ਦਰਅਸਲ, ਸਿੱਖ ਕੌਮ ਨੂੰ ਇਸ ਸਿਰਲੇਖ ‘ਵੀਰ ਬਾਲ ਦਿਵਸ’ ਤੋਂ ਪਹਿਲੇ ਦਿਨ ਤੋਂ ਸਖਤ ਇਤਰਾਜ਼ ਸੀ। ਸਾਹਿਬਜ਼ਾਦੇ ਸਿੱਖਾਂ ਲਈ ‘ਬਾਲ’ ਨਹੀਂ ਬਲਕਿ ‘ਬਾਬੇ’ ਹਨ। ਵੀਰਵਾਰ ਸਵੇਰੇ ਸੰਸਦ ਦਾ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਆਪਣੇ ਹੱਥਾਂ ਵਿਚ ਤਖ਼ਤੀਆਂ ਫੜੀਆਂ ਹੋਈਆਂ ਸਨ। ਉਨ੍ਹਾਂ ਨੇ ਰੋਸ ਮੁਜ਼ਾਹਰਾ ਸ਼ੁਰੂ ਕਰਨ ਤੋਂ ਪਹਿਲਾਂ ‘ਬੋਲੇ ਸੋ ਨਿਹਾਲ’ ਦਾ ਜੈਕਾਰਾ ਵੀ ਗਜਾਇਆ।

ਮਿੰਟੂ/ਲੱਖੀ, ਪੰਜਾਬੀ ਜਾਗਰਣ, ਸੁਲਤਾਨਪੁਰ ਲੋਧੀ : ਸੰਸਦ ਦੇ ਜਾਰੀ ਸਰਦ ਰੁੱਤ ਇਜਲਾਸ ਦੌਰਾਨ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹਾਦਤ ਦਿਹਾੜੇ ਦਾ ਨਾਂ ‘ਵੀਰ ਬਾਲ ਦਿਵਸ’ ਦੀ ਥਾਂ ‘ਸਾਹਿਬਜ਼ਾਦੇ ਸ਼ਹਾਦਤ ਦਿਵਸ’ ਰੱਖਣ ਦੀ ਮੰਗ ਕੀਤੀ ਹੈ। ਇਸ ਕੌਮੀ ਮੰਗ ਨੂੰ ਲੈ ਕੇ ਉਨ੍ਹਾਂ ਨੇ ਸੰਸਦ ਦੇ ਮੁੱਖ ਦੁਆਰ ’ਤੇ ਰੋਸ ਮੁਜ਼ਾਹਰਾ ਕੀਤਾ ਤੇ ਦੱਸਿਆ ਕਿ ਉਨ੍ਹਾਂ ਨੇ ਲੰਘੀ 9 ਦਸੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਕੇਂਦਰੀ ਬਾਲ ਵਿਕਾਸ ਮੰਤਰਾਲੇ ਨੂੰ ਪੱਤਰ ਲਿਖ ਕੇ ਮੰਗ ਕੀਤੀ ਸੀ ਕਿ ਸਿੱਖਾਂ ਦੇ ਕੌਮੀ ਜਜ਼ਬੇ ਦੇ ਮੱਦੇਨਜ਼ਰ ਮੌਜੂਦਾ ‘ਵੀਰ ਬਾਲ ਦਿਵਸ’ ਦਾ ਨਾਂ ‘ਸਾਹਿਬਜ਼ਾਦੇ ਸ਼ਹਾਦਤ ਦਿਵਸ’ ਰੱਖਿਆ ਜਾਵੇ।
ਦਰਅਸਲ, ਸਿੱਖ ਕੌਮ ਨੂੰ ਇਸ ਸਿਰਲੇਖ ‘ਵੀਰ ਬਾਲ ਦਿਵਸ’ ਤੋਂ ਪਹਿਲੇ ਦਿਨ ਤੋਂ ਸਖਤ ਇਤਰਾਜ਼ ਸੀ। ਸਾਹਿਬਜ਼ਾਦੇ ਸਿੱਖਾਂ ਲਈ ‘ਬਾਲ’ ਨਹੀਂ ਬਲਕਿ ‘ਬਾਬੇ’ ਹਨ। ਵੀਰਵਾਰ ਸਵੇਰੇ ਸੰਸਦ ਦਾ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਆਪਣੇ ਹੱਥਾਂ ਵਿਚ ਤਖ਼ਤੀਆਂ ਫੜੀਆਂ ਹੋਈਆਂ ਸਨ। ਉਨ੍ਹਾਂ ਨੇ ਰੋਸ ਮੁਜ਼ਾਹਰਾ ਸ਼ੁਰੂ ਕਰਨ ਤੋਂ ਪਹਿਲਾਂ ‘ਬੋਲੇ ਸੋ ਨਿਹਾਲ’ ਦਾ ਜੈਕਾਰਾ ਵੀ ਗਜਾਇਆ। ਸੰਤ ਸੀਚੇਵਾਲ ਨੇ ਦੱਸਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਉਨ੍ਹਾਂ ਨੂੰ ਪੱਤਰ ਪ੍ਰਾਪਤ ਹੋਇਆ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਕੇਂਦਰ ਸਰਕਾਰ ਵੱਲੋਂ ਸਾਲ 2022 ਤੋਂ ਸਾਹਿਬਜ਼ਾਦਿਆਂ ਦੀ ਯਾਦ ਵਿਚ ਜਿਹੜਾ ਰਾਸ਼ਟਰੀ ਪੱਧਰ ‘ਤੇ ‘ਵੀਰ ਬਾਲ ਦਿਵਸ’ ਮਨਾਇਆ ਜਾਂਦਾ ਹੈ, ਇਸ ਨਾਂ ਬਾਰੇ ਸਿੱਖਾਂ ਨੂੰ ਇਤਰਾਜ਼ ਹੈ। ਅਕਾਲ ਤਖ਼ਤ ਸਾਹਿਬ ਵੱਲੋਂ ਪੰਜਾਬ ਦੇ ਸਾਰੇ ਸੰਸਦ ਮੈਂਬਰਾਂ ਨੂੰ ਕਿਹਾ ਗਿਆ ਹੈ ਕਿ ਉਹ ਇਹ ਨਾਂ ਬਦਲਾਉਣ ਲਈ ਕੇਂਦਰ ਸਰਕਾਰ ’ਤੇ ਦਬਾਅ ਬਣਾਉਣ।
ਸੰਤ ਸੀਚੇਵਾਲ ਨੇ ਦੱਸਿਆ ਕਿ 15 ਦਸੰਬਰ ਨੂੰ ਉਨ੍ਹਾਂ ਨੇ ਇਸ ਮੰਤਵ ਨੂੰ ਲੈ ਕੇ ‘ਸਿਫਰ ਕਾਲ’ ਦੌਰਾਨ ਇਹ ਮੁੱਦਾ ਉਠਾਉਣਾ ਸੀ। ਉਸ ਦਿਨ ਭਾਜਪਾਈ ਮੈਂਬਰਾਂ ਵੱਲੋਂ ਹੰਗਾਮਾ ਖੜ੍ਹਾ ਕਰਨ ਕਰ ਕੇ ਸਿਫ਼ਰ ਕਾਲ ਰੌਲੇ ਰੱਪੇ ਦੀ ਭੇਟ ਚੜ੍ਹ ਗਿਆ ਸੀ। ਹੁਣ ਜਦੋਂ ਸਰਦ ਰੁੱਤ ਸੈਸ਼ਨ ਦਾ ਇਕ ਦਿਨ ਬਾਕੀ ਬਚਿਆਂ ਹੈ ਤਾਂ ਉਨ੍ਹਾਂ ਨੇ ਇਸ ਮਸਲੇ ਨੂੰ ਲੈ ਕੇ ਰੋਸ ਮੁਜ਼ਾਹਰਾ ਕਰਨ ਦਾ ਫੈਸਲਾ ਲਿਆ ਸੀ। ਹਰ ਸਿੱਖ ਤੇ ਪੰਜਾਬੀ ਨੂੰ ਇਸ ਬਾਰੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।