ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਜਾਗਰੂਕਤਾ ਰੈਲੀ
ਯੂਥ ਅਗੇਂਸਟ ਡਰੱਗਸ ਮੁਹਿੰਮ ਤਹਿਤ ਜਾਗਰੂਕਤਾ ਰੈਲੀ
Publish Date: Mon, 08 Dec 2025 08:09 PM (IST)
Updated Date: Mon, 08 Dec 2025 08:12 PM (IST)

ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸਏਐੱਸ ਨਗਰ, ਮੋਹਾਲੀ ਅਤੇ ਮਾਣਯੋਗ ਹਰਪਾਲ ਸਿੰਘ, ਜ਼ਿਲ੍ਹਾ ਅਤੇ ਸ਼ੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਕਪੂਰਥਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਕਪੂਰਥਲਾ ਵੱਲੋਂ ਯੂਥ ਅਗੇਂਸਟ ਡਰੱਗਸ ਮੁਹਿੰਮ ਤਹਿਤ ਪਿੰਡ ਅਹਿਮਦਪੁਰ ਵਿਖੇ ਸੈਮੀਨਾਰ ਅਤੇ ਜਾਗਰੁਕਤਾ ਰੈਲੀ ਦਾ ਆਯੋਜਨ ਹਿਰਦੇਜੀਤ ਸਿੰਘ ਚੀਫ ਜੂਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਕਪੂਰਥਲਾ ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਸੈਮੀਨਾਰ ਦੇ ਸ਼ੁਰੂ ਵਿਚ ਬਲਵਿੰਦਰ ਸਿੰਘ ਪਿੰਡ ਅਹਿਮਦਪੁਰ ਦੇ ਸਰਪੰਚ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਗਿਆ। ਉਨ੍ਹਾਂ ਹਾਜ਼ਰ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡੀ ਨੌਜਵਾਨ ਪੀੜ੍ਹੀ ਦਿਨੋਂ-ਦਿਨ ਨਸ਼ਿਆਂ ਦੇ ਦਲਦਲ ਵਿਚ ਗ੍ਰਸਤ ਹੋ ਰਹੀ ਹੈ। ਉਨ੍ਹਾਂ ਸੈਮੀਨਾਰ ਦੌਰਾਨ ਹਾਜ਼ਰ ਜਨਤਾ ਨੂੰ ਆਪ ਅਤੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਹਰ ਕਿਸਮ ਦੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਵੱਲੋਂ ਸਮਾਜ ਵਿਚ ਨਸ਼ਾ ਛੁਡਾਉਣ ਵਾਲੀਆਂ ਸਰਕਾਰੀ ਸਹੂਲਤਾਂ, ਮੁੜਵਸੇਬਾ ਕੇਂਦਰਾਂ ਅਤੇ ਕਾਨੂੰਨੀ ਹੱਕਾਂ ਬਾਰੇ ਜਾਗਰੂਕਤਾ ਫੈਲਾਉਣ ਦਾ ਪ੍ਰਣ ਲੈਣ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਕਪੂਰਥਲਾ ਵਿਖੇ ਮਿਤੀ 6.12.2025 ਤੋਂ 6.01.2026 ਦੌਰਾਨ ਨਸ਼ਿਆਂ ਖਿਲਾਫ ਨੌਜਵਾਨਾਂ ਦੀ ਮੁਹਿੰਮ ਤਹਿਤ ਜਾਗਰੂਕਤਾ ਅਭਿਆਨ ਚਲਾਇਆ ਜਾ ਰਿਹਾ ਹੈ। ਨਸ਼ਾ ਸਮਾਜ ਲਈ ਇਕ ਗੰਭੀਰ ਖਤਰਾ ਬਣ ਚੁੱਕਾ ਹੈ, ਇਸ ਨੂੰ ਜੜ੍ਹ ਤੋਂ ਖਤਮ ਕਰਨ ਲਈ ਸਾਨੂੰ ਸਾਰਿਆ ਨੂੰ ਇੱਕਠੇ ਹੋ ਕੇ ਇਸ ਦੇ ਖਾਤਮੇ ਲਈ ਯਤਨ ਕਰਨੇ ਚਾਹੀਦੇ ਹਨ। ਇਸ ਮੁਹਿਮ ਦੌਰਾਨ ਜ਼ਿਲ੍ਹੇ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿਚ ਜਾਗਰੂਕਤਾ ਦੇ ਪ੍ਰੋਗਰਾਮਾਂ ਦੇ ਆਯੋਜਨ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿਚ ਸੈਮੀਨਾਰ, ਵਾਕਾਥੋਨ, ਜਾਗਰੂਕਤਾ ਰੈਲੀਆਂ, ਪੋਸਟਰ ਮੇਕਿੰਗ ਅਤੇ ਪੇਟਿੰਗ ਮੁਕਾਬਲੇ, ਨਿੰਬਧ ਲੇਖਣ ਅਤੇ ਨਾਰੇ ਲੇਖਣ, ਭਾਸ਼ਣ ਮੁਕਾਬਲੇ ਕਰਵਾਏ ਜਾ ਰਹੇ ਹਨ। ਸੈਮੀਨਾਰ ਦੌਰਾਨ ਮਿਸ ਪਰਮਜੀਤ ਕੌਰ ਕਾਹਲੋਂ ਐਡਵੋਕੇਟ, ਮਨਜੀਤ ਸਿੰਘ ਐਡਵੋਕੇਟ ਅਤੇ ਡਾ. ਕਿਸ਼ੋਰ ਮਸੀਹ, ਨਰਿੰਦਰ ਸਿੰਘ ਸਾਬਕਾ ਸਰਪੰਚ ਅਤੇ ਜਗਜੀਤ ਸਿੰਘ ਉਰਫ ਜੰਗੀ ਵੱਲੋਂ ਵੀ ਆਪਣੇ ਵਿਚਾਰ ਪ੍ਰਗਟ ਕੀਤੇ ਗਏ। ਇਸ ਮੌਕੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਨਸ਼ਿਆਂ ਖਿਲਾਫ ਜਾਗਰੂਕਤਾ ਰੈਲੀ ਰਾਹੀਂ ਘਰ-ਘਰ ਜਾ ਕੇ ਪਿੰਡ ਵਾਸੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਪ੍ਰਚਾਰ ਸਮੱਗਰੀ ਵੀ ਵੰਡੀ ਗਈ। ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਕਪੂਰਥਲਾ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡਡਵਿੰਡੀ, ਸਰਕਾਰੀ ਮਿਡਲ ਸਕੂਲ ਕਾਦੂਪੁਰ ਅਤੇ ਪਿੰਡ ਭਗਤਪੁਰ ਅਤੇ ਪਿੰਡ ਬਿਹਾਰੀਪੁਰ ਵਿਖੇ ਜਾਗਰੂਕਤਾ ਰੈਲੀਆਂ ਅਤੇ ਸੈਮੀਨਾਰਾਂ ਦੇ ਆਯੋਜਨ ਹਰੀਸ਼ ਪੁਰੀ ਡਿਪਟੀ ਚੀਫ ਲੀਗਲ ਏਡ ਡੀਫੈਂਸ ਕੌਸਲ, ਗੁਲਸ਼ਨ ਲਾਲ ਐਡਵੋਕੇਟ, ਸਤਨਾਮ ਸਿੰਘ ਨੱਢਾ ਐਡਵੋਕੇਟ ਤੇ ਬਲਵਿੰਦਰ ਸਿੰਘ ਡਡਵਿੰਡੀ ਪੀਐੱਲਬੀ, ਅਮਨ ਗਾਂਧੀ ਪੀਐੱਲਬੀ, ਭੁਪਿੰਦਰ ਸਿੰਘ ਪੀਐੱਲਬੀ ਤੇ ਸ੍ਰੀਮਤੀ ਇੰਦਰਾ ਰਾਣੀ ਪੀਐੱਲਬੀ ਦੀ ਅਗਵਾਈ ਹੇਠ ਆਯੋਜਨ ਕੀਤਾ ਗਿਆ। ਇਨ੍ਹਾਂ ਜਾਗਰੂਕਤਾ ਰੈਲੀਆਂ ਵਿਚ ਵੱਡੀ ਗਿਣਤੀ ’ਚ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਭਾਗ ਲਿਆ ਗਿਆ।