ਜਤਿੰਦਰ ਨੇ ਵਰਲਡ ਪਾਵਰ ਲਿਫਟਿੰਗ ਚੈਂਪੀਅਨਸ਼ਿਪ 'ਚ ਜਿੱਤਿਆ ਸੋਨਾ
ਜਤਿੰਦਰ ਨੇ ਵਰਲਡ ਪਾਵਰ
Publish Date: Thu, 27 Nov 2025 10:23 PM (IST)
Updated Date: Thu, 27 Nov 2025 10:26 PM (IST)
ਜਤਿੰਦਰ ਨੇ ਵਰਲਡ ਪਾਵਰ ਲਿਫਟਿੰਗ ਚੈਂਪੀਅਨਸ਼ਿਪ 'ਚ ਜਿੱਤਿਆ ਸੋਨਾ
ਵਰਿੰਦਰ ਲਵਲੀ, ਪੰਜਾਬੀ ਜਾਗਰਣ, ਕਰਤਾਰਪੁਰ : ਕਰਤਾਰਪੁਰ ਸ਼ਹਿਰ ਦੇ ਜਤਿੰਦਰ ਸਿੰਘ (ਸੋਨੂ ਪਹਿਲਵਾਨ) ਪੁੱਤਰ ਅਜੀਤ ਸਿੰਘ ਨੇ ਅਮਰੀਕਾ ਦੇ ਸ਼ਹਿਰ ਵਰਜੀਨੀਆ ਤੇ ਐਸ਼ਲੈਂਡ ’ਚ ਹੋਏ ਵਰਲਡ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਮੁਕਾਬਲੇ ’ਚ ਪਹਿਲਾ ਸਥਾਨ ਹਾਸਲ ਕਰ ਕੇ ਗੋਲਡ ਮੈਡਲ ਜਿੱਤ ਕੇ ਜਿੱਥੇ ਪੂਰੇ ਭਾਰਤ ਦਾ ਸਿਰ ਫਖਰ ਨਾਲ ਉੱਚਾ ਕੀਤਾ ਹੈ, ਉਥੇ ਹੀ ਕਰਤਾਰਪੁਰ ਸ਼ਹਿਰ ਦਾ ਵੀ ਨਾਂ ਰੌਸ਼ਨ ਕੀਤਾ ਹੈ। ਮੈਡਲ ਜਿੱਤ ਕੇ ਕਰਤਾਰਪੁਰ ਪੁੱਜਣ ’ਤੇ ਸੋਨੂ ਪਹਿਲਵਾਨ ਦਾ ਅੱਜ ਸ਼ਹਿਰ ਵਾਸੀਆਂ ਵੱਲੋਂ ਫੁੱਲਾਂ ਦੇ ਹਾਰ ਪਾ ਕੇ ਮੂੰਹ ਮਿੱਠਾ ਕਰਵਾਇਆ ਗਿਆ। ਇਸ ਮੌਕੇ ਵਿਧਾਇਕ ਬਲਕਾਰ ਸਿੰਘ, ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਵੈੱਲਫੇਅਰ ਐਸੋਸੀਏਸ਼ਨ ਕਰਤਾਰਪੁਰ ਦੇ ਅਹੁਦੇਦਾਰਾਂ ਦੇ ਨਾਲ-ਨਾਲ ਸ਼ਹਿਰ ਵਾਸੀਆਂ ਨੇ ਵੀ ਨਿੱਘਾ ਸਵਾਗਤ ਕੀਤਾ। ਢੋਲ ਦੀ ਥਾਪ ’ਤੇ ਭੰਗੜਾ ਪਾਉਂਦੇ ਸ਼ਹਿਰ ਵਾਸੀ ਨਾਲ ਨਾਲ ਚੱਲ ਰਹੇ ਸੀ। ਗੁਰਦੁਆਰਾ ਸ੍ਰੀ ਥੰਮ੍ਹ ਜੀ ਸਾਹਿਬ ’ਚ ਪਹੁੰਚ ਕੇ ਜਤਿੰਦਰ ਸਿੰਘ ਸੋਨੂ ਪਹਿਲਵਾਨ ਨੇ ਮੱਥਾ ਟੇਕਿਆ ਤੇ ਗੁਰੂ ਜੀ ਦਾ ਸ਼ੁਕਰਾਨਾ ਕੀਤਾ। ਜਤਿੰਦਰ ਸਿੰਘ ਸੋਨੂ ਪਹਿਲਵਾਨ ਇਸ ਤੋਂ ਪਹਿਲਾਂ ਕਈ ਪਾਵਰ ਲਿਫਟਿੰਗ ਕਈ ਮੁਕਾਬਲੇ ਜਿੱਤ ਚੁੱਕੇ ਹਨ। ਆਪਣੇ ਘਰ ਪੁੱਜਣ ਤੇ ਪਰਿਵਾਰ ਵੱਲੋਂ ਉਸ ਦਾ ਮੂੰਹ ਮਿੱਠਾ ਕਰਵਾ ਵਧਾਈ ਦਿੱਤੀ। ਜਤਿੰਦਰ ਸਿੰਘ ਸੋਨੂ ਨੇ ਦੱਸਿਆ ਕਿ ਇਸ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਮੁਕਾਬਲੇ ’ਚ 22 ਦੇਸ਼ਾਂ ਦੇ ਪਹਿਲਵਾਨਾਂ ਨੇ ਹਿੱਸਾ ਲਿਆ ਸੀ। ਜੋ ਬੀਤੀ 22 ਨਵੰਬਰ ਤੋਂ 23 ਨਵੰਬਰ ਤੱਕ ਅਮਰੀਕਾ ਦੇ ਸ਼ਹਿਰ ਬਰਜੀਨੀਆ ਤੇ ਐਸ਼ਲੈਂਡ ’ਚ ਹੋਇਆ ਸੀ।