ਕਿਸਾਨ ਆਗੂਆਂ ਦੀ ਗ੍ਰਿਫ਼ਤਾਰੀ ਖ਼ਿਲਾਫ਼ ਡਡਵਿੰਡੀ ਰੇਲਵੇ ਸਟੇਸ਼ਨ ’ਤੇ ਪ੍ਰਦਰਸ਼ਨ, ਭਗਵੰਤ ਮਾਨ ਦਾ ਪੁਤਲਾ ਫੂਕਿਆ

ਪਰਮਜੀਤ ਸਿੰਘ ਪੰਜਾਬੀ ਜਾਗਰਣ
ਡਡਵਿੰਡੀ : ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਸਰਵਣ ਸਿੰਘ ਬਾਊਪੁਰ, ਜ਼ਿਲ੍ਹਾ ਸੰਗਠਨ ਸਕੱਤਰ ਸ਼ੇਰ ਸਿੰਘ ਮਹੀਵਾਲ ਤੇ ਜ਼ਿਲ੍ਹਾ ਮੀਤ ਪ੍ਰਧਾਨ ਪਰਮਜੀਤ ਸਿੰਘ ਪੱਕੇ ਕੋਠੇ ਦੀ ਅਗਵਾਈ ਹੇਠ ਡਡਵਿੰਡੀ ਨੇੜੇ ਰੇਲਵੇ ਸਟੇਸ਼ਨ ’ਤੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪੁਤਲਾ ਫੂਕ ਕੇ ਸਰਕਾਰ ਦਾ ਪਿਟ-ਸਿਆਪਾ ਕੀਤਾ ਗਿਆ।
ਕਿਸਾਨ ਆਗੂਆਂ ਨੇ ਦੱਸਿਆ ਕਿ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ’ਤੇ 18 ਜਨਵਰੀ ਨੂੰ ਮਜੀਠਾ ਵਿਖੇ ਮੁੱਖ ਮੰਤਰੀ ਦੀ ਫੇਰੀ ਦੌਰਾਨ ਮੰਨੀਆਂ ਹੋਈਆਂ ਕਿਸਾਨ ਮੰਗਾਂ ਸਬੰਧੀ ਸਵਾਲ ਪੁੱਛਣ ਦਾ ਐਲਾਨ ਕੀਤਾ ਗਿਆ ਸੀ, ਪਰ ਪੰਜਾਬ ਸਰਕਾਰ ਨੇ ਬੁਖਲਾਹਟ ਵਿਚ ਆ ਕੇ ਬੁਜ਼ਦਿਲਾਨਾ ਕਾਰਵਾਈ ਕਰਦਿਆਂ ਪਿਛਲੀ ਅੱਧੀ ਰਾਤ ਤੋਂ ਸੂਬਾ ਆਗੂ ਸਰਵਣ ਸਿੰਘ ਪੰਧੇਰ ਸਮੇਤ ਕਰੀਬ 15 ਹੋਰ ਕਿਸਾਨ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ। ਜ਼ਿਲ੍ਹਾ ਪ੍ਰੈੱਸ ਸਕੱਤਰ ਪੁਸ਼ਪਿੰਦਰ ਸਿੰਘ ਤੇ ਖ਼ਜ਼ਾਨਚੀ ਹਾਕਮ ਸਿੰਘ ਸਾਹਜਹਾਨਪੁਰ ਨੇ ਕਿਹਾ ਕਿ ਅਖੌਤੀ ਲੋਕਤੰਤਰ ਦਾ ਘਾਣ ਕਰਕੇ ਪੰਜਾਬ ਸਰਕਾਰ ਪੁਲਿਸ ਜ਼ਬਰ ਰਾਹੀਂ ਆਵਾਜ਼ ਦਬਾ ਰਹੀ ਹੈ, ਜਿਸ ਦੀ ਉਹ ਸਖ਼ਤ ਨਿੰਦਾ ਕਰਦੇ ਹਨ।
ਉਨ੍ਹਾਂ ਦੋਸ਼ ਲਗਾਇਆ ਕਿ 19 ਮਾਰਚ 2025 ਨੂੰ ਸ਼ੰਭੂ ਅਤੇ ਖਨੌਰੀ ਬਾਰਡਰ ’ਤੇ 401 ਦਿਨਾਂ ਤੋਂ ਚੱਲ ਰਹੇ ਕਿਸਾਨ ਮੋਰਚਿਆਂ ਨੂੰ ਪੁਲਿਸ ਜ਼ਬਰ ਨਾਲ ਖ਼ਤਮ ਕਰਵਾਇਆ ਗਿਆ ਤੇ ਟ੍ਰੈਕਟਰ-ਟਰਾਲੀਆਂ ਸਮੇਤ ਲਗਭਗ 3 ਕਰੋੜ 77 ਲੱਖ ਰੁਪਏ ਦਾ ਕੀਮਤੀ ਸਮਾਨ ਭੰਨਤੋੜ ਕਰਕੇ ਨਸ਼ਟ ਕੀਤਾ ਗਿਆ। ਇਸ ਦੌਰਾਨ 435 ਤੋਂ ਵੱਧ ਕਿਸਾਨ ਜ਼ਖ਼ਮੀ ਹੋਏ ਅਤੇ 49 ਕਿਸਾਨ ਸ਼ਹੀਦ ਹੋਏ, ਪਰ ਅੱਜ ਤੱਕ ਨਾ ਤਾਂ ਮੁਆਵਜ਼ਾ ਦਿੱਤਾ ਗਿਆ ਅਤੇ ਨਾ ਹੀ ਕੋਈ ਇਨਸਾਫ਼ ਮਿਲਿਆ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਗ੍ਰਿਫ਼ਤਾਰ ਸਾਰੇ ਆਗੂਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਇਸ ਮੌਕੇ ਭਾਈ ਲਾਲੋ ਜੀ ਡੱਲਾ ਸਾਹਿਬ ਬਲਵਿੰਦਰ ਸਿੰਘ ਬੰਬ, ਸੁਰਜੀਤ ਸਿੰਘ, ਸਵਰਣ ਸਿੰਘ ਸ਼ਾਹਜਹਾਨਪੁਰ, ਬਲਵੀਰ ਸਿੰਘ ਡੱਲਾ, ਰਣਜੀਤ ਸਿੰਘ, ਬਲਵੰਤ ਸਿੰਘ, ਜ਼ੋਨ ਸੁਲਤਾਨਪੁਰ ਲੋਧੀ ਸਰਬਜੀਤ ਸਿੰਘ ਕਾਲੇਵਾਲ, ਮਲਕੀਤ ਸਿੰਘ ਫੱਤੋਵਾਲ, ਸਰਵਣ ਸਿੰਘ ਸੋਨੀ, ਭਜਨ ਸਿੰਘ ਖਿਜਰਪੁਰ, ਜਤਿੰਦਰ ਸਿੰਘ ਮਹੀਵਾਲ, ਸੁਖਵੰਤ ਸਿੰਘ ਤੁੜ, ਗਰਨਾਮ ਸਿੰਘ ਸ਼ੰਨਾ ਸ਼ੇਰ ਸਿੰਘ, ਹਰਦੀਪ ਸਿੰਘ, ਗੁਰਸੇਵਕ ਸਿੰਘ ਸ਼ਿਵਦਿਆਲ, ਬੀਬੀ ਬੀਰ ਕੌਰ, ਸਲਵਿੰਦਰ ਕੌਰ, ਬਾਬਾ ਬੰਦਾ ਸਿੰਘ ਬਹਾਦਰ ਜੋਗਾ ਸਿੰਘ, ਮਹਿੰਦਰ ਸਿੰਘ, ਨਿਰਵੈਲ ਸਿੰਘ, ਗੁਰਮੁੱਖ ਸਿੰਘ, ਗੁਰਦੇਵ ਸਿੰਘ, ਤਰਲੋਕ ਸਿੰਘ, ਜੋਗਾ ਸਿੰਘ ਇੰਦਰਜੀਤ ਸਿੰਘ ਭੋਰ, ਸੁਖਦੇਵ ਸਿੰਘ, ਸਰਬਜੀਤ ਸਿੰਘ ਕਾਹਲਵਾਂ, ਬੀਬਾ ਨਿਰਮਲ ਕੌਰ, ਜ਼ੋਨ ਮੀਰੀ ਪੀਰੀ ਗੁਰਸਰ ਪ੍ਰਧਾਨ ਹਰਵਿੰਦਰ ਸਿੰਘ, ਵੀਰ ਸਿੰਘ ਉਚਾ, ਕਰਨੈਲ ਸਿੰਘ, ਹਰਜੀਤ ਸਿੰਘ, ਦਰਸ਼ਨ ਸਿੰਘ ਆਦਿ ਹਾਜ਼ਰ ਸਨ। ਇਸ ਮੌਕੇ ਵੱਖ-ਵੱਖ ਜ਼ੋਨਾਂ ਤੋਂ ਬਾਬਾ ਭਾਈ ਲਾਲੋ ਜੀ ਡੱਲਾ ਸਾਹਿਬ, ਬਾਬਾ ਬੀਰ ਸਿੰਘ ਜੀ, ਸੁਲਤਾਨਪੁਰ ਲੋਧੀ, ਬਾਬਾ ਬੰਦਾ ਸਿੰਘ ਬਹਾਦਰ ਜ਼ੋਨ ਤੇ ਮੀਰੀ-ਪੀਰੀ ਜ਼ੋਨ ਨਾਲ ਸਬੰਧਤ ਕਿਸਾਨ ਆਗੂਆਂ ਸਮੇਤ ਵੱਡੀ ਗਿਣਤੀ ਵਿਚ ਕਿਸਾਨ-ਮਜ਼ਦੂਰ ਹਾਜ਼ਰ ਸਨ।