ਹਰੀਕੇ ਪੱਤਣ ਦੀ ਡੀ-ਸਿਲਟਿੰਗ ਲਈ ਸੰਤ ਸੀਚੇਵਾਲ ਨੇ ਵਿਸ਼ੇਸ਼ ਪੈਕੇਜ ਦੀ ਕੀਤੀ ਮੰਗ

--ਜਲ-ਭੰਡਾਰਾਂ ’ਚ ਗਾਰ ਜਮ੍ਹਾਂ ਹੋਣ ਨਾਲ ਪੰਜਾਬ ’ਚ ਹੜ੍ਹਾਂ ਦਾ ਖਤਰਾ
ਕੁਲਬੀਰ ਸਿੰਘ ਮਿੰਟੂ\ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕੇਂਦਰੀ ਜਲ ਸ਼ਕਤੀ ਮੰਤਰੀ ਸੀਆਰ ਪਾਟਿਲ ਨੂੰ ਲਿਖੇ ਪੱਤਰ ਵਿਚ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੰਜਾਬ ਲਈ ਹੜ੍ਹ ਪ੍ਰਬੰਧਨ ਅਤੇ ਹਰੀਕੇ ਪੱਤਣ ਦੀ ਡੀ-ਸਿਲਟਿੰਗ ਲਈ ਵਿਸ਼ੇਸ਼ ਪੈਕੇਜ ਜਾਰੀ ਕੀਤਾ ਜਾਵੇ। ਸੰਤ ਸੀਚੇਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜੇ ਵਿਸ਼ੇਸ਼ ਪੈਕੇਜ ਦੇਣ ਵਿਚ ਹੁਣ ਵੀ ਦੇਰੀ ਕੀਤੀ ਤਾਂ ਆਉਣ ਵਾਲੇ ਸਮੇਂ ਵਿਚ ਪੰਜਾਬ ਨੂੰ ਹੋਰ ਵੱਡੀਆਂ ‘ਕੁਦਰਤੀ’ ਤਬਾਹੀਆਂ ਦਾ ਸਾਹਮਣਾ ਕਰਨਾ ਪੈ ਸਕਦਾ। ਉਨ੍ਹਾਂ ਦੱਸਿਆ ਕਿ ਸਤਲੁਜ ਦਰਿਆ ‘ਤੇ ਬਣੇ ਗਿੱਦੜਪਿੰਡੀ ਰੇਲਵੇ ਪੁਲ ਹੇਠੋਂ ਸਾਲ 2020 ਵਿਚ ਤੇ ਬੁੱਢਾ ਦਰਿਆ ਵਿਚ ਜੂਨ-ਜੁਲਾਈ ਮਹੀਨਿਆਂ ਦੌਰਾਨ ਵੱਡੀ ਪੱਧਰ ‘ਤੇ ਗਾਰ ਕੱਢਣ ਨਾਲ ਇਲਾਕਾ ਹੜ੍ਹਾਂ ਦੀ ਮਾਰ ਤੋਂ ਬਚਿਆ ਰਿਹਾ ਸੀ। ਸੰਤ ਸੀਚੇਵਾਲ ਨੇ ਆਪਣੇ ਪੱਤਰ ਰਾਹੀ ਕਿਹਾ ਕਿ ਪੰਜਾਬ ਵਿਚ ਅਗਸਤ 2025 ਦੌਰਾਨ ਆਏ ਭਿਆਨਕ ਹੜਾਂ ਨੇ ਭਾਰੀ ਤਬਾਹੀ ਮਚਾਈ ਸੀ। ਇਸ ਤੋਂ ਬਾਅਦ ਰਾਵੀ ਦਰਿਆ ਵਿਚ ਆਏ ਹੜ੍ਹ ਨੇ ਤਾਂ ਸਾਰੇ ਰਿਕਾਰਡ ਹੀ ਤੋੜ ਦਿੱਤੇ ਹਨ। ਇਨ੍ਹਾਂ ਹੜ੍ਹਾਂ ਨੇ ਮਾਝਾ, ਮਾਲਵਾ ਅਤੇ ਦੋਆਬਾ ਖੇਤਰਾਂ ਵਿਚ ਵੱਡੀ ਤਬਾਹੀ ਮਚਾਈ ਸੀ। ਸੈਂਕੜੇ ਪਿੰਡ ਪ੍ਰਭਾਵਿਤ ਹੋਏ ਹਨ, 50 ਤੋਂ ਵੱਧ ਕੀਮਤੀ ਜਾਨਾਂ ਗਈਆਂ ਹਨ। ਕਿਸਾਨਾਂ ਦੀਆਂ ਝੋਨੇ ਦੀਆਂ ਫਸਲਾਂ ਲਗਭਗ 100 ਫੀਸਦੀ ਤੱਕ ਬਰਬਾਦ ਹੋ ਗਈਆਂ। ਸੜਕਾਂ, ਸਰਕਾਰੀ ਇਮਾਰਤਾਂ ਅਤੇ ਪੇਂਡੂ ਬੁਨਿਆਦੀ ਢਾਂਚੇ ਦਾ ਵੀ ਭਾਰੀ ਨੁਕਸਾਨ ਹੋਇਆ। ਪੱਤਰ ਵਿਚ ਹਰੀਕੇ ਪੱਤਣ ਹੈੱਡ ਵਰਕਸ ਦਾ ਜ਼ਿਕਰ ਕਰਦਿਆ ਸੰਤ ਸੀਚੇਵਾਲ ਨੇ ਕਿਹਾ ਕਿ ਜਿਥੇ ਸਤਲੁਜ ਅਤੇ ਬਿਆਸ ਦਰਿਆਵਾਂ ਦਾ ਸੰਗਮ ਹੁੰਦਾ ਹੈ, 1952–53 ਵਿਚ ਇਸ ਬੈਰਾਜ ਦੇ ਬਣਨ ਤੋਂ ਬਾਅਦ ਅੱਜ ਤੱਕ ਇਕ ਵਾਰ ਵੀ ਇਥੇ ਡੀ-ਸਿਲਟਿੰਗ ਨਹੀਂ ਹੋਈ। ਲਗਭਗ 48 ਵਰਗ ਕਿਲੋਮੀਟਰ ਖੇਤਰ ਵਿਚ ਭਾਰੀ ਪੱਧਰ ’ਤੇ ਗਾਰ ਜਮ੍ਹਾ ਹੋ ਚੁੱਕੀ ਹੈ, ਜਿਸ ਕਾਰਨ ਹੜ੍ਹਾਂ ਦੌਰਾਨ ਪਾਣੀ ਰੋਕਣ ਦੀ ਸਮਰੱਥਾ ਖਤਮ ਹੋ ਗਈ ਹੈ। ਬਰਸਾਤਾਂ ਦੌਰਾਨ ਚਿੱਟੀ ਵੇਈਂ, ਕਾਲੀ ਵੇਈਂ, ਸਤਲੁਜ ਅਤੇ ਬਿਆਸ ਦਰਿਆ ਹਰ ਸਾਲ ਵੱਡੀ ਮਾਤਰਾ ਵਿਚ ਗਾਰ ਅਤੇ ਰੇਤਾ ਲਿਆਉਂਦੇ ਹਨ, ਜੋ ਹਰੀਕੇ ਪੱਤਣ ਵਿਚ ਜਮ੍ਹਾ ਹੋ ਜਾਂਦੀ ਹੈ, ਪਾਣੀ ਰਾਜਸਥਾਨ ਨੂੰ ਚਲਿਆ ਜਾਂਦਾ ਹੈ ਪਰ ਗਾਰ ਪੰਜਾਬ ਲਈ ਖਤਰਾ ਬਣ ਜਾਂਦੀ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਪੰਜਾਬ ਦੀ ਅਰਥਵਿਵਸਥਾ ਖੇਤੀ ’ਤੇ ਨਿਰਭਰ ਹੈ ਅਤੇ ਖੇਤੀ ਪਾਣੀ ’ਤੇ ਨਿਰਭਰ ਹੈ। ਪਾਣੀ ਡੈਮਾਂ ਵਿਚ ਹੈ, ਜਿਸ ਦਾ ਕੰਟਰੋਲ ਕੇਂਦਰ ਸਰਕਾਰ ਕੋਲ ਹੈ। ਉਨ੍ਹਾਂ ਕਿਹਾ “ਜਿਸ ਪੰਜਾਬ ਨੇ ਦੇਸ਼ ਦਾ ਢਿੱਡ ਭਰਿਆ, ਅੱਜ ਉਹ ਪੰਜਾਬ ਖੁਦ ਪਾਣੀ ਲਈ ਸੰਘਰਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅਗਸਤ ਮਹੀਨੇ ਵਿਚ ਆਏ ਹੜ੍ਹਾਂ ਕਾਰਣ ਕਿਸਾਨਾਂ ਦੀ ਬੇਅਬਾਦ ਜ਼ਮੀਨਾਂ ਨੂੰ ਮੁੜ ਤੋਂ ਵਾਹੀਯੋਗ ਬਣਾਉਣ ਲਈ ਪੰਜ ਮਹੀਨਿਆਂ ਤੋਂ ਸੇਵਾ ਚੱਲ ਰਹੀ ਹੈ, ਜਿਥੇ ਚਾਰ ਤੋਂ ਪੰਜ ਫੁੱਟ ਤੱਕ ਗਾਰ ਚੜ੍ਹੀ ਹੋਈ ਹੈ। ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਹਰ ਸਾਲ ਡੈਮਾਂ ਵਿਚ ਆ ਰਹੇ ਪਾਣੀ ਵਿਚ ਗਾਰ ਦੀ ਮਾਤਰਾ ਕਿੰਨੀ ਹੋਵੇਗੀ।
---ਬਾਕਸ--- :
23 ਜਲ-ਭੰਡਾਰਾਂ ’ਚ 50 ਫੀਸਦੀ ਤੋ ਵੱਧ ਜਮ੍ਹਾ ਹੋ ਚੁੱਕੀ ਹੈ ਗਾਰ
ਡੈਮਾਂ ਵਿਚ ਗਾਰ ਜਮ੍ਹਾ ਹੋਣ ਦੇ ਮੁੱਦੇ ਨੂੰ ਲੈ ਕੇ ਸੰਤ ਸੀਚੇਵਾਲ ਵੱਲੋਂ ਸਰਦ ਰੁੱਤ ਦੇ ਸ਼ੈਸ਼ਨ ਦੇ ਪਹਿਲੇ ਦਿਨ ਹੀ ਸਿਫ਼ਰ ਕਾਲ ਦੌਰਾਨ ਇਹ ਮੁੱਦਾ ਉਠਾਇਆ ਜਾਣਾ ਸੀ, ਜੋ ਹੰਗਾਮਿਆਂ ਦੀ ਭੇਟ ਚੜ੍ਹ ਗਿਆ ਸੀ। ਉਨ੍ਹਾਂ ਇਸ ਬਾਰੇ ਸਵਾਲ ਵੀ ਲਗਾਇਆ ਸੀ, ਜਿਸਦੇ ਜਵਾਬ ਵਿਚ ਕੇਂਦਰ ਸਰਕਾਰ ਨੇ ਮੰਨਿਆ ਕਿ 439 ਜਲ-ਭੰਡਾਰਾਂ ਵਿਚ ਗਾਰ ਜਮ੍ਹਾ ਹੋਣ ਨਾਲ ਪਾਣੀ ਜਮ੍ਹਾ ਹੋਣ ਦੀ 19.24 ਫੀਸਦੀ ਸਮਰੱਥਾ ਘੱਟ ਗਈ ਹੈ। ਇਨ੍ਹਾਂ ਵਿਚ 23 ਜਲ-ਭੰਡਾਰ ਅਜਿਹੇ ਵੀ ਹਨ, ਜਿਨ੍ਹਾਂ ’ਚ 50 ਫੀਸਦੀ ਤੋਂ ਵੱਧ ਗਾਰ ਜਮ੍ਹਾ ਹੋ ਚੁੱਕੀ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਪੰਜਾਬ ਪਹਿਲਾਂ ਹੀ ਧਰਤੀ ਹੇਠਲੇ ਪਾਣੀ ਦੀ ਘਾਟ ਨਾਲ ਜੂਝ ਰਿਹਾ ਹੈ। ਡੈਮਾਂ ਵਿਚ ਪਾਣੀ ਜਮ੍ਹਾਂ ਹੋਣ ਦੀ ਸਮਰੱਥਾ ਘਟਣ ਨਾਲ ਪੰਜਾਬ ਦੀ ਸਿੰਚਾਈ ਅਤੇ ਪੀਣਯੋਗ ਪਾਣੀ ਦੀ ਸੁਰੱਖਿਆ ਹੋਰ ਕਮਜ਼ੋਰ ਹੁੰਦੀ ਜਾ ਰਹੀ ਹੈ।