ਬਸੰਤ ਪੰਚਮੀ ਮੌਕੇ ਬਾਰਿਸ਼ ਨੇ ਕੀਤਾ ਸਵਾਗਤ ,ਸੀਤ ਲਹਿਰ ਨੇ ਕਰਵਾਇਆ ਠੰਡ ਦਾ ਅਹਿਸਾਸ

ਪਾਵਨ ਨਗਰੀ ਦੀਆਂ ਸੜਕਾਂ ਨੇ ਧਾਰਿਆ ਦਲਦਲ ਦਾ ਰੂਪ
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਬੀਤੀ ਰਾਤ ਤੇਜ਼ ਹਨੇਰੀ ਉਪਰੰਤ ਬਾਰਿਸ਼ ਨੇ ਬਸੰਤ ਦਾ ਸਵਾਗਤ ਕੀਤਾ, ਇਸ ਕਾਰਨ ਸਾਰਾ ਦਿਨ ਸੀਤ ਲਹਿਰ ਦਾ ਦੌਰ ਚਲਦਾ ਰਿਹਾ। ਸਰਦੀ ਦੇ ਮੌਸਮ ਵਿਚ ਇਸ ਵਾਰ ਪਹਿਲੀ ਬਾਰਿਸ਼ ਨੇ ਲੋਕਾਂ ਨੂੰ ਇਕ ਵਾਰ ਫਿਰ ਤੋਂ ਠੰਢ ਦਾ ਅਹਿਸਾਸ ਕਰਵਾਇਆ। ਹਾਲਾਂਕਿ ਮੀਂਹ ਨਾਲ ਜਿਥੇ ਮੌਸਮ ਸਾਫ ਹੋਣ ਨਾਲ ਲੋਕਾਂ ਨੂੰ ਕਈ ਬਿਮਾਰੀਆਂ ਤੋਂ ਰਾਹਤ ਮਿਲੇਗੀ, ਉਥੇ ਇਸ ਨਾਲ ਕਣਕ ਦੀ ਫਸਲ ਨੂੰ ਵੀ ਕਾਫੀ ਲਾਭ ਮਿਲੇਗਾ।
ਹਾਲਾਂਕਿ ਦੁਪਹਿਰ ਸਮੇਂ ਧੁੱਪ ਨਿਕਲ ਆਈ, ਜਿਸ ਨਾਲ ਲੋਕਾਂ ਨੂੰ ਰਾਹਤ ਮਹਿਸੂਸ ਹੋਈ ਪ੍ਰੰਤੂ ਸੀਤ ਲਹਿਰ ਨਾਲ ਠੰਢ ਦਾ ਪ੍ਰਕੋਪ ਵੀ ਬਣਿਆ ਰਿਹਾ। ਬਾਰਿਸ਼ ਦੇ ਨਾਲ ਕਈ ਥਾਵਾਂ ’ਤੇ ਗੜੇ ਪੈਣ ਦੀ ਵੀ ਖਬਰ ਹੈ। ਸਰਦੀ ਦੇ ਮੌਸਮ ਵਿਚ ਹੁਣ ਤੱਕ ਇਕ ਵੀ ਮੀਂਹ ਨਾ ਪੈਣ ਕਾਰਨ, ਜਿਥੇ ਪਹਾੜੀ ਖੇਤਰ ਦੇ ਪ੍ਰਮੁੱਖ ਸੈਰ-ਸਪਾਟਾ ਵਾਲੇ ਕੇਂਦਰ ਸ਼ਿਮਲਾ, ਮਨਾਲੀ ਵਿਚ ਬਰਫਬਾਰੀ ਨਾ ਹੋਣ ਕਾਰਨ ਲੋਕਾਂ ਨੂੰ ਛੁੱਟੀਆਂ ਸਮੇਂ ਖਾਲੀ ਵਾਪਸ ਨਿਰਾਸ਼ ਪਰਤਣਾ ਪਿਆ ਸੀ, ਉੱਥੇ ਹੁਣ ਬਰਫ ਪੈਣ ਦੀ ਖਬਰ ਮਿਲਦਿਆਂ ਹੀ ਕਈ ਸੈਲਾਨੀਆਂ ਨੇ ਇਕ ਵਾਰ ਫਿਰ ਤੋਂ ਪਹਾੜੀ ਖੇਤਰਾਂ ਵੱਲ ਰੁਖ਼ ਕਰ ਲਿਆ। ਪਾਵਨ ਨਗਰੀ ਸੁਲਤਾਨਪੁਰ ਲੋਧੀ ਵਿਚ ਵੀ ਰਾਤ ਪਈ ਬਾਰਿਸ਼ ਕਾਰਨ ਜਿਥੇ ਠੰਢ ਦਾ ਅਹਿਸਾਸ ਹੋਇਆ, ਉਥੇ ਟੁੱਟੀਆਂ ਸੜਕਾਂ ਨੇ ਚਿੱਕੜ ਤੇ ਦਲਦਲ ਦਾ ਰੂਪ ਧਾਰਨ ਕਰ ਲਿਆ। ਉੱਧਰ ਦੁਪਹਿਰ ਬਾਅਦ ਧੁੱਪ ਨਿਕਲਣ ’ਤੇ ਨੌਜਵਾਨਾਂ ਦੀਆਂ ਟੋਲੀਆਂ ਘਰਾਂ ਦੀਆਂ ਛੱਤਾਂ ’ਤੇ ਪਤੰਗਬਾਜ਼ੀ ਕਰਨ ਲਈ ਚੜ੍ਹ ਗਈਆਂ।
ਪਾਵਨ ਨਗਰੀ ਦੀਆਂ ਟੁੱਟੀਆਂ ਸੜਕਾਂ ਚਿੱਕੜ ਤੇ ਪਾਣੀ ’ਚ ਤਬਦੀਲ
ਪਿਛਲੇ ਲੰਮੇ ਸਮੇਂ ਤੋਂ ਪਾਵਨ ਨਗਰੀ ਵਿਚ ਚੱਲ ਰਹੇ ਸਮਾਰਟ ਸਿਟੀ ਦੇ ਨਾਂ ’ਤੇ ਵਿਕਾਸ ਕਾਰਜਾਂ ਕਾਰਨ ਟੁੱਟੀਆਂ ਸੜਕਾਂ ’ਤੇ ਜਿਥੇ ਬਰਸਾਤੀ ਪਾਣੀ ਇਕੱਠਾ ਹੋਣ ਕਾਰਨ ਲੋਕਾਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਚੀਕਣੀ ਮਿੱਟੀ ਕਾਰਨ ਹੋਈ ਦਲਦਲ ਤੇ ਕਈ ਵਾਹਨ ਚਾਲਕਾਂ ਦੇ ਮੋਟਰਸਾਈਕਲ ਤੇ ਸਕੂਟਰੀਆਂ ਸਲਿਪ ਹੋਣ ਕਾਰਨ ਦੁਰਘਟਨਾਵਾਂ ਦਾ ਸ਼ਿਕਾਰ ਹੋਣਾ ਪਿਆ। ਦੂਰ-ਦੁਰਾਡੇ ਤੋਂ ਇਤਿਹਾਸਿਕ ਗੁਰਦੁਆਰਾ ਸਾਹਿਬ ਤੇ ਮੰਦਰਾਂ ਦੇ ਦਰਸ਼ਨ ਕਰਨ ਲਈ ਪੁੱਜੀਆਂ ਸੰਗਤਾਂ ਨੇ ਕਿਹਾ ਕਿ ਇਹ ਸਰਕਾਰ ਦਾ ਕਿਹੋ-ਜਿਹਾ ਵਿਕਾਸ ਹੈ।
ਬਰਸਾਤ ਨਾਲ ਕਣਕ ਦੀ ਫਸਲ ਨੂੰ ਲਾਭ ਹੋਵੇਗਾ
ਰਾਤ ਭਰ ਹੋਈ ਤੇਜ਼ ਬਰਸਾਤ, ਹਨੇਰੀ-ਝੱਖੜ ਨਾਲ ਜਿਥੇ ਧੁੰਦ ਤੇ ਠੰਢ ਤੋਂ ਮੌਸਮ ਵਿਚ ਕੁਝ ਤਬਦੀਲੀ ਵੇਖਣ ਨੂੰ ਮਿਲੀ, ਉੱਥੇ ਹੀ ਭਾਰੀ ਬਾਰਿਸ਼ ਨਾਲ ਕਣਕ ਦੀ ਫਸਲ ਨੂੰ ਲਾਭ ਮਿਲੇਗਾ। ਕੁਝ ਦਿਨਾਂ ਤੋਂ ਕਿਸਾਨ ਕਣਕ ਦੀ ਫਸਲ ਦੀ ਸਿੰਚਾਈ ਕਰਨ ਦੀ ਸੋਚ ਰਹੇ ਸਨ ਤੇ ਬੀਤੀ ਰਾਤ ਹੋਈ ਬਰਸਾਤ ਨਾਲ ਹੁਣ ਫਸਲਾਂ ਨੂੰ ਪਾਣੀ ਲਗਾਉਣ ਦੀ ਜ਼ਰੂਰਤ ਨਹੀਂ ਪਵੇਗੀ। ਬਰਸਾਤ ਉਪਰੰਤ ਕਣਕ ਦੀ ਫਸਲ ਚਾਰੇ ਪਾਸੇ ਲਹਿਰਾਉਂਦੀ ਹੋਈ ਨਜ਼ਰ ਆਈ। ਹਾਲਾਂਕਿ ਤੇਜ਼ ਬਾਰਸ਼ ਨਾਲ ਜਿਥੇ ਗਾਜਰਾਂ ਦੀ ਫਸਲ ਦੀ ਪਟਾਈ ਦਾ ਕੰਮ ਰੁਕ ਗਿਆ, ਉੱਥੇ ਹੀ ਆਲੂ ਉਤਪਾਦਕ ਕਿਸਾਨਾਂ ਦੇ ਵੀ ਸਾਹ ਸੂਤੇ ਗਏ।