ਮੋਦੀ ਦਾ ਜਾਦੂ ਹੁਣ ਪੰਜਾਬ ’ਚ ਵੀ ਚੱਲੇਗਾ : ਲੋਕੇਸ਼ ਬਾਲੀ
ਪ੍ਰਧਾਨ ਮੰਤਰੀ ਮੋਦੀ ਦਾ ਜਾਦੂ ਹੁਣ ਪੰਜਾਬ ਵਿਚ ਵੀ ਚੱਲੇਗਾ,2027 ਵਿਚ ਮੋਦੀ ਫੈਕਟਰ ਨਾਲ ਕੁਸ਼ਾਸਨ ਤੋਂ ਮਿਲੇਗੀ ਮੁਕਤੀ-ਲੋਕੇਸ਼ ਬਾਲੀ
Publish Date: Mon, 24 Nov 2025 06:54 PM (IST)
Updated Date: Mon, 24 Nov 2025 06:55 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਦੇ ਜ਼ਿਲ੍ਹਾ ਜਰਨਲ ਸਕੱਤਰ ਲੋਕੇਸ਼ ਬਾਲੀ ਅਤੇ ਭਾਜਪਾ ਜ਼ਿਲ੍ਹਾ ਮੀਤ ਪ੍ਰਧਾਨ ਬਲਵਿੰਦਰ ਠਾਕੁਰ ਨੇ ਫਗਵਾੜਾ ਵਿਚ ਇਕ ਵਿਸ਼ੇਸ਼ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵੱਡਾ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਦੇ ਹੋਰਨਾਂ ਰਾਜਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਮਿਲੀ ਸ਼ਾਨਦਾਰ ਜਿੱਤ ਤੋਂ ਬਾਅਦ ਹੁਣ ਪੰਜਾਬ ਦੀ ਜਨਤਾ ਵੀ ਮੋਦੀ ਫੈਕਟਰ ਦੇ ਪ੍ਰਭਾਵ ਨੂੰ ਸਵੀਕਾਰ ਕਰਨ ਲਈ ਤਿਆਰ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਪੰਜਾਬ ਵਿਚ ਆਉਣ ਵਾਲੀਆਂ 2027 ਵਿਧਾਨ ਸਭਾ ਚੋਣਾਂ ਦਾ ਮੁੱਖ ਆਧਾਰ ਪ੍ਰਧਾਨ ਮੰਤਰੀ ਮੋਦੀ ਦਾ ਵਿਕਾਸ ਅਤੇ ਸੁਸ਼ਾਸਨ ਮਾਡਲ ਹੀ ਹੋਵੇਗਾ, ਜਿਸ ਦੇ ਜ਼ੋਰ ’ਤੇ ਭਾਜਪਾ ਸੂਬੇ ਨੂੰ ਮੌਜੂਦਾ ਆਮ ਆਦਮੀ ਪਾਰਟੀ ਦੇ ਕੁਸ਼ਾਸਨ ਤੋਂ ਮੁਕਤੀ ਦਿਵਾਏਗੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਨੇ ਆਮ ਆਦਮੀ ਪਾਰਟੀ ਨੂੰ ਵੱਡੇ ਭਰੋਸੇ ਨਾਲ ਸੱਤਾ ਸੌਂਪੀ ਸੀ ਪਰ ਪਿਛਲੇ ਕੁਝ ਸਾਲਾਂ ਵਿਚ ਸੂਬੇ ਦੀ ਹਾਲਤ ਬਦ ਤੋਂ ਬਦਤਰ ਹੋ ਗਈ ਹੈ। ਸੂਬਾ ਸਰਕਾਰ ’ਤੇ ਤਿੱਖਾ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਆਪ ਨੇ ਬਦਲਾਅ ਦਾ ਜੋ ਵਾਅਦਾ ਕੀਤਾ ਸੀ, ਉਹ ਸਿਰਫ਼ ਨਿਰਾਸ਼ਾ ਲੈ ਕੇ ਆਇਆ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਭ੍ਰਿਸ਼ਟਾਚਾਰ ਆਪਣੇ ਸਿਖਰ ’ਤੇ ਹੈ ਅਤੇ ਸਰਕਾਰ ਸਿਰਫ਼ ਹਵਾਈ ਵਾਅਦੇ ਕਰ ਰਹੀ ਹੈ। ਉਨ੍ਹਾਂ ਨੇ ਇਸ ਗੱਲ ’ਤੇ ਚਾਨਣਾ ਪਾਇਆ ਕਿ ਪ੍ਰਧਾਨ ਮੰਤਰੀ ਮੋਦੀ ਦੀ ਪਛਾਣ ਗਾਰੰਟੀ ਪੂਰੀ ਕਰਨ ਵਾਲੇ ਨੇਤਾ ਦੀ ਹੈ, ਜਿਸ ਨੇ ਦੇਸ਼ ਨੂੰ ਵਿਕਾਸ ਦੀ ਇਕ ਨਵੀਂ ਦਿਸ਼ਾ ਦਿੱਤੀ ਹੈ। ਲੋਕੇਸ਼ ਬਾਲੀ ਨੇ ਸਪੱਸ਼ਟ ਕੀਤਾ ਕਿ 2027 ਦੀਆਂ ਚੋਣਾਂ ਦੀ ਰਣਨੀਤੀ ਪੂਰੀ ਤਰ੍ਹਾਂ ਪ੍ਰਧਾਨ ਮੰਤਰੀ ਮੋਦੀ ਦੇ ਜਨ-ਕਲਿਆਣਕਾਰੀ ਪ੍ਰੋਗਰਾਮਾਂ, ਰਾਸ਼ਟਰੀ ਸੁਰੱਖਿਆ ਪ੍ਰਤੀ ਉਨ੍ਹਾਂ ਦੇ ਸਖ਼ਤ ਰੁਖ ਅਤੇ ਉਦਯੋਗਿਕ ਵਿਕਾਸ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ’ਤੇ ਆਧਾਰਿਤ ਹੋਵੇਗੀ। ਲੋਕੇਸ਼ ਬਾਲੀ ਤੇ ਬਲਵਿੰਦਰ ਠਾਕੁਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਕੇਂਦਰ ਦੀ ਐੱਨਡੀਏ ਸਰਕਾਰ ਨੇ ਆਰਥਿਕ ਮੋਰਚੇ ਦੇ ਨਾਲ-ਨਾਲ ਰੱਖਿਆ, ਸਮਾਜ ਭਲਾਈ, ਰੁਜ਼ਗਾਰ, ਸਵੈ-ਨਿਰਭਰਤਾ, ਸਮਾਵੇਸ਼ੀ ਵਿਕਾਸ ਅਤੇ ਕਮਜ਼ੋਰ ਵਰਗਾਂ ਦੇ ਵਿਕਾਸ ਲਈ ਵੱਡਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨੀ ਅੱਤਵਾਦੀਆਂ ਨੇ 22 ਅਪ੍ਰੈਲ ਨੂੰ 26 ਨਿਰਦੋਸ਼ ਨਾਗਰਿਕਾਂ ਨੂੰ ਬੇਰਹਿਮੀ ਨਾਲ ਮਾਰ ਦਿੱਤਾ। ਭਾਰਤ ਨੇ ਇਸ ਕਾਇਰਤਾਪੂਰਨ ਹਮਲੇ ਦਾ ਪਾਕਿਸਤਾਨ ਨੂੰ ਕੂਟਨੀਤਕ ਅਤੇ ਫੌਜੀ ਤਰੀਕਿਆਂ ਨਾਲ ਜਵਾਬ ਦਿੱਤਾ। 7 ਮਈ ਨੂੰ ਭਾਰਤ ਨੇ ਹਮਲੇ ਦੇ ਪਿੱਛੇ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰਨ ਲਈ ਆਪ੍ਰੇਸ਼ਨ ਸਿੰਦੂਰ ਸ਼ੁਰੂ ਕੀਤਾ ਤੇ ਲਸ਼ਕਰ-ਏ-ਤੋਇਬਾ, ਜੈਸ਼-ਏ-ਮੁਹੰਮਦ ਅਤੇ ਹਿਜ਼ਬੁਲ ਮੁਜਾਹਿਦੀਨ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ-ਕਸ਼ਮੀਰ ਵਿਚ ਨੌਂ ਵੱਡੇ ਅੱਤਵਾਦੀ ਟਿਕਾਣਿਆਂ ਨੂੰ ਸਫਲਤਾਪੂਰਵਕ ਤਬਾਹ ਕਰ ਦਿੱਤਾ। ਅੰਤ ਵਿਚ ਲੋਕੇਸ਼ ਬਾਲੀ ਨੇ ਵਿਸ਼ਵਾਸ ਪ੍ਰਗਟਾਇਆ ਕਿ ਪੰਜਾਬ ਦੀ ਜਨਤਾ ਦਿਲੋਂ ਚਾਹੁੰਦੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਲਵਾ ਅਤੇ ਵਿਕਾਸ ਮਾਡਲ ਹੁਣ ਪੰਜਾਬ ਵਿਚ ਵੀ ਚੱਲੇ ਤਾਂ ਜੋ ਸੂਬੇ ਨੂੰ ਮੌਜੂਦਾ ਕੁਸ਼ਾਸਨ, ਭ੍ਰਿਸ਼ਟਾਚਾਰ ਅਤੇ ਢਹਿ-ਢੇਰੀ ਹੋ ਚੁੱਕੀ ਕਾਨੂੰਨ ਵਿਵਸਥਾ ਤੋਂ ਮੁਕਤੀ ਮਿਲ ਸਕੇ। ਕੈਪਸ਼ਨ-24ਪੀਐਚਜੀ5 ਕੇਪਸ਼ਨ-24ਪੀਐਚਜੀ6