ਫਰਜ਼ੀ ਵੀਡੀਓ ਸਾਂਝੀ ਕਰਨ ‘ਤੇ ਖਹਿਰਾ ਦੇ ਘਰ ਮੂਹਰੇ ਪ੍ਰਦਰਸ਼ਨ
ਆਮ ਆਦਮੀ ਪਾਰਟੀ ਵੱਲੋਂ ਗੁਰੂ ਸਾਹਿਬਾਨ ਦੇ ਅਪਮਾਨ ਵਾਲੀ ਫਰਜੀ ਵੀਡੀਓ ਸਾਂਝੀ ਕਰਨ ‘ਤੇ ਖਹਿਰਾ ਦੇ ਘਰ ਮੂਹਰੇ ਪ੍ਰਦਰਸ਼ਨ
Publish Date: Sat, 10 Jan 2026 07:53 PM (IST)
Updated Date: Sat, 10 Jan 2026 07:57 PM (IST)
--ਆਪਣੀ ਗਲਤੀ ਲਈ ਬਿਨਾਂ ਸ਼ਰਤ ਮੁਆਫੀ ਮੰਗਣ ਖਹਿਰਾ
--ਖਹਿਰਾ ਨੂੰ ਕਾਂਗਰਸ ਪਾਰਟੀ ਵਿਚੋਂ ਬਾਹਰ ਕੱਢਣ ਦੀ ਮੰਗ
ਸੁਖਜਿੰਦਰ ਸਿੰਘ ਮੁਲਤਾਨੀ, ਪੰਜਾਬੀ ਜਾਗਰਣ
ਭੁਲੱਥ : ਪੰਜਾਬ ਕਾਂਗਰਸ ਦੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਗੁਰੂ ਸਾਹਿਬਾਨ ਦੇ ਅਪਮਾਨ ਵਾਲੀ ਫਰਜ਼ੀ ਵੀਡੀਓ ਸਾਂਝੀ ਕਰਨ ਤੇ ਫੈਲਾਉਣ ‘ਤੇ ਆਮ ਆਦਮੀ ਪਾਰਟੀ ਕਪੂਰਥਲਾ ਵੱਲੋਂ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਲੁਬਾਣਾ ਦੀ ਅਗਵਾਈ ਹੇਠ ਅੱਜ ਰਾਮਗੜ੍ਹ ਪਿੰਡ ਵਿਖੇ ਵੱਡਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸਰਬਜੀਤ ਸਿੰਘ ਲੁਬਾਣਾ, ਸੁਲਤਾਨਪੁਰ ਤੋਂ ਹਲਕਾ ਇੰਚਾਰਜ ਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸੱਜਣ ਸਿੰਘ ਚੀਮਾ, ਮਾਰਕੀਟ ਕਮੇਟੀ ਦੇ ਚੇਅਰਮੈਨ ਕੁਲਦੀਪ ਪਾਠਕ, ਡਾ. ਗੁਰਮੀਤ ਥਾਪਰ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਰਵੀ ਥਾਪਰ ਤੇ ਭੁਲੱਥ, ਫਗਵਾੜਾ, ਕਪੂਰਥਲਾ ਤੇ ਸੁਲਤਾਨਪੁਰ ਤੋਂ ਸੈਂਕੜੇ ਪਾਰਟੀ ਵਰਕਰਾਂ ਵੱਲੋਂ ਰਾਮਗੜ੍ਹ ਪਿੰਡ ਵਿਖੇ ਖਹਿਰਾ ਦੇ ਘਰ ਦੇ ਬਾਹਰ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸਰਬਜੀਤ ਸਿੰਘ ਲੁਬਾਣਾ ਨੇ ਕਿਹਾ ਕਿ ਸੁਖਪਾਲ ਖਹਿਰਾ ਵੱਲੋਂ ਫਰਜ਼ੀ ਵੀਡੀਓਜ਼ ਸਾਂਝੀਆਂ ਕਰਕੇ ਗੁਰੂ ਸਾਹਿਬ ਦਾ ਅਪਮਾਨ ਕੀਤਾ ਗਿਆ ਹੈ ਜਦਕਿ ਪੁਲਿਸ ਵੱਲੋਂ ਕੀਤੀ ਫੋਰੈਂਸਿਕ ਜਾਂਚ ਵਿਚ ਵੀਡੀਓ ਫਰਜ਼ੀ ਪਾਈ ਗਈ ਹੈ। ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਕਰਨ ਵਾਲੀ ਤੇ ਸਿੱਖ ਨਸਲਕੁਸ਼ੀ ਕਰਨ ਵਾਲੀ ਕਾਂਗਰਸ ਕਦੇ ਵੀ ਸਿੱਖਾਂ ਦਾ ਭਲਾ ਨਹੀਂ ਸੋਚ ਸਕਦੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਹਾਲ ਹੀ ਵਿਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਸ਼ਤਾਬਦੀ ਸਮਾਗਮ ਕਰਵਾਏ ਗਏ, ਜਿਸ ਨਾਲ ਗੁਰੂ ਸਾਹਿਬ ਦੇ ਸੰਦੇਸ਼ ਨੂੰ ਦੁਨੀਆ ਦੇ ਕੋਨੇ-ਕੋਨੇ ਵਿਚ ਪਹੁੰਚਾਇਆ ਗਿਆ। ਪਾਰਟੀ ਦੇ ਆਗੂਆਂ ਨੇ ਮੰਗ ਕੀਤੀ ਕਿ ਸੁਖਪਾਲ ਖਹਿਰਾ ਵੱਲੋਂ ਜਾਣ-ਬੁੱਝ ਕੇ ਫਰਜ਼ੀ ਵੀਡੀਓ ਸਾਂਝੀ ਕਰਨ ਤੇ ਵਾਇਰਲ ਕਰਨ ’ਤੇ ਸਖ਼ਤ ਕਾਰਵਾਈ ਕੀਤੀ ਜਾਵੇ ਕਿਉਂਕਿ ਉਨ੍ਹਾਂ ਦੇ ਇਸ ਕਦਮ ਨਾਲ ਸੰਗਤ ਦੇ ਮਨ ਨੂੰ ਠੇਸ ਪੁੱਜੀ ਹੈ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਸੁਖਪਾਲ ਖਹਿਰਾ ਨੂੰ ਪਾਰਟੀ ਵਿਚੋਂ ਬਾਹਰ ਦਾ ਰਸਤਾ ਦਿਖਾਇਆ ਜਾਵੇ। ਵੱਡੀ ਗਿਣਤੀ ਵਿਚ ਪਾਰਟੀ ਵਰਕਰਾਂ ਨੇ ਹੱਥਾਂ ਵਿਚ ਤਖ਼ਤੀਆਂ ਫੜਕੇ ਖਹਿਰਾ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਤੇ ਐਲਾਨ ਕੀਤਾ ਕਿ ਜਦ ਤੱਕ ਉਹ ਆਪਣੀ ਗਲਤੀ ਲਈ ਬਿਨਾਂ ਸ਼ਰਤ ਮੁਆਫੀ ਨਹੀਂ ਮੰਗਦੇ ਉਨ੍ਹਾਂ ਦਾ ਹਰ ਪਲੇਟਫਾਰਮ ’ਤੇ ਵਿਰੋਧ ਕੀਤਾ ਜਾਵੇਗਾ।