ਡਡਵਿੰਡੀ–ਕਪੂਰਥਲਾ ਚਾਰ ਮਾਰਗੀ ਨਵੀਂ ਬਣੀ ਸੜਕ ’ਤੇ ਗੁਣਵੱਤਾ ਦੇ ਸਵਾਲ

ਮਟੀਰੀਅਲ ਦੀ ਤੁਰੰਤ ਜਾਂਚ ਕਰਵਾਈ ਜਾਵੇ : ਐਡਵੋਕੇਟ ਸੰਧਾ, ਧੰਜੂ, ਮੁਖਤਿਆਰ ਸਿੰਘ ਸੋਢੀ
ਪਰਮਜੀਤ ਸਿੰਘ, ਪੰਜਾਬੀ ਜਾਗਰਣ
ਡਡਵਿੰਡੀ : ਪੰਜਾਬ ਸਰਕਾਰ ਵੱਲੋਂ ਕਰੋੜਾਂ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਡਡਵਿੰਡੀ–ਕਪੂਰਥਲਾ ਚਾਰ ਮਾਰਗੀ ਸੜਕ ਦੀ ਨਵੀਂ ਬਣਤਰ ’ਤੇ ਲੋਕਾਂ ਵੱਲੋਂ ਸਵਾਲ ਖੜ੍ਹੇ ਕੀਤੇ ਜਾਣ ਲੱਗ ਪਏ ਹਨ। ਸਥਾਨਕ ਲੋਕਾਂ ਤੇ ਸਮਾਜਿਕ ਵਰਗਾਂ ਦੇ ਨਾਲ-ਨਾਲ ਸੀਨੀਅਰ ਐਡਵੋਕੇਟ ਜਰਨੈਲ ਸਿੰਘ ਸੰਧਾ ਤੇ ਸੀਨੀਅਰ ਐਡਵੋਕੇਟ ਜਸਪਾਲ ਸਿੰਘ ਧੰਜੂ ਦਾ ਕਹਿਣਾ ਹੈ ਕਿ ਨਵੀਂ ਬਣੀ ਸੜਕ ’ਤੇ ਵਰਤੇ ਗਏ ਮਟੀਰੀਅਲ ਦੀ ਗੁਣਵੱਤਾ ਠੀਕ ਨਹੀਂ, ਹੈ ਜਿਸ ਕਾਰਨ ਥੋੜੇ ਸਮੇਂ ਵਿਚ ਹੀ ਸੜਕ ਦੇ ਕਈ ਹਿੱਸਿਆਂ ’ਤੇ ਦਰਾਰਾਂ, ਥੱਲੇ ਬੈਠਣ, ਉੱਚੀ-ਨੀਵੀਂ ਤੇ ਟੁੱਟਣੀ ਸ਼ੁਰੂ ਹੋ ਗਈ ਹੈ। ਸੁਲਤਾਨਪੁਰ ਲੋਧੀ ਤੋਂ ਕਪੂਰਥਲਾ ਚਾਰ ਮਾਰਗੀ ਨਿਰਮਾਣ ਅਧੀਨ ਡਡਵਿੰਡੀ ਨੇੜੇ ਸੜਕ ਦਾ ਲਗਪਗ 5-6 ਕਿਲੋਮੀਟਰ ਹਿੱਸਾ ਜੋ ਕਿ ਰਾਸ਼ਟਰੀ ਰਾਜਮਾਰਗ ਨਾਲ ਸਬੰਧਤ ਹੈ, ਅਜੇ ਤੱਕ ਵੀ ਅਧੂਰਾ ਪਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤੋਂ ਲੰਘਣ ਵਾਲੇ ਲੋਕਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਐਡਵੋਕੇਟ ਜਰਨੈਲ ਸਿੰਘ ਸੰਧਾ ਤੇ ਜਸਪਾਲ ਸਿੰਘ ਧੰਜੂ ਨੇ ਕਿਹਾ ਹੈ ਕਿ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ-ਕਪੂਰਥਲਾ ਸੜਕ 'ਤੇ ਸਥਿਤ ਇਹ ਸੜਕ ਪਿੰਡ ਡਡਵਿੰਡੀ-ਭਾਣੋਲੰਗਾ ਵਿਚਕਾਰ ਸੜਕ ਬਹੁਤ ਖਤਰਨਾਕ ਸਾਬਤ ਹੋ ਰਹੀ ਹੈ। ਇਸ ਚਾਰ ਮਾਰਗੀ ਸੜਕ ’ਤੇ ਲੰਘਣ ਵਾਲੀਆਂ ਕਾਰਾਂ, ਵੱਡੀਆਂ ਗੱਡੀਆਂ ਤੇ ਹੋਰ ਸਾਧਨਾਂ ਵਾਲੇ ਜਦੋਂ ਇਸ ਸੜਕ ਤੋਂ ਲੰਘਦੇ ਹਨ ਤਾਂ ਉਨ੍ਹਾਂ ਦੀਆਂ ਗੱਡੀਆਂ ਝੂਲੇ ਵਾਂਗੂ ਹਿਲਦੀਆਂ ਹਨ। ਪੰਜਾਬ ਸਰਕਾਰ ’ਤੇ ਵਿਅੰਗ ਕਰਦੇ ਹੋਏ ਉਨ੍ਹਾਂ ਕਿਹਾ ਕਿ ਸਰਕਾਰ ਫਰੀ ਵਿਚ ਝੂਟੇ ਦੇ ਰਹੀ ਹੈ। ਸੁਲਤਾਨਪੁਰ ਲੋਧੀ ਤੋਂ ਕਪੂਰਥਲਾ ਚਾਰ ਮਾਰਗੀ ਸੜਕ ਤੇ ਆਪਣੀ ਰਾਏ ਦਿੰਦਿਆ ਸਾਂਝੇ ਤੌਰ ’ਤੇ ਐਡਵੋਕੇਟ ਜਰਨੈਲ ਸਿੰਘ ਸੰਧਾ, ਐਡਵੋਕੇਟ ਜਸਪਾਲ ਸਿੰਘ ਧੰਜੂ ਤੇ ਮੁਖਤਿਆਰ ਸਿੰਘ ਸੋਢੀ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਕਿਹਾ ਕਿ ਲੋਕਾਂ ਦੇ ਟੈਕਸ ਦੇ ਪੈਸੇ ਨਾਲ ਬਣ ਰਹੇ ਵਿਕਾਸ ਕਾਰਜਾਂ ਵਿਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਕਬੂਲਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਡਡਵਿੰਡੀ–ਕਪੂਰਥਲਾ ਮਾਰਗ ’ਤੇ ਲਗਭਗ 5 ਤੋਂ 6 ਕਿਲੋਮੀਟਰ ਤੱਕ ਸੜਕ ਦੀ ਹਾਲਤ ਪਹਿਲਾਂ ਹੀ ਚਿੰਤਾਜਨਕ ਬਣਦੀ ਜਾ ਰਹੀ ਹੈ, ਜੋ ਨਿਰਮਾਣ ਗੁਣਵੱਤਾ ’ਤੇ ਗੰਭੀਰ ਸਵਾਲ ਖੜੇ ਕਰਦੀ ਹੈ।
ਐਡਵੋਕੇਟ ਜਰਨੈਲ ਸਿੰਘ ਸੰਧਾ ਅਤੇ ਐਡਵੋਕੇਟ ਜਸਪਾਲ ਸਿੰਘ ਧੰਜੂ ਅਤੇ ਮੁਖਤਿਆਰ ਸਿੰਘ ਸੋਢੀ ਨੇ ਸਾਂਝੇ ਤੌਰ ਉਤੇ ਮੰਗ ਕੀਤੀ ਹੈ ਕਿ ਇਸ ਸੜਕ ਦੇ ਨਿਰਮਾਣ ਦੌਰਾਨ ਵਰਤੇ ਗਏ ਮਟੀਰੀਅਲ ਦੀ ਤੁਰੰਤ ਤਕਨੀਕੀ ਜਾਂਚ ਕਰਵਾਈ ਜਾਵੇ ਅਤੇ ਜੇ ਜਾਂਚ ਵਿੱਚ ਘਟੀਆ ਮਟੀਰੀਅਲ ਜਾਂ ਨਿਯਮਾਂ ਦੀ ਉਲੰਘਣਾ ਸਾਹਮਣੇ ਆਉਂਦੀ ਹੈ ਤਾਂ ਜ਼ਿੰਮੇਵਾਰ ਅਧਿਕਾਰੀਆਂ ਅਤੇ ਠੇਕੇਦਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਮਾਮਲੇ ਦੀ ਨਿਰਪੱਖ ਜਾਂਚ ਨਾ ਕਰਵਾਈ ਗਈ ਤਾਂ ਲੋਕਾਂ ਨੂੰ ਨਾਲ ਲੈ ਕੇ ਸੰਘਰਸ਼ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਵੇਗਾ।