ਬੰਗਲਾਦੇਸ਼ ਰੇਲਵੇ ਨੂੰ ਨਿਰਯਾਤ ਲਈ ਕੋਚਾਂ ਦਾ ਉਤਪਾਦਨ ਸ਼ੁਰੂ
ਰੇਲ ਕੋਚ ਫੈਕਟਰੀ ਨੇ ਬੰਗਲਾਦੇਸ਼ ਰੇਲਵੇ ਨੂੰ ਨਿਰਯਾਤ ਲਈ ਕੋਚਾਂ ਦਾ ਉਤਪਾਦਨ ਕੀਤਾ ਸ਼ੁਰੂ
Publish Date: Sat, 22 Nov 2025 10:05 PM (IST)
Updated Date: Sat, 22 Nov 2025 10:07 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਰੇਲ ਕੋਚ ਫੈਕਟਰੀ ਕਪੂਰਥਲਾ ਨੇ ਅੱਜ ਤੋਂ ਬੰਗਲਾਦੇਸ਼ ਰੇਲਵੇ ਨੂੰ ਨਿਰਯਾਤ ਲਈ ਕੋਚਾਂ ਦਾ ਉਤਪਾਦਨ ਸ਼ੁਰੂ ਕਰ ਦਿੱਤਾ ਹੈ, ਜੋ ਕਿ ਆਰਸੀਐੱਫ ਦੇ ਕੋਚ ਨਿਰਮਾਣ ਵਿਚ ਇਕ ਹੋਰ ਮੀਲ ਪੱਥਰ ਹੈ। ਇਹ ਪਹਿਲ 200 ਕੋਚਾਂ ਦੇ ਨਿਰਯਾਤ ਆਰਡਰ ਦਾ ਹਿੱਸਾ ਹੈ, ਜਿਸ ਦੇ ਤਹਿਤ ਆਰਸੀਐੱਫ ਇਸ ਸਾਲ 20 ਕੋਚਾਂ ਦਾ ਨਿਰਮਾਣ ਕਰੇਗਾ। ਇਸ ਵਿਚ 8 ਏਅਰ-ਕੰਡੀਸ਼ਨਡ (ਏਸੀ) ਕੋਚ ਅਤੇ 12 ਨਾਨ-ਏਸੀ ਕੋਚ ਸ਼ਾਮਲ ਹਨ, ਜੋ ਸਾਰੇ ਬੰਗਲਾਦੇਸ਼ ਰੇਲਵੇ ਦੀਆਂ ਸੰਚਾਲਨ ਅਤੇ ਯਾਤਰੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਤਿਆਰ ਕੀਤੇ ਜਾਣਗੇ। ਅੱਜ ਪਹਿਲੇ ਕੋਚ ਸ਼ੈੱਲ ਦੇ ਉਤਪਾਦਨ ਦਾ ਰਸਮੀ ਉਦਘਾਟਨ ਸ਼ੈੱਲ ਅਸੈਂਬਲੀ ਸ਼ਾਪ ਦੇ ਸਭ ਤੋਂ ਸੀਨੀਅਰ ਕਰਮਚਾਰੀ ਮਨੋਹਰ ਲਾਲ, ਐੱਸਐੱਸਈ/ਸ਼ੈੱਲ ਵਲੋਂ ਕੀਤਾ ਗਿਆ। ਇਸ ਮੌਕੇ ਰਵੀ ਕੁਮਾਰ ਪੀਸੀਐੱਮਈ, ਸੰਜੇ ਅਗਰਵਾਲ ਪੀਸੀਐੱਮਐੱਮ, ਬਲਦੇਵ ਰਾਜ ਸੀਡਬਲਯੂਈ/ਸ਼ੈੱਲ ਦੇ ਨਾਲ-ਨਾਲ ਸੀਨੀਅਰ ਅਧਿਕਾਰੀ ਅਤੇ ਭਾਰੀ ਗਿਣਤੀ ਵਿਚ ਕਰਮਚਾਰੀ ਮੌਜੂਦ ਸਨ। ਆਰਸੀਐੱਫ ਨੇ ਪਹਿਲਾਂ 2016-17 ਵਿਚ ਬੰਗਲਾਦੇਸ਼ ਰੇਲਵੇ ਲਈ 120 ਉੱਚ-ਗੁਣਵੱਤਾ ਵਾਲੇ ਕੋਚ ਤਿਆਰ ਕੀਤੇ ਸਨ, ਜਿਨ੍ਹਾਂ ਦਾ ਨਿਰਮਾਣ ਅਤੇ ਸਪਲਾਈ ਬੰਗਲਾਦੇਸ਼ ਰੇਲਵੇ ਦੀਆਂ ਖਾਸ ਜ਼ਰੂਰਤਾਂ ਅਨੁਸਾਰ ਕੀਤਾ ਗਿਆ ਸੀ। ਅਤਿ-ਆਧੁਨਿਕ ਬੁਨਿਆਦੀ ਢਾਂਚੇ, ਹੁਨਰਮੰਦ ਮਨੁੱਖੀ ਸ਼ਕਤੀ ਅਤੇ ਉੱਤਮਤਾ ਪ੍ਰਤੀ ਵਚਨਬੱਧਤਾ ਦੇ ਨਾਲ, ਰੇਲ ਕੋਚ ਫੈਕਟਰੀ ਅੱਜ ਵਿਸ਼ਵ ਰੇਲ ਬਾਜ਼ਾਰ ਵਿਚ ਭਾਰਤ ਦੀ ਵਧਦੀ ਮੌਜੂਦਗੀ ਵਿਚ ਮਹੱਤਵਪੂਰਨ ਯੋਗਦਾਨ ਪਾ ਰਹੀ ਹੈ। ਕੈਪਸ਼ਨ: 22ਕੇਪੀਟੀ20,21