---ਪੀੜਤ ਅਧਿਆਪਕ ਨੂੰ ਇਨਸਾਫ

---ਪੀੜਤ ਅਧਿਆਪਕ ਨੂੰ ਇਨਸਾਫ ਦਿਵਾਉਣ ਤੱਕ ਸੰਘਰਸ਼ ਜਾਰੀ ਰਹੇਗਾ : ਡੀਟੀਐੱਫ
ਅਮਰੀਕ ਮੱਲ੍ਹੀ/ਦੀਪਕ, ਪੰਜਾਬੀ ਜਾਗਰਣ
ਕਪੂਰਥਲਾ : ਸਰਕਾਰੀ ਹਾਈ ਸਕੂਲ ਅੰਮ੍ਰਿਤਪੁਰ ਰਾਜੇਵਾਲ ਦੀ ਹੈੱਡਮਿਸਟ੍ਰੇਸ ਦੇ ਕਥਿਤ ਤਾਨਾਸ਼ਾਹੀ ਰਵੱਈਏ ਖਿਲਾਫ ਅੱਜ ਪਿੰਡ ਅੰਮ੍ਰਿਤਪੁਰ, ਰਾਜੇਵਾਲ ਤੇ ਮੁੰਡੀ ਛੰਨਾ ਦੀਆਂ ਪੰਚਾਇਤਾਂ, ਬੱਚਿਆਂ ਦੇ ਮਾਪਿਆਂ ਤੇ ਪਿੰਡ ਵਾਸੀਆਂ ਵੱਲੋਂ ਸਾਂਝੇ ਤੌਰ ’ਤੇ ਸ਼ਿੰਗਾਰਾ ਸਿੰਘ ਸਰਪੰਚ ਅੰਮ੍ਰਿਤਪੁਰ, ਬਲਵੰਤ ਸਿੰਘ ਸਰਪੰਚ ਰਾਜੇਵਾਲ, ਤਰਸੇਮ ਸਿੰਘ ਬੰਨੇਮਲ ਕਿਰਤੀ ਕਿਸਾਨ ਯੂਨੀਅਨ, ਬਲਵਿੰਦਰ ਸਿੰਘ ਭੁੱਲਰ, ਹਰਵਿੰਦਰ ਸਿੰਘ ਅੱਲੂਵਾਲ ਜ਼ਿਲ੍ਹਾ ਪ੍ਰਧਾਨ ਡੀਟੀਐੱਫ ਕਪੂਰਥਲਾ, ਗੁਰਮੇਲ ਸਿੰਘ ਚੇਅਰਮੈਨ ਸਕੂਲ ਮੈਨਜਮੈਂਟ ਕਮੇਟੀ ਆਦਿ ਦੀ ਅਗਵਾਈ ਹੇਠ ਸਕੂਲ ਦੇ ਗੇਟ 'ਤੇ ਰੋਸ ਪ੍ਰਦਰਸ਼ਨ ਕਰਦੇ ਹੋਏ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਪਿੰਡ ਦੇ ਮੋਹਤਬਰ ਵਿਅਕਤੀਆਂ ਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਸਕੂਲ ਮੁਖੀ ਵੱਲੋਂ ਸਕੂਲ ਦੇ ਅਧਿਆਪਕ ਸੁਰਿੰਦਰ ਸਿੰਘ ਮੈਥ ਮਾਸਟਰ ਨੂੰ ਲਗਾਤਾਰ ਕਥਿਤ ਤੌਰ ’ਤੇ ਪ੍ਰੇਸ਼ਾਨ ਤੇ ਅਪਮਾਨਿਤ ਕੀਤਾ ਜਾ ਰਿਹਾ ਹੈ। ਅਧਿਆਪਕ ਹਰ ਰੋਜ਼ ਨਿਯਮਤ ਤੌਰ 'ਤੇ ਸਕੂਲ ਵਿਚ ਰੋਜ਼ਾਨਾ ਹਾਜ਼ਰ ਹੋ ਰਿਹਾ ਹੈ, ਪ੍ਰੰਤੂ ਸਕੂਲ ਮੁਖੀ ਵੱਲੋਂ ਜਾਣ-ਬੁੱਝ ਕੇ ਹਾਜ਼ਰੀ ਰਜਿਸਟਰ ਵਿਚ ਉਸਦੀ ਹਾਜ਼ਰੀ ਨਹੀਂ ਲਗਵਾਈ ਜਾ ਰਹੀ। ਪੀੜਤ ਅਧਿਆਪਕ ਵੱਲੋਂ ਸਾਰਾ ਮਸਲਾ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਕਪੂਰਥਲਾ ਕੋਲ ਭੇਜਿਆ ਗਿਆ ਅਤੇ ਵਾਰ-ਵਾਰ ਸੰਪਰਕ ਕਰਨ ਦੇ ਬਾਵਜੂਦ ਕੇਸ ਨੂੰ ਹੱਦੋਂ ਵੱਧ ਲਮਕਾਇਆ ਗਿਆ। ਜਦੋਂ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਕੋਈ ਹੱਲ ਨਹੀਂ ਕੀਤਾ ਗਿਆ ਤਾਂ ਅਧਿਆਪਕ ਨੇ ਆਪਣਾ ਮਾਮਲਾ ਪਿੰਡ ਅੰਮ੍ਰਿਤਪੁਰ, ਰਾਜੇਵਾਲ ਅਤੇ ਮੁੰਡੀ ਛੰਨਾ ਦੀਆਂ ਪੰਚਾਇਤਾਂ ਕੋਲ ਰੱਖਿਆ। ਮਿਤੀ 23 ਜਨਵਰੀ ਨੂੰ ਤਿੰਨਾਂ ਪਿੰਡਾਂ ਦੇ ਸਰਪੰਚ, ਪੰਚ, ਸਕੂਲ ਮੈਨਜਮੈਂਟ ਕਮੇਟੀਆਂ ਦੇ ਚੇਅਰਮੈਨ ਜਦੋਂ ਸਕੂਲ ਮੁਖੀ ਨਾਲ ਗੱਲਬਾਤ ਕਰਨ ਲਈ ਸਕੂਲ ਪੁੱਜੇ ਤਾਂ ਸਕੂਲ ਮੁਖੀ ਵੱਲੋਂ ਕਥਿਤ ਦੁਰਵਿਵਹਾਰ ਕੀਤਾ ਗਿਆ ਤੇ ਕਿਸੇ ਵੀ ਤਰ੍ਹਾਂ ਦੀ ਗੱਲ ਸੁਣਨ ਤੋਂ ਇਨਕਾਰ ਕਰਦੇ ਹੋਏ ਪੰਚਾਇਤ ਮੁਖੀਆਂ ਨੂੰ ਇਥੋਂ ਤੱਕ ਕਹਿ ਦਿੱਤਾ ਕਿ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਤੋਂ ਲਿਖਵਾ ਕੇ ਲਿਆਓ ਨਹੀਂ ਤਾਂ ਹਾਜ਼ਰੀ ਨਹੀਂ ਲੱਗੇਗੀ। ਅਗਲੇ ਦਿਨ 24 ਜਨਵਰੀ ਨੂੰ ਸਕੂਲ ਮੁਖੀ ਵੱਲੋਂ ਪੀੜਤ ਅਧਿਆਪਕ ਸੁਰਿੰਦਰ ਸਿੰਘ ਨੂੰ ਸਕੂਲ ਵਿਚੋਂ ਸ਼ਰੇਆਮ ਅਪਮਾਨਿਤ ਕਰਕੇ ਸਕੂਲ ਤੋਂ ਬਾਹਰ ਜਾਣ ਲਈ ਕਿਹਾ ਗਿਆ ਤਾਂ ਤਿੰਨਾਂ ਪਿੰਡਾਂ ਦੀਆਂ ਪੰਚਾਇਤਾਂ, ਸਕੂਲ ਮੈਨਜਮੈਂਟ ਕਮੇਟੀ ਤੇ ਭਰਾਤਰੀ ਜਥੇਬੰਦੀਆਂ ਮੌਕੇ 'ਤੇ ਪਹੁੰਚੀਆਂ। ਉੱਧਰ ਸਕੂਲ ਮੁੱਖੀ ਵੱਲੋਂ ਹੈਂਕੜਬਾਜ਼ ਰਵੱਈਆ ਅਖਤਿਆਰ ਕਰਦੇ ਹੋਏ ਖੁੱਲ੍ਹੀ ਧਮਕੀ ਦਿੱਤੀ ਕਿ ਜਦ ਤੱਕ ਜ਼ਿਲ੍ਹਾ ਸਿੱਖਿਆ ਅਫਸਰ ਨਹੀਂ ਕਹੇਗਾ, ਪੀੜਤ ਅਧਿਆਪਕ ਨੂੰ ਸਕੂਲ ਵਿਚ ਵੜਨ ਨਹੀਂ ਦਿੱਤਾ ਜਾਵੇਗਾ। ਇਸ ਤੋਂ ਬਾਅਦ ਸਕੂਲ ਦੇ ਗੇਟ ਦੇ ਬਾਹਰ ਧਰਨਾ ਪ੍ਰਦਰਸ਼ਨ ਸ਼ੁਰੂ ਹੋ ਗਿਆ। ਆਗੂਆਂ ਕਿਹਾ ਕਿ ਜਦੋਂ ਦੀ ਇਹ ਸਕੂਲ ਮੁਖੀ ਸਕੂਲ ਵਿਚ ਆਈ ਹੈ ਸਕੂਲ ਦਾ ਮਾਹੌਲ ਬਹੁਤ ਵਿਗੜ ਗਿਆ ਹੈ। ਸਕੂਲ ਵਿਚ ਪੜ੍ਹਾਈ ਦਾ ਵਾਤਾਵਰਨ ਹੀ ਨਹੀਂ ਰਿਹਾ। ਇਸ ਮੌਕੇ ਤਿੰਨਾਂ ਪਿੰਡਾਂ ਦੀਆਂ ਪੰਚਾਇਤਾਂ, ਭਰਾਤਰੀ ਜਥੇਬੰਦੀਆਂ, ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਸਕੂਲ ਮੁਖੀ ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਚੇਤਾਵਨੀ ਦਿੰਦਿਆਂ ਮੰਗ ਕੀਤੀ ਗਈ ਕਿ ਸਕੂਲ ਦੇ ਅਧਿਆਪਕ ਸੁਰਿੰਦਰ ਸਿੰਘ ਨੂੰ ਇਨਸਾਫ ਦਿਵਾਉਣ ਤੱਕ ਸੰਘਰਸ਼ ਜਾਰੀ ਰਹੇਗਾ ਅਤੇ 27 ਜਨਵਰੀ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਕਪੂਰਥਲਾ ਦੇ ਦਫਤਰ ਵਿਖੇ ਧਰਨਾ ਦਿੱਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਹੋਵੇਗੀ। ਅੱਜ ਦੇ ਰੋਸ ਪ੍ਰਦਰਸ਼ਨ ਵਿਚ ਡੀਟੀਐੱਫ ਦੇ ਆਗੂ ਤਜਿੰਦਰ ਸਿੰਘ, ਜੈਮਲ ਸਿੰਘ, ਪਵਨ ਕੁਮਾਰ, ਬਲਵੀਰ ਸਿੰਘ, ਗੁਰਦੀਪ ਧੰਮ, ਰਛਪਾਲ ਸਿੰਘ ਵੜੈਚ, ਅਵਤਾਰ ਸਿੰਘ, ਜਸਵਿੰਦਰ ਸਿੰਘ, ਸੁਖਪਾਲ ਸਿੰਘ, ਕੁਲਦੀਪ ਸਿੰਘ, ਗੌਰਵ ਗਿੱਲ, ਮਲਕੀਤ ਸਿੰਘ, ਬਲਵਿੰਦਰ ਭੰਡਾਲ, ਸੁਰਿੰਦਰਪਾਲ ਸਿੰਘ, ਨਰਿੰਦਰ ਔਜਲਾ, ਨੱਥਾ ਸਿੰਘ ਮੈਂਬਰ, ਮਹਿੰਦਰ ਸਿੰਘ, ਗੁਰਮੀਤ ਸਿੰਘ, ਬਲਵਿੰਦਰ ਸਿੰਘ ਦੇਸਲ, ਮੁਖਤਿਆਰ ਸਿੰਘ ਸਾਬਕਾ ਸਰਪੰਚ, ਬੱਗਾ ਸਿੰਘ, ਸੰਤੋਖ ਸਿੰਘ, ਪ੍ਰੀਤਮ ਸਿੰਘ, ਸੁਰਜੀਤ ਸਿੰਘ, ਰਾਜਵੰਤ ਕੌਰ, ਕੁਲਦੀਪ ਸਿੰਘ ਆਦਿ ਹਾਜ਼ਰ ਸਨ।