ਸੰਤ ਸੀਚੇਵਾਲ ਨੇ 10ਵੇਂ ਜੇਪੀਜੀਏ ਕਿਸਾਨ ਮੇਲੇ ਦਾ ਕੀਤਾ ਉਦਘਾਟਨ
ਸੰਤ ਸੀਚੇਵਾਲ ਨੇ 10ਵੇਂ ਜੇ.ਪੀ.ਜੀ.ਏ ਕਿਸਾਨ ਮੇਲੇ ਦਾ ਕੀਤਾ ਉਦਘਾਟਨ
Publish Date: Mon, 08 Dec 2025 08:50 PM (IST)
Updated Date: Mon, 08 Dec 2025 08:54 PM (IST)

-ਪੀਏਯੂ ਆਲੂ ਖੋਜ ਕੇਂਦਰ ਲਈ ਦੋ ਲੱਖ ਰੁਪਏ ਦਾ ਸਹਿਯੋਗ ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਨਕੋਦਰ ਵਿਚ ਆਯੋਜਿਤ 10ਵੇਂ ਜੇਪੀਜੀਏ ਕਿਸਾਨ ਮੇਲੇ ਦਾ ਉਦਘਾਟਨ ਪ੍ਰਸਿੱਧ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਸ਼ਾਨਦਾਰ ਢੰਗ ਨਾਲ ਕੀਤਾ ਗਿਆ। ਇਸ ਮੌਕੇ ਜੇਪੀਜੀਏ ਟੀਮ ਵੱਲੋਂ ਆਲੂ ਖੋਜ ਕੇਂਦਰ, ਪੀਏਯੂ ਲੁਧਿਆਣਾ ਨੂੰ ਰਿਸਰਚ ਕਾਰਜਾਂ ਲਈ ਦੋ ਲੱਖ ਰੁਪਏ ਦਾ ਚੈੱਕ ਭੇਟ ਕਰਕੇ ਮਹੱਤਵਪੂਰਨ ਯੋਗਦਾਨ ਦਿੱਤਾ ਗਿਆ। ਐੱਸਡੀਐੱਮ ਨਕੋਦਰ ਲਾਲ ਵਿਸ਼ਵਾਸ ਸਮੇਤ ਜਲੰਧਰ ਪੋਟੈਟੋ ਗਰੋਅਰ ਐਸੋਸੀਏਸ਼ਨ ਦੀ ਟੀਮ ਵੱਲੋਂ ਸੰਤ ਸੀਚੇਵਾਲ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਮੇਲੇ ਵਿਚ ਸ਼ਾਮਲ ਸਾਰੀਆਂ ਕੰਪਨੀਆਂ ਦੇ ਸਟਾਲਾਂ ’ਤੇ ਸੰਤ ਸੀਚੇਵਾਲ ਨੂੰ ਵਿਸਥਾਰਪੂਵਕ ਜਾਣਕਾਰੀ ਦਿੱਤੀ ਗਈ। ਸੈਮੀਨਾਰ ਦੀ ਸ਼ੁਰੂਆਤ ਕਰਦਿਆਂ ਸੰਤ ਸੀਚੇਵਾਲ ਨੇ ਕਿਸਾਨਾਂ ਨੂੰ ਲੋੜ ਤੋਂ ਵੱਧ ਖਾਦਾਂ ਦੇ ਇਸਤੇਮਾਲ ਤੋਂ ਬਚਣ ਅਤੇ ਮਿੱਟੀ ਟੈਸਟ ਬਾਅਦ ਹੀ ਖਾਦਾਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਆਧੁਨਿਕ ਖੇਤੀ ਵੱਲ ਵੱਧ ਰਿਹਾ ਰੁਝਾਨ ਹੀ ਕਿਸਾਨ ਜਾਗਰੂਕਤਾ ਦਾ ਨਤੀਜਾ ਹੈ। ਜਿਥੇ ਪਹਿਲਾਂ ਮੇਲੇ ਸਿਰਫ ਯੂਨੀਵਰਸਿਟੀਆਂ ਕਰਵਾਉਂਦੀਆਂ ਸਨ, ਅੱਜ ਕਿਸਾਨਾਂ ਵੱਲੋਂ ਸਾਰੀਆਂ ਵਿਸ਼ਵ ਪੱਧਰੀ ਕੰਪਨੀਆਂ ਨੂੰ ਇਕ ਮੰਚ ’ਤੇ ਇਕੱਠਾ ਕਰਨਾ ਇਕ ਵੱਡੀ ਪਹਲ ਹੈ। ਉਨ੍ਹਾਂ ਜੇਪੀਜੀਏ ਕਮੇਟੀ ਦੇ ਉਪਰਾਲੇ ਦੀ ਖਾਸ ਸ਼ਲਾਘਾ ਕੀਤੀ। ਮੇਲੇ ਦੇ ਪਹਿਲੇ ਦਿਨ ਸੰਗਤਾਂ ਅਤੇ ਕਿਸਾਨਾਂ ਦੀ ਜ਼ਬਰਦਸਤ ਭਾਗੀਦਾਰੀ ਵੇਖਣ ਨੂੰ ਮਿਲੀ। ਸੈਮੀਨਾਰ ਦੌਰਾਨ ਮਾਹਰਾਂ ਨੇ ਆਲੂ ਦੀ ਖੇਤੀ ਨੂੰ ਵਧੇਰੇ ਲਾਭਕਾਰੀ ਬਣਾਉਣ ਲਈ ਵਿਗਿਆਨਕ ਗੱਲਾਂ ਸਾਂਝੀਆਂ ਕੀਤੀਆਂ। ਡਾ. ਅਜਮੇਰ ਸਿੰਘ ਢੱਟ, ਡਾਇਰੈਕਟਰ ਆਲੂ ਰਿਸਰਚ ਸੈਂਟਰ, ਪੀਏਯੂ ਲੁਧਿਆਣਾ ਨੇ ਕਿਸਾਨਾਂ ਨੂੰ ਖੇਤ ਨੂੰ ਕੁਝ ਸਮੇਂ ਲਈ ਖਾਲੀ ਛੱਡਣ ਦੀ ਸਲਾਹ ਦਿੰਦਿਆਂ ਕਿਹਾ ਕਿ ਇਸ ਨਾਲ ਬੀਜ ਰੋਗ ਰਹਿਤ ਅਤੇ ਬਿਹਤਰ ਗੁਣਵੱਤਾ ਵਾਲਾ ਤਿਆਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਵੱਧ ਸਲਾਬ ਕਾਰਨ ਪੈਦਾਵਾਰ ’ਤੇ ਬਿਮਾਰੀਆਂ ਦਾ ਅਸਰ ਵੱਧਦਾ ਹੈ, ਇਸ ਲਈ ਚੰਗੇ ਬੀਜ ਦੀ ਪਛਾਣ ਅਤੇ ਚੋਣ ਬਹੁਤ ਮਹੱਤਵਪੂਰਨ ਹੈ। ਐਸੋਸੀਏਸ਼ਨ ਪ੍ਰਧਾਨ ਗੁਰਰਾਜ ਸਿੰਘ ਨਿੱਝਰ ਨੇ ਸਾਰੇ ਮਹਿਮਾਨਾਂ, ਮਾਹਰਾਂ, ਕੰਪਨੀ ਪ੍ਰਤਿਨਿਧੀਆਂ ਅਤੇ ਕਿਸਾਨਾਂ ਦਾ ਜੀ ਆਇਆਂ ਕਰਦਿਆਂ ਧੰਨਵਾਦ ਕੀਤਾ। ਡਾ. ਸਤਪਾਲ ਸ਼ਰਮਾ ਤੇ ਇੰਜੀਨੀਅਰ ਸੁਖਵਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਆਲੂ ਦੇ ਉੱਚ ਗੁਣਵੱਤਾ ਵਾਲੇ ਬੀਜ ਤਿਆਰ ਕਰਨ ਲਈ 10-12 ਸਾਲ ਦਾ ਲੰਮਾ ਸਮਾਂ ਲੱਗਦਾ ਹੈ। ਉਨ੍ਹਾਂ ਦੱਸਿਆ ਕਿ ਹਿਮਾਚਲ ਦੇ ਕੇਲਾਂਗ ਖੇਤਰ ਵਿਚ ਨਵੀਆਂ ਵਰਾਇਟੀਆਂ ’ਤੇ ਖੋਜ ਜਾਰੀ ਹੈ ਅਤੇ ਪੰਜਾਬ 101 ਅਤੇ ਪੰਜਾਬ 102 ਵਰਾਇਟੀਆਂ ਹੁਣ ਮਾਰਕੀਟ ਵਿਚ ਉਪਲਬਧ ਹਨ, ਜਿਨ੍ਹਾਂ ਦੀ ਪੈਦਾਵਾਰ 184 ਕਵਿੰਟਲ ਤੱਕ ਪਹੁੰਚ ਰਹੀ ਹੈ। ਡਾ. ਗੁਲਜਾਰ ਸਿੰਘ ਸੰਘੇੜਾ ਨੇ ਗੰਨੇ ਦੀ ਬਦਲਵੀਂ ਖੇਤੀ ਬਾਰੇ ਗੱਲ ਕਰਦਿਆਂ ਕਿਸਾਨਾਂ ਨੂੰ ਇੰਟਰਕਰਾਪਿੰਗ ਰਾਹੀਂ ਵਾਧੂ ਲਾਭ ਪ੍ਰਾਪਤ ਕਰਨ ਦੀ ਸਲਾਹ ਦਿੱਤੀ । ਸਟੇਜ ਸੈਕਟਰੀ ਦੀ ਜ਼ਿੰਮੇਵਾਰੀ ਡਾ. ਇੰਦਰਪ੍ਰੀਤ ਕੌਰ ਨੇ ਨਿਭਾਈ। ਇਸ ਮੌਕੇ ਡਾ. ਨਵਜੋਤ ਦਾਹੀਆ, ਡੀਐੱਸਪੀ ਉਂਕਾਰ ਸਿੰਘ ਬਰਾੜ, ਅਜੇਪਾਲ ਸਿੰਘ ਢਿੱਲੋਂ, ਹਰਵਿੰਦਰ ਸਿੰਘ ਡੱਲੀ, ਰਾਜਾ ਪਰਮਪ੍ਰੀਤ ਸਿੰਘ ਪੁਰੇਵਾਲ, ਨਵਜੋਤ ਸਿੰਘ ਚੱਠਾ, ਹਰਦੀਪ ਸਿੰਘ ਲਾਲੀ, ਸਤਨਾਮ ਸਿੰਘ, ਸੁਖਵਿੰਦਰ ਸਿੰਘ, ਮੰਨਾ ਢਿੱਲੋਂ, ਮੇਜਰ ਸਿੰਘ, ਸੰਤੋਖ ਸਿੰਘ ਖਹਿਰਾ, ਰਣਜੀਤ ਸਿੰਘ ਤੇ ਜੋਗਾ ਸਿੰਘ ਥਿੰਦ ਮਸ਼ੀਨਰੀ ਸਟੋਰ, ਸਨਪ੍ਰੀਤ ਸਿੰਘ ਤੇ ਗੁਰਵਿੰਦਰ ਸਿੰਘ ਸਮੇਤ ਕਈ ਪ੍ਰਮੁੱਖ ਹਸਤੀਆਂ ਹਾਜ਼ਰ ਰਹੀਆਂ।