ਫ੍ਰੀ ਸ਼ਿਪ ਕਾਰਡ ਲਈ ਅਪਲਾਈ ਕਰਨ ਦੀ ਆਖਰੀ ਮਿਤੀ 15
ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ :
Publish Date: Fri, 28 Nov 2025 07:54 PM (IST)
Updated Date: Fri, 28 Nov 2025 07:56 PM (IST)
ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ
ਕਪੂਰਥਲਾ : ਅਨੁਸੂਚਿਤ ਸ਼੍ਰੇਣੀਆਂ ਦੇ ਯੋਗ ਵਿਦਿਆਰਥੀਆਂ ਨੂੰ ਵਜ਼ੀਫਾ ਸਕੀਮ ਦਾ ਲਾਭ ਦੇਣ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਫਾਰ ਐੱਸਸੀ ਸਟੂਡੈਂਟਜ਼ ਸਕੀਮ ਤਹਿਤ ਡਾ. ਅੰਬੇਡਕਰ ਸਕਾਲਰਸ਼ਿਪ ਪੋਰਟਲ ’ਤੇ ਅਪਲਾਈ ਕਰਨ ਦੀ ਮਿਤੀ ਵਿੱਚ ਵਾਧਾ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਸਕੀਮ ਤਹਿਤ ਸਾਲ 2025-26 ਲਈ ਵਿਦਿਆਰਥੀਆਂ, ਵਿੱਦਿਅਕ ਸੰਸਥਾਵਾਂ ਤੇ ਸੈਂਕਸ਼ਨਿੰਗ ਅਤੇ ਲਾਗੂਕਰਤਾ ਵਿਭਾਗਾਂ ਲਈ ਡਾ. ਅੰਬੇਡਕਰ ਸਕਾਲਰਸ਼ਿਪ ਪੋਰਟਲ ਦਾ ਰਿਵਾਈਜ਼ਡ ਸ਼ਡਿਊਲ ਜਾਰੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸੋਧੇ ਹੋਏ ਸ਼ਡਿਊਲ ਅਨੁਸਾਰ ਵਿਦਿਆਰਥੀਆਂ ਲਈ ਨਵੇਂ ਫ੍ਰੀ ਸ਼ਿਪ ਕਾਰਡਾਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ 15 ਦਸੰਬਰ 2025 ਹੈ। ਇਸੇ ਤਰ੍ਹਾਂ ਸੰਸਥਾਵਾਂ ਵੱਲੋਂ ਤਰੁਟੀਆਂ ਦੂਰ ਕਰਨ ਉਪਰੰਤ ਮੁਕੰਮਲ ਕੇਸ (ਨਵੇਂ ਅਤੇ ਨਵਿਉਣਯੋਗ) ਅਪਰੂਵਿੰਗ ਅਥਾਰਟੀ/ਸੈਂਕਸ਼ਨਿੰਗ ਅਥਾਰਟੀਆਂ ਨੂੰ 29 ਦਸੰਬਰ 2025 ਤਕ ਭੇਜੇ ਜਾ ਸਕਣਗੇ। ਉਨ੍ਹਾਂ ਦੱਸਿਆ ਕਿ ਅਪਰੂਵਿੰਗ ਅਥਾਰਟੀ ਵੱਲੋਂ ਵਜ਼ੀਫੇ ਲਈ ਸਬੰਧਤ ਵਿਭਾਗਾਂ/ਸੈਂਕਸ਼ਨਿੰਗ ਵਿਭਾਗਾਂ ਨੂੰ ਆਨਲਾਈਨ ਪ੍ਰਸਤਾਵ ਭੇਜਣ ਦੀ ਆਖਰੀ ਮਿਤੀ 1 ਜਨਵਰੀ 2026 ਹੈ, ਜਦਕਿ ਸਬੰਧਿਤ ਵਿਭਾਗਾਂ/ਅਪਰੂਵਿੰਗ ਵਿਭਾਗਾਂ ਵੱਲੋਂ ਸਮਾਜਿਕ ਨਿਆਂ ਅਧਿਕਾਰਤਾ ਵਿਭਾਗ ਨੂੰ ਵਜ਼ੀਫੇ ਲਈ ਆਨਲਾਈਨ ਪ੍ਰਸਤਾਵ 12 ਜਨਵਰੀ 2026 ਤਕ ਭੇਜੇ ਜਾ ਸਕਦੇ ਹਨ। ਡਿਪਟੀ ਕਮਿਸ਼ਨਰ ਨੇ ਯੋਗ ਵਿਦਿਆਰਥੀਆਂ ਨੂੰ ਸਮੇਂ ਸਿਰ ਅਪਲਾਈ ਕਰ ਕੇ ਵਜ਼ੀਫਾ ਸਕੀਮ ਦਾ ਲਾਭ ਪ੍ਰਾਪਤ ਕਰਨ ਦੀ ਅਪੀਲ ਕੀਤੀ।