ਇਕ ਰੋਜ਼ਾ ਵਿਸ਼ੇਸ਼ ਸੈਸ਼ਨ ਨਾਕਾਮੀਆਂ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ : ਧਾਲੀਵਾਲ
ਪੰਜਾਬ ਸਰਕਾਰ ਦਾ ਇੱਕ ਰੋਜਾ ਵਿਸ਼ੇਸ਼ ਸੈਸ਼ਨ ਸਰਕਾਰ ਦੀਆਂ ਨਾਕਾਮੀਆਂ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ : ਬਲਵਿੰਦਰ ਸਿੰਘ ਧਾਲੀਵਾਲ
Publish Date: Tue, 30 Dec 2025 06:59 PM (IST)
Updated Date: Tue, 30 Dec 2025 07:02 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਫਗਵਾੜਾ ਦੇ ਵਿਧਾਇਕ ਅਤੇ ਜ਼ਿਲ੍ਹਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਧਾਲੀਵਾਲ ਨੇ ਪੰਜਾਬ ਸਰਕਾਰ ਵੱਲੋਂ ਅੱਜ ਬੁਲਾਏ ਗਏ ਵਿਧਾਨਸਭਾ ਦੇ ਵਿਸ਼ੇਸ਼ ਸੈਸ਼ਨ ਦੀ ਨਿਖੇਧੀ ਕਰਦਿਆਂ ਇਸ ਨੂੰ ਜਨ ਹਿਤ ਦੇ ਮੁੱਦਿਆਂ ਤੋਂ ਧਿਆਨ ਭਟਕਾਉਣ ਦੀ ਸਿਆਸੀ ਕਵਾਇਦ ਕਰਾਰ ਦਿੱਤਾ ਹੈ। ਅੱਜ ਇਥੇ ਜਾਰੀ ਬਿਆਨ ਵਿਚ ਧਾਲੀਵਾਲ ਨੇ ਕਿਹਾ ਕਿ ਸਰਕਾਰ ਨੂੰ ਵਿਸ਼ੇਸ਼ ਸੈਸ਼ਨ ਵਿਚ ਸਪਸ਼ਟ ਕਰਨਾ ਚਾਹੀਦਾ ਸੀ ਕਿ ਸੂਬੇ ਦੇ ਦਿਵਿਆਂਗਾਂ, ਬਜ਼ੁਰਗਾਂ ਅਤੇ ਵਿਧਵਾ ਮਹਿਲਾਵਾਂ ਨੂੰ ਹੁਣ ਤੱਕ ਮਹੀਨਾਵਾਰ ਪੈਨਸ਼ਨ ਕਿਉਂ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਲੱਖਾਂ ਲਾਭਪਾਤਰੀ ਪੈਨਸ਼ਨ ਦੀ ਉਡੀਕ ਕਰ ਰਹੇ ਹਨ ਪਰ ਸਰਕਾਰ ਕੋਲ ਇਸਦਾ ਕੋਈ ਠੋਸ ਜਵਾਬ ਨਹੀਂ ਹੈ। ਉਨ੍ਹਾਂ ਸਵਾਲ ਉਠਾਇਆ ਕਿ ਸਰਕਾਰ ਆਪਣੇ ਕਾਰਜਕਾਲ ਦੌਰਾਨ ਮਨਰੇਗਾ ਤਹਿਤ ਮਜ਼ਦੂਰਾਂ ਨੂੰ ਪੂਰਾ ਕੰਮ ਕਿਉਂ ਨਹੀਂ ਦੇ ਸਕੀ। ਜਦੋਂ ਪਿੰਡਾਂ ਵਿਚ ਬੇਰੁਜ਼ਗਾਰੀ ਸਿਖਰਾਂ ‘ਤੇ ਹੈ, ਤਾਂ ਮਨਰੇਗਾ ਵਰਗੀ ਯੋਜਨਾ ਨੂੰ ਕਮਜ਼ੋਰ ਕਰਨਾ ਗਰੀਬ ਵਿਰੋਧੀ ਸੋਚ ਨੂੰ ਦਰਸਾਉਂਦਾ ਹੈ। ਧਾਲੀਵਾਲ ਨੇ ਇਹ ਵੀ ਪੁੱਛਿਆ ਕਿ ਪਿੰਡਾਂ ਦੇ ਸਰਪੰਚਾਂ ਨੂੰ ਹੁਣ ਤੱਕ ਉਨ੍ਹਾਂ ਦਾ ਭੱਤਾ ਕਿਉਂ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਰਪੰਚ ਪਿੰਡਾਂ ਦੇ ਵਿਕਾਸ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ ਅਤੇ ਉਨ੍ਹਾਂ ਨੂੰ ਹੱਕ ਨਾ ਦੇਣਾ ਪੰਚਾਇਤੀ ਪ੍ਰਣਾਲੀ ਦੀ ਬੇਇਜ਼ਤੀ ਹੈ। ਧਾਲੀਵਾਲ ਨੇ ਕਿਹਾ ਕਿ ਵਿਧਾਨ ਸਭਾ ਸੈਸ਼ਨ ਦਾ ਮਕਸਦ ਰਾਜਨੀਤਿਕ ਪ੍ਰਸਤਾਵ ਪਾਸ ਕਰਨਾ ਨਹੀਂ, ਸਗੋਂ ਲੋਕਾਂ ਨਾਲ ਜੁੜੇ ਜ਼ਮੀਨੀ ਮੁੱਦਿਆਂ ‘ਤੇ ਜਵਾਬਦੇਹੀ ਤੈਅ ਕਰਨਾ ਹੋਣਾ ਚਾਹੀਦਾ ਹੈ। ਸਰਕਾਰ ਨੂੰ ਸਦਨ ਵਿਚ ਪੈਨਸ਼ਨ, ਮਨਰੇਗਾ ਰੋਜ਼ਗਾਰ ਅਤੇ ਸਰਪੰਚਾਂ ਦੇ ਬਕਾਇਆ ਮਾਨਭੱਤੇ ਬਾਰੇ ਸਪਸ਼ਟ ਜਵਾਬ ਦੇਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਆਮ ਲੋਕਾਂ ਦੀ ਆਵਾਜ਼ ਮਜ਼ਬੂਤੀ ਨਾਲ ਉਠਾਉਂਦੀ ਰਹੇਗੀ ਅਤੇ ਸਰਕਾਰ ਨੂੰ ਆਪਣੀਆਂ ਨਾਕਾਮੀਆਂ ਤੋਂ ਬਚਣ ਨਹੀਂ ਦਿੱਤਾ ਜਾਵੇਗਾ। ਇਸ ਦੌਰਾਨ ਉਨ੍ਹਾਂ ਇਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰ ਸਰਕਾਰ ’ਤੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਰਾਸ਼ਟਰਪਿਤਾ ਮਹਾਤਮਾ ਗਾਂਧੀ ਦਾ ਨਾਮ ਯੋਜਨਾ ਤੋਂ ਹਟਾ ਕੇ ਭਾਜਪਾ ਨੇ ਵੱਡਾ ਪਾਪ ਕੀਤਾ ਹੈ। ਨਾਲ ਹੀ ਪੰਜਾਬ ਵਰਗੇ ਕਰਜ਼ੇ ਦੇ ਭਾਰ ਹੇਠ ਦੱਬੇ ਸਰਹੱਦੀ ਰਾਜ ‘ਤੇ ਯੋਜਨਾ ਦੇ ਭੁਗਤਾਨ ਦਾ 40 ਫੀਸਦੀ ਭਾਰ ਥੋਪ ਕੇ ਸੂਬੇ ਦੇ ਗਰੀਬਾਂ ਨੂੰ ਇਸ ਯੋਜਨਾ ਦੇ ਲਾਭ ਤੋਂ ਵਾਂਝਿਆ ਕਰਨ ਦੀ ਸਾਜ਼ਿਸ਼ ਰਚੀ ਗਈ ਹੈ, ਕਿਉਂਕਿ ਆਰਥਕ ਕੰਗਾਲੀ ਦਾ ਸ਼ਿਕਾਰ ਪੰਜਾਬ ਇੰਨੀ ਵੱਡੀ ਰਕਮ ਦਾ ਯੋਗਦਾਨ ਦੇਣ ਦੇ ਸਮਰੱਥ ਹੀ ਨਹੀਂ ਹੈ।