ਭਗਵੰਤ ਮਾਨ ਕਰ ਰਹੇ ਗੁੰਮਰਾਹਕੁੰਨ ਬਿਆਨਬਾਜ਼ੀ : ਧਾਲੀਵਾਲ
ਪੰਜਾਬ ਦੀ ਕਾਨੂੰਨ ਵਿਵਸਥਾ ਚਿੰਤਾ ਦਾ ਵਿਸ਼ਾ, ਸੀ.ਐਮ. ਭਗਵੰਤ ਮਾਨ ਕਰ ਰਹੇ ਗੁਮਰਾਹਕੁੰਨ ਬਿਆਨਬਾਜੀ — ਧਾਲੀਵਾਲ
Publish Date: Fri, 19 Dec 2025 09:39 PM (IST)
Updated Date: Fri, 19 Dec 2025 09:40 PM (IST)

ਪੰਜਾਬ ਦੀ ਕਾਨੂੰਨ ਵਿਵਸਥਾ ਚਿੰਤਾ ਦਾ ਵਿਸ਼ਾ ਗੈਂਗਸਟਰਾਂ ਨੂੰ ਸਰਕਾਰ ਵੱਲੋਂ ਖੁੱਲ੍ਹੀ ਛੂਟ ਦਿੱਤੀ ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਪੰਜਾਬ ਦੀ ਲਗਾਤਾਰ ਵਿਗੜਦੀ ਜਾ ਰਹੀ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਸਰਕਾਰ ‘ਤੇ ਤਿੱਖਾ ਹਮਲਾ ਬੋਲਦਿਆਂ ਜ਼ਿਲ੍ਹਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਅੱਜ ਇੱਥੇ ਗੱਲਬਾਤ ਦੌਰਾਨ ਜਲੰਧਰ ਹਾਈਵੇ ‘ਤੇ ਪ੍ਰਧਾਨਗੀ ਦੇ ਝਗੜੇ ਨੂੰ ਲੈ ਕੇ ਦੋ ਗੁਟਾਂ ‘ਚ ਹੋਈ ਤਾਬੜਤੋੜ ਫਾਇਰਿੰਗ ਅਤੇ ਬੀਤੇ ਦਿਨ ਜ਼ਿਲ੍ਹਾ ਹੁਸ਼ਿਆਰਪੁਰ ਦੇ ਟਾਂਡਾ ਖੇਤਰ ‘ਚ ਪਿੰਡ ਦੇ ਅੱਡੇ ‘ਤੇ ਸਰੇਆਮ ਗੋਲੀਆਂ ਮਾਰ ਕੇ ਵਿਅਕਤੀ ਦੇ ਕੀਤੇ ਕਤਲ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕੁੱਝ ਹੀ ਦਿਨ ਪਹਿਲਾਂ ਮੋਹਾਲੀ ਵਿਚ ਇਕ ਲਾਈਵ ਮੈਚ ਦੌਰਾਨ ਕਬੱਡੀ ਖਿਡਾਰੀ ਅਤੇ ਪ੍ਰਮੋਟਰ ਰਾਣਾ ਬਲਾਚੌਰੀਆ ਅਤੇ ਇਸ ਤੋਂ ਪਹਿਲਾਂ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਸਮੇਤ ਦਰਜਨਾਂ ਵਾਰਦਾਤਾਂ ਪਿਛਲੇ ਥੋੜੇ ਸਮੇਂ ਦੌਰਾਨ ਹੀ ਦੇਖਣ ਨੂੰ ਮਿਲੀਆਂ ਹਨ। ਕਈ ਹੋਰ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਕਤਲ ਕੀਤਾ ਗਿਆ ਜਾਂ ਕਾਤਲਾਨਾ ਹਮਲੇ ਹੋਏ ਹਨ। ਸੂਬੇ ਵਿਚ ਗੈਂਗਸਟਰਾਂ ਨੂੰ ਸਰਕਾਰ ਵੱਲੋਂ ਖੁੱਲ੍ਹੀ ਛੂਟ ਦਿੱਤੀ ਪ੍ਰਤੀਤ ਹੁੰਦੀ ਹੈ। ਰਿਪੋਰਟਾਂ ਦਰਸਾਉਂਦੀਆਂ ਹਨ ਕਿ ਵਧ ਰਹੇ ਸੰਗਠਿਤ ਅਪਰਾਧ, ਹਿੰਸਾ, ਫਿਰੌਤੀ, ਗੋਲੀਬਾਰੀ, ਅਤੇ ਕਾਰੋਬਾਰੀਆਂ ਨੂੰ ਵਿਆਪਕ ਤੌਰ ’ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਦੇਸ਼ ਵਿਰੋਧੀ ਤਾਕਤਾਂ ਦੀਆਂ ਸਰਗਰਮੀਆਂ ਸਿਖਰਾਂ ‘ਤੇ ਹਨ। ਪੁਲਿਸ ਚੌਕੀਆਂ ’ਤੇ ਹਮਲੇ ਹੋ ਰਹੇ ਹਨ। ਪੁਲਿਸ ਅਧਿਕਾਰੀਆਂ ਨੂੰ ਵੀ ਸੱਤਾ ਧਿਰ ਦਾ ਸਮਰਥਨ ਪ੍ਰਾਪਤ ਅਨਸਰਾਂ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਹੋਰ ਤਾਂ ਹੋਰ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੀਆਂ ਨਾਮਜ਼ਦਗੀ ਪ੍ਰਕਿਰਿਆਵਾਂ ਦੌਰਾਨ ਵੱਡੀ ਪੱਧਰ ‘ਤੇ ਅਰਾਜਕਤਾ ਹੋਈ, ਜਿਸ ਨੇ ਰਾਜ ਭਰ ਵਿਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਧਾਲੀਵਾਲ ਨੇ ਕਿਹਾ ਕਿ ਇੰਨਾ ਸਭ ਕੁੱਝ ਹੋਣ ਦੇ ਬਾਵਜੂਦ ਵੀ ਮੁੱਖ ਮੰਤਰੀ ਭਗਵੰਤ ਮਾਨ, ਜੋ ਕਿ ਸੂਬੇ ਦਾ ਗ੍ਰਹਿ ਮੰਤਰਾਲਾ ਵੀ ਸੰਭਾਲ ਰਹੇ ਹਨ, ਵੱਲੋਂ ਜ਼ਿੰਮੇਵਾਰੀ ਲੈਣ ਦੀ ਬਜਾਏ ਜਨਤਾ ਨੂੰ ਗੁੰਮਰਾਹ ਕਰਨ ਵਾਲੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਵਿਰੋਧੀ ਪਾਰਟੀਆਂ ਉੱਪਰ ਝੂਠ ਫੈਲਾਉਣ ਦੇ ਦੋਸ਼ ਲਗਾਏ ਜਾ ਰਹੇ ਹਨ। ਸਰਕਾਰ ਦੀ ਲਾਪਰਵਾਹੀ ਅਤੇ ਰਾਜਨੀਤਿਕ ਬਦਲਾਖੋਰੀ ਨੇ ਸਮਾਜ ਵਿਰੋਧੀ ਅਨਸਰਾਂ ਨੂੰ ਖੁੱਲ੍ਹੀ ਛੋਟ ਦਿੱਤੀ ਹੋਈ ਹੈ। ਜ਼ਿਲ੍ਹਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਦਾਅਵਾ ਕਰਦੇ ਹਨ ਕਿ ਪੁਲਿਸ ਦੀ ਗੈਂਗਸਟਰ ਵਿਰੋਧੀ ਟਾਸਕ ਫੋਰਸ ਬਣਾਈ ਗਈ ਹੈ। ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਰੁੱਧ ਮੁਹਿੰਮਾਂ ਸ਼ੁਰੂ ਕਰਨ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਸਰਕਾਰ ਕਹਿੰਦੀ ਹੈ ਕਿ ਪੁਲਿਸ ਭਰਤੀ ਅਤੇ ਤਕਨਾਲੋਜੀ ਵਿਚ ਨਿਵੇਸ਼ ਵਧਾਇਆ ਹੈ। ਬੇਸ਼ਰਮੀ ਦੀ ਹੱਦ ਤਾਂ ਇਹ ਹੈ ਕਿ ‘ਆਪ’ ਸਰਕਾਰ ਦੇ ਬੁਲਾਰੇ ਪੰਜਾਬ ਦੀ ਕਾਨੂੰਨ ਵਿਵਸਥਾ ਦੀ ਸਥਿਤੀ ਦੂਜੇ ਰਾਜਾਂ ਦੇ ਮੁਕਾਬਲੇ ਬਿਹਤਰ ਦੱਸ ਰਹੇ ਹਨ ਜਦਕਿ ਪੰਜਾਬ ਇਸ ਸਮੇਂ ਇਕ ਗੈਰ ਤਜਰਬੇਕਾਰ ਅਤੇ ਗੈਰ-ਜ਼ਿੰਮੇਵਾਰ ਸਰਕਾਰ ਦਾ ਸੰਤਾਪ ਝੱਲਣ ਲਈ ਮਜਬੂਰ ਹੈ। ਉਨ੍ਹਾਂ ਸਮੂਹ ਪੰਜਾਬੀਆਂ ਨੂੰ ਵੀ ਅਗਾਹ ਕੀਤਾ ਕਿ ਪੰਜਾਬ ਦੀ ਸੁਰੱਖਿਆ ਅਤੇ ਆਪਣੀ ਸਲਾਮਤੀ ਪ੍ਰਤੀ ਫਿਕਰਮੰਦ ਹੁੰਦਿਆਂ ਭਵਿੱਖ ਵਿਚ ਕਦੇ ਵੀ ਆਮ ਆਦਮੀ ਪਾਰਟੀ ਵਰਗੀ ਗੈਰ-ਜ਼ਿੰਮੇਵਾਰ ਧਿਰ ’ਤੇ ਭਰੋਸਾ ਨਾ ਕੀਤਾ ਜਾਵੇ ਅਤੇ ਇਸ ਪਾਰਟੀ ਦੇ ਉਮੀਦਵਾਰਾਂ ਨੂੰ ਕਿਸੇ ਵੀ ਚੋਣ ਵਿਚ ਬਿਲਕੁਲ ਮੂੰਹ ਨਾ ਲਗਾਇਆ ਜਾਵੇ।