ਮਸੀਹ ਏਕਤਾ ਵਰਗੇ ਪ੍ਰੋਗਰਾਮ ਸ਼ਲਾਘਾਯੋਗ : ਥੋਬਾ
ਮਸੀਹ ਏਕਤਾ ਵਰਗੇ ਪ੍ਰੋਗਰਾਮ ਸ਼ਲਾਗਾ ਯੋਗ : ਸੁਭਾਸ਼ ਥੋਬਾ
Publish Date: Thu, 22 Jan 2026 08:07 PM (IST)
Updated Date: Thu, 22 Jan 2026 08:09 PM (IST)

ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਇਸਾਈ ਭਾਈਚਾਰਾ, ਜੋ ਇਤਿਹਾਸਕ ਤੌਰ ’ਤੇ ਸ਼ਾਂਤੀ, ਪ੍ਰੇਮ ਅਤੇ ਭਾਈਚਾਰਕ ਸਾਂਝ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਅੱਜ ਦੇ ਸਮੇਂ ਵਿਚ ਵੱਖ-ਵੱਖ ਪੱਧਰਾਂ ’ਤੇ ਵੰਡਿਆ ਹੋਇਆ ਨਜ਼ਰ ਆ ਰਿਹਾ ਹੈ। ਚਾਹੇ ਉਹ ਰਾਜਨੀਤਿਕ ਮੈਦਾਨ ਹੋਵੇ, ਧਾਰਮਿਕ ਮੰਚ ਹੋਵੇ ਜਾਂ ਸਮਾਜਿਕ ਜੀਵਨ, ਹਰ ਥਾਂ ਆਪਣੀ ਡਫਲੀ, ਆਪਣਾ ਰਾਗ ਵਾਲੀ ਸਥਿਤੀ ਸਪਸ਼ਟ ਦਿੱਸ ਰਹੀ ਹੈ।ਇਹ ਹਾਲਾਤ ਸਿਰਫ਼ ਸਮਾਜਿਕ ਇਕਾਈ ਨੂੰ ਹੀ ਨਹੀਂ, ਸਗੋਂ ਮਸੀਹੀ ਗਵਾਹੀ ਨੂੰ ਵੀ ਕਮਜ਼ੋਰ ਕਰ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਕ੍ਰਿਸਚਿਨ ਯੂਥ ਫੈਲੋਸ਼ਿਪ ਦੇ ਸੂਬਾਈ ਪ੍ਰਧਾਨ ਸੁਭਾਸ਼ ਥੋਬਾ ਨੇ ਕਰਦਿਆਂ ਕਿਹਾ ਕਿ ਸੋਸ਼ਲ ਮੀਡੀਆ ਦੇ ਇਸ ਦੌਰ ਵਿਚ ਅਕਸਰ ਇਹ ਸੁਣਨ ਤੇ ਵੇਖਣ ਨੂੰ ਮਿਲਦਾ ਹੈ ਕਿ ਸਾਡੇ ਵਿਚਾਰ ਮੇਲ ਨਹੀਂ ਖਾਂਦੇ, ਸਾਡਾ ਸਿਧਾਂਤ ਵੱਖਰਾ ਹੈ ਜਾਂ ਸਾਡਾ ਰਸਤਾ ਹੀ ਸਹੀ ਹੈ। ਇਹ ਬਿਆਨਬਾਜ਼ੀ ਹੌਲੀ-ਹੌਲੀ ਸੰਵਾਦ ਦੀ ਥਾਂ ਟਕਰਾਅ ਨੂੰ ਜਨਮ ਦੇ ਰਹੀ ਹੈ ਜਦਕਿ ਪਵਿੱਤਰ ਬਾਈਬਲ ਸਾਨੂੰ ਸਪਸ਼ਟ ਤੌਰ ’ਤੇ ਸਿਖਾਉਂਦੀ ਹੈ ਕਿ ਭਾਈ ਇਕੱਠੇ ਬੈਠ ਕੇ ਰਹਿਣ, ਵਧਣ ਤੇ ਇਕ ਦੂਜੇ ਨੂੰ ਉੱਪਰ ਚੁੱਕਣ। ਸੁਭਾਸ਼ ਥੋਬਾ ਨੇ ਕਿਹਾ ਕਿ ਭਾਈਚਾਰਕ ਏਕਤਾ ਸਿਰਫ਼ ਇਕ ਆਦਰਸ਼ ਨਹੀਂ, ਸਗੋਂ ਮਸੀਹੀ ਜੀਵਨ ਦਾ ਕੇਂਦਰੀ ਸਿਧਾਂਤ ਹੈ। ਉਨ੍ਹਾਂ ਕਿਹਾ ਕਿ ਅਫ਼ਸੋਸ ਦੀ ਗੱਲ ਇਹ ਹੈ ਕਿ ਅੱਜ ਅਸੀਂ ਦੂਸਰੇ ਨੂੰ ਨੀਵਾਂ ਦਿਖਾਉਣ ਦੀ ਦੌੜ ਵਿਚ ਸ਼ਾਮਲ ਹੋ ਗਏ ਹਾਂ। ਇਸ ਦੌੜ ਵਿਚ ਅਸੀਂ ਅਣਜਾਣੇ ਹੀ ਮਸੀਹ ਦੇ ਉਸ ਫਲਸਫੇ ਤੋਂ ਦੂਰ ਹੋ ਰਹੇ ਹਾਂ, ਜੋ ਨਿਮਰਤਾ, ਸੇਵਾ ਤੇ ਪ੍ਰੇਮ ’ਤੇ ਆਧਾਰਿਤ ਹੈ। ਮਸੀਹ ਨੇ ਕਦੇ ਵੀ ਮੁਕਾਬਲੇ ਦੀ ਸਿੱਖਿਆ ਨਹੀਂ ਦਿੱਤੀ, ਸਗੋਂ ਸਾਂਝ, ਮੁਆਫ਼ੀ ਤੇ ਇਕੱਠੇ ਚੱਲਣ ਦਾ ਮਾਰਗ ਦਿਖਾਇਆ। ਇਸ ਤਰ੍ਹਾਂ ਦੇ ਸੰਕਟਪੂਰਨ ਸਮੇਂ ਵਿਚ ਕੈਥੋਲਿਕ ਚਰਚ ਦੇ ਡਾਇਓਸੀਸ ਆਫ਼ ਜਲੰਧਰ ਵੱਲੋਂ ਕਰਵਾਏ ਜਾ ਰਹੇ ਮਸੀਹ ਏਕਤਾ ਵਰਗੇ ਪ੍ਰੋਗਰਾਮ ਨਿਸ਼ਚਤ ਤੌਰ ’ਤੇ ਸ਼ਲਾਘਾਯੋਗ ਹਨ। ਇਹ ਪ੍ਰੋਗਰਾਮ ਸਿਰਫ਼ ਇਕ ਸਮਾਰੋਹ ਨਹੀਂ, ਸਗੋਂ ਇਕ ਸੰਦੇਸ਼ ਹੈ ਕਿ ਵੱਖਰੇ ਹੋ ਕੇ ਨਹੀਂ, ਸਗੋਂ ਇਕੱਠੇ ਹੋ ਕੇ ਹੀ ਮਸੀਹ ਦਾ ਸੱਚਾ ਪ੍ਰਚਾਰ ਸੰਭਵ ਹੈ। ਇਹ ਯਤਨ ਸਾਨੂੰ ਯਾਦ ਦਿਵਾਉਂਦੇ ਹਨ ਕਿ ਮਸੀਹ ਦੀ ਕਲੀਸਿਆ ਦੀ ਤਾਕਤ ਉਸ ਦੀ ਏਕਤਾ ਵਿਚ ਹੀ ਲੁਕੀ ਹੋਈ ਹੈ। ਇਸ ਮੌਕੇ ਪੰਜਾਬ ਕ੍ਰਿਸਚਨ ਯੂਥ ਫੈਲੋਸ਼ਿਪ ਵੱਲੋਂ ਫਾਦਰ ਜੋਨ ਗਰੇਵਾਲ ਨੂੰ ਨਿੱਜੀ ਤੌਰ ’ਤੇ ਵਧਾਈ ਦਿੱਤੀ ਜਾਂਦੀ ਹੈ, ਜਿਨ੍ਹਾਂ ਨੇ ਇਸ ਤਰ੍ਹਾਂ ਦੇ ਏਕਤਾਪੂਰਕ ਉਪਰਾਲਿਆਂ ਰਾਹੀਂ ਭਾਈਚਾਰੇ ਨੂੰ ਇਕ ਨਵੀਂ ਦਿਸ਼ਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦੀ ਅਗਵਾਈ ਹੇਠ ਕੀਤੇ ਗਏ ਇਹ ਯਤਨ ਨੌਜਵਾਨਾਂ ਹੀ ਨਹੀਂ, ਸਗੋਂ ਪੂਰੇ ਇਸਾਈ ਭਾਈਚਾਰੇ ਲਈ ਪ੍ਰੇਰਣਾ ਸਰੋਤ ਹਨ। ਅੰਤ ਵਿਚ ਇਹ ਆਸ ਤੇ ਅਪੀਲ ਕੀਤੀ ਜਾਂਦੀ ਹੈ ਕਿ ਸਾਰੇ ਪਾਸਟਰ ਸਾਹਿਬਾਨ, ਖ਼ਾਸ ਕਰਕੇ ਪੰਜਾਬੀ ਚਰਚਾਂ ਦੇ ਆਗੂ, ਆਪਸੀ ਤਾਲਮੇਲ, ਸਨਮਾਨ ਤੇ ਸੰਵਾਦ ਨੂੰ ਮਜ਼ਬੂਤ ਕਰਕੇ ਅੱਗੇ ਵਧਣ। ਜਦੋਂ ਅਸੀਂ ਇਕ-ਦੂਜੇ ਨੂੰ ਸਵੀਕਾਰ ਕਰਾਂਗੇ, ਤਦ ਹੀ ਮਸੀਹ ਦਾ ਪ੍ਰਚਾਰ ਪ੍ਰਭਾਵਸ਼ਾਲੀ ਢੰਗ ਨਾਲ ਸੰਸਾਰ ਤੱਕ ਪਹੁੰਚ ਸਕੇਗਾ। ਏਕਤਾ ਹੀ ਸਾਡੀ ਤਾਕਤ ਹੈ ਤੇ ਏਕਤਾ ਹੀ ਮਸੀਹੀ ਗਵਾਹੀ ਦੀ ਸੱਚੀ ਪਹਿਚਾਣ ਹੈ।