਸ ਸੰਖੇਪ ਪਰ ਭਰਵੇਂ ਸਮਾਗਮ ਵਿਚ ਬੋਲਦਿਆਂ ਸੰਸਥਾ ਦੇ ਸਰਪ੍ਰਸਤ ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਨੇ ਦੱਸਿਆ ਕਿ ਕਰਮਜੀਤ ਸਿੰਘ ਸੰਧੂ ਸੱਚੀ ਗੱਲ ਬੜੀ ਬੇਬਾਕੀ ਨਾਲ ਕਹਿੰਦੇ ਸਨ। ਉਹ ਗ਼ਰੀਬ-ਗ਼ੁਰਬੇ ਨਾਲ਼ ਹਮਦਰਦੀ ਰੱਖਦੇ ਸਨ ਤੇ ਲੋਕ ਭਲਾਈ ਦੇ ਕੰਮਾਂ ਵਿਚ ਵੱਧ-ਚੜ੍ਹ ਕੇ ਹਿੱਸਾ ਲੈਂਦੇ ਸਨ। ਆਪਣੇ ਮੁਹੱਲੇ ਦੇ ਪਾਰਕ ਦੀ ਦੇਖਭਾਲ ਕਰਨ ਦੇ ਨਾਲ ਉਹ ਉੱਥੇ ਇਕ ਪਬਲਿਕ ਲਾਇਬ੍ਰੇਰੀ ਵੀ ਚਲਾਉਂਦੇ ਸਨ। ਸੰਸਥਾ ਦੇ ਪ੍ਰਧਾਨ ਰਵਿੰਦਰ ਚੋਟ ਨੇ ਕਰਮਜੀਤ ਸਿੰਘ ਸੰਧੂ ਦੀ ਸਾਹਿਤਕ ਪੱਖ ’ਤੇ ਰੋਸ਼ਨੀ ਪਾਈ। ਉਨ੍ਹਾਂ ਦੱਸਿਆ ਕਿ ਕਰਮਜੀਤ ਸੰਧੂ ਦੀਆਂ ਕਹਾਣੀਆਂ ‘ਅਜੀਤ’ ਤੋਂ ਇਲਾਵਾਂ ਹੋਰ ਵੀ ਅਖ਼ਬਾਰਾਂ ਵਿਚ ਛੱਪਦੀਆਂ ਰਹੀਆਂ। ਹੁਣ ਉਹ ਆਪਣੀ ਕਿਤਾਬ ਛਪਾਉਣੀ ਚਾਹੁੰਦੇ ਸਨ ਪਰ ਉਨ੍ਹਾਂ ਦੀ ਇਹ ਖ਼ਾਹਿਸ਼ ਅਧੂਰੀ ਹੀ ਰਹਿ ਗਈ। ਉਨ੍ਹਾਂ ਦੀਆਂ ਕਵਿਤਾਵਾਂ ਤੇ ਕਹਾਣੀਆਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਲਈ ਪ੍ਰੇਰਦੀਆਂ ਸਨ। ਸਭਾ ਦੇ ਮੀਤ ਪ੍ਰਧਾਨ ਪਰਵਿੰਦਰਜੀਤ ਸਿੰਘ ਨੇ ਦੱਸਿਆ ਕਿ ਕਰਮਜੀਤ ਸਿੰਘ ਇਸ ਸੰਸਥਾ ਨਾਲ 2015 ਤੋਂ ਜੁੜੇ ਹੋਏ ਸਨ। ਉਹ ਹਰ ਸਮਾਗਮ ਵਿਚ ਵੱਧ-ਚੜ੍ਹ ਕੇ ਹਿੱਸਾ ਲੈਂਦੇ ਸਨ। ਇਸ ਸੰਖੇਪ ਸਮਾਗਮ ਵਿਚ ਅਸ਼ੋਕ ਟਾਂਡੀ, ਮਨਦੀਪ ਸਿੰਘ, ਸੁਖਦੇਵ ਗੰਢਵਾਂ, ਬਲਦੇਵ ਰਾਜ ਕੋਮਲ, ਕਮਲੇਸ਼ ਸੰਧੂ, ਮਨੋਜ ਫਗਵਾੜਵੀ ਨੇ ਵੀ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ।