ਮੈਗਾ ਖੂਨਦਾਨ ਕੈਂਪ ਦੀਆਂ ਤਿਆਰੀਆਂ ਪੂਰੀਆਂ
ਬੇਬੀ ਨਵਿਆ ਦੀ ਯਾਦ ਨੂੰ ਸਮਰਪਿਤ ਮੈਗਾ ਖੂਨਦਾਨ ਕੈਂਪ ਦੀਆਂ ਤਿਆਰੀਆਂ ਪੂਰੀਆਂ : ਆਸ਼ੂ ਸਾਂਪਲਾ
Publish Date: Fri, 12 Dec 2025 07:02 PM (IST)
Updated Date: Fri, 12 Dec 2025 07:03 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸਾਂਪਲਾ ਫਾਊਂਡੇਸ਼ਨ ਨਾਲ ਜੁੜੇ ਨਵਿਆ ਹੈਲਪਿੰਗ ਹੈਂਡ ਵੱਲੋਂ ਸੀਨੀਅਰ ਭਾਜਪਾ ਆਗੂ ਆਸ਼ੂ ਸਾਂਪਲਾ ਦੀ ਸਪੁੱਤਰੀ ਬੇਬੀ ਨਵਿਆ ਦੀ ਨਿੱਘੀ ਯਾਦ ਵਿਚ 14 ਦਸੰਬਰ ਦਿਨ ਐਤਵਾਰ ਨੂੰ ਆਸ਼ੀਸ਼ ਕਾਂਟੀਨੈਂਟਲ (ਗੁਪਤਾ ਪੈਲੇਸ) ਜੀਟੀ ਰੋਡ ਫਗਵਾੜਾ ਵਿਖੇ ਲਗਾਏ ਜਾ ਰਹੇ ਮੈਗਾ ਖੂਨਦਾਨ ਕੈਂਪ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਇਹ ਜਾਣਕਾਰੀ ਦਿੰਦੇ ਹੋਏ ਆਸ਼ੂ ਸਾਂਪਲਾ ਨੇ ਬਹੁਤ ਹੀ ਭਾਵੁਕ ਲਹਿਜ਼ੇ ‘ਚ ਦੱਸਿਆ ਕਿ ਉਨ੍ਹਾਂ ਦੀ ਸਪੁੱਤਰੀ ਨਵਿਆ ਦਾ 12 ਜੁਲਾਈ, 2016 ਨੂੰ ਸਿਰਫ਼ ਢਾਈ ਸਾਲ ਦੀ ਛੋਟੀ ਉਮਰ ਵਿਚ ਇਕ ਗੰਭੀਰ ਬਿਮਾਰੀ ਕਾਰਨ ਦੇਹਾਂਤ ਹੋ ਗਿਆ ਸੀ। ਨਵਿਆ ਦਾ ਮਾਸੂਮ ਚਿਹਰਾ ਅਤੇ ਵੈਂਟੀਲੇਟਰ ’ਤੇ ਇਲਾਜ ਦੌਰਾਨ ਉਸਦੀਆਂ ਅੱਖਾਂ ਵਿਚੋਂ ਘਰ ਵਾਪਸੀ ਦੀ ਚਾਹਤ ‘ਚ ਵੱਗਦੇ ਹੰਝੂ ਅੱਜ ਵੀ ਉਨ੍ਹਾਂ ਨੂੰ ਉਨ੍ਹਾਂ ਪਲਾਂ ਦੀ ਯਾਦ ਦਿਵਾਉਂਦੇ ਹਨ ਅਤੇ ਕੁਦਰਤ ਅੱਗੇ ਆਪਣੀ ਬੇਵਸੀ ‘ਤੇ ਰੁਲਾ ਛੱਡਦੇ ਹਨ। ਨਵਿਆ ਆਪਣੇ ਇਲਾਜ ਦੌਰਾਨ 58 ਦਿਨਾਂ ਤੱਕ ਹਸਪਤਾਲ ਵਿਚ ਰਹੀ। ਉਸਨੂੰ ਹਰ ਰੋਜ਼ ਦੋ ਤੋਂ ਤਿੰਨ ਯੂਨਿਟ ਖੂਨ ਚੜ੍ਹਾਇਆ ਜਾਂਦਾ ਸੀ। ਹਾਲਾਂਕਿ ਉਨ੍ਹਾਂ ਦੀ ਪੁੱਤਰੀ ਠੀਕ ਨਹੀਂ ਹੋ ਸਕੀ, ਪਰ ਉਸ ਸਮੇਂ ਦੌਰਾਨ ਅਣਗਿਣਤ ਅਣਜਾਣ ਲੋਕਾਂ ਨੇ ਉਸ ਮਾਸੂਮ ਨੂੰ ਬਚਾਉਣ ਲਈ ਆਪਣਾ ਖੂਨ ਦਿੱਤਾ। ਇਹ ਦੇਖ ਕੇ, ਉਨ੍ਹਾਂ ਨੂੰ ਮਨੁੱਖੀ ਜੀਵਨ ਵਿਚ ਖੂਨ ਦੀ ਮਹੱਤਤਾ ਦਾ ਅਹਿਸਾਸ ਹੋਇਆ। ਆਸ਼ੂ ਸਾਂਪਲਾ ਨੇ ਦੱਸਿਆ ਕਿ ਇਸ ਦੁਖਦਾਈ ਘਟਨਾ ਨੇ ਉਨ੍ਹਾਂ ਨੂੰ ਨਵਿਆ ਹੈਲਪਿੰਗ ਹੈਂਡ ਦਾ ਗਠਨ ਕਰਕੇ ਖੂਨਦਾਨ ਦੇ ਖੇਤਰ ‘ਚ ਕੰਮ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਨਵਿਆ ਹੈਲਪਿੰਗ ਹੈਂਡ ਦੁਆਰਾ ਹਰ ਸਾਲ ਨਵਿਆ ਦੇ ਜਨਮਦਿਨ ’ਤੇ ਕੈਂਪ ਰਾਹੀਂ ਇਕੱਠਾ ਕੀਤਾ ਗਿਆ ਖੂਨ ਉਨ੍ਹਾਂ ਮਾਸੂਮ ਬੱਚਿਆਂ ਦੇ ਮਾਪਿਆਂ ਨੂੰ ਉਸ ਅਸਹਿ ਦਰਦ ਤੋਂ ਬਚਾਅ ਸਕਦਾ ਹੈ, ਜੋ ਅਜੇ ਵੀ ਉਨ੍ਹਾਂ ਨੂੰ ਤੜਫਾ ਜਾਂਦਾ ਹੈ। ਉਨ੍ਹਾਂ ਫਗਵਾੜਾ ਅਤੇ ਆਸਪਾਸ ਦੇ ਇਲਾਕਿਆਂ ਦੇ ਸਮੂਹ ਵਸਨੀਕਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ 14 ਦਸੰਬਰ ਨੂੰ ਨਵਿਆ ਦੇ ਬਾਰ੍ਹਵੇਂ ਜਨਮ ਦਿਨ ਮੌਕੇ ਆਸ਼ੀਸ਼ ਕਾਂਟੀਨੈਂਟਲ (ਗੁਪਤਾ ਪੈਲੇਸ) ਜੀਟੀ ਰੋਡ ਫਗਵਾੜਾ ਵਿਖੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਲੱਗਣ ਵਾਲੇ ਕੈਂਪ ਦੌਰਾਨ ਵੱਡੀ ਗਿਣਤੀ ‘ਚ ਪਹੁੰਚਣ ਅਤੇ ਆਪਣਾ ਖੂਨ ਦਾਨ ਕਰਨ। ਦਾਨ ਕੀਤਾ ਗਿਆ ਇਕ ਯੂਨਿਟ ਖੂਨ ਅਣਗਿਣਤ ਕੀਮਤੀ ਜਾਨਾਂ ਨੂੰ ਮੌਤ ਦੇ ਚੁੰਗਲ ਤੋਂ ਬਚਾ ਸਕਦਾ ਹੈ।