ਗਰੀਬ ਪਰਿਵਾਰ ਨੂੰ ਪੈ ਰਹੀ ਬਿਜਲੀ ਚੋਰਾਂ ਦੀ ਮਾਰ
ਬਕਸਿਆਂ ਵਿੱਚੋ ਅਤੇ ਕੋਠਿਆਂ ਉੱਪਰੋਂ ਬਿਜਲੀ ਚੋਰੀ ਨਾਲ ਗਰੀਬ ਪਰਿਵਾਰ ਪੀੜਤ — ਵਿਭਾਗੀ ਲਾਪਰਵਾਹੀ ਤੇ ਲੋਕਾਂ ਵਿੱਚ ਰੋਸ
Publish Date: Wed, 26 Nov 2025 08:14 PM (IST)
Updated Date: Wed, 26 Nov 2025 08:17 PM (IST)

ਵਿਭਾਗੀ ਲਾਪਰਵਾਹੀ ’ਤੇ ਲੋਕਾਂ ’ਚ ਰੋਸ ਲੋਕ ਬਕਸਿਆਂ ਤੋਂ ਕਰ ਰਹੇ ਬਿਜਲੀ ਚੋਰੀ ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : ਕੁੱਝ ਸਾਲ ਪਹਿਲਾਂ ਪੰਜਾਬ ਦੇ ਕਈ ਇਲਾਕਿਆਂ ਵਿਚ ਜਿਥੇ ਬਿਜਲੀ ਵਿਭਾਗ ਵੱਲੋਂ ਘਰਾਂ ਦੇ ਅੰਦਰ ਲੱਗੇ ਹੋਏ ਮੀਟਰਾਂ ਨੂੰ ਹਟਾ ਕੇ 5–10 ਮੀਟਰ ਇਕ ਹੀ ਬਕਸੇ ਵਿਚ ਲਗਾ ਕੇ ਮੁਹੱਲੇ ਦੀ ਇਕ ਸੁਰੱਖਿਅਤ ਜਗ੍ਹਾ ’ਤੇ ਲਗਾਏ ਗਏ ਹਨ। ਉਥੇ ਹੁਣ ਲੋਕਾਂ ਵੱਲੋਂ ਬਿਜਲੀ ਚੋਰੀ ਦੇ ਨਵੇਂ-ਨਵੇਂ ਤਰੀਕੇ ਅਪਣਾਏ ਜਾ ਰਹੇ ਹਨ। ਪਹਿਲਾਂ ਘਰਾਂ ਦੇ ਬਾਹਰੋਂ ਤਾਰਾਂ ਨੂੰ ਕੁੰਡੀਆਂ ਪਾ ਕੇ ਚੋਰੀ ਹੁੰਦੀ ਸੀ, ਪਰ ਹੁਣ ਪਿੰਡ ਡਡਵਿੰਡੀ ਵਿਖੇ ਮੀਟਰ ਬਕਸਿਆਂ ਦੇ ਅੰਦਰੋਂ ਅਤੇ ਕੋਠਿਆਂ ਦੇ ਉੱਪਰੋਂ ਹੀ ਕੁੰਡੀਆਂ ਲੱਗ ਰਹੀਆਂ ਹਨ, ਜਿਸ ਕਾਰਨ ਗਲਤ ਲੋਡ ਦੇ ਬਿੱਲ ਬੇਕਸੂਰ ਅਤੇ ਗਰੀਬ ਪਰਿਵਾਰਾਂ ਦੀ ਜੇਬ ਉੱਪਰ ਪੈ ਰਹੇ ਹਨ । ਬਕਸਿਆਂ ਤੋਂ ਦੂਰ ਰਹਿਣ ਵਾਲੇ ਲੋਕ ਵੱਧ ਪੀੜਤ ਬਕਸਿਆਂ ਦੇ ਕੋਲ ਘਰ ਵਾਲੇ ਕੁਝ ਲੋਕਾਂ ਵੱਲੋਂ ਬਕਸੇ ਵਿਚ ਕਿਸੇ ਦੂਜੇ ਦੇ ਬਿਜਲੀ ਕੁਨੈਕਸ਼ਨ ਦੇ ਮੀਟਰ ਨਾਲ ਤਾਰ ਜੋੜ ਕੇ ਚੋਰੀ ਕੀਤੀ ਜਾ ਰਹੀ ਹੈ ਅਤੇ ਕਈ ਮਕਾਨਾਂ ਦੀਆਂ ਛੱਤਾਂ ’ਤੇ ਵੀ ਤਾਰਾਂ ਦੇ ਜੋੜ ਲਗਾ ਕੇ ਗਰੀਬ ਪਰਿਵਾਰਾਂ ਦੀ ਬਿਜਲੀ ਚੋਰੀ ਕਰਨ ਦੇ ਮਾਮਲੇ ਸਾਹਮਣੇ ਆਏ ਹਨ। ਜ਼ਿਕਰਯੋਗ ਗੱਲ ਇਹ ਹੈ ਕਿ ਕੁਝ ਲੋਕਾਂ ਵੱਲੋਂ ਬਿਜਲੀ ਵਿਭਾਗ ਦੇ ਨਿਯਮਾਂ ਨੂੰ ਛਿੱਕੇ ਟੰਗ ਕੇ ਦਿਨ ਦਿਹਾੜੇ ਗਲੀ ਦੇ ਉਪਰੋਂ ਦੀ ਸ਼ਰੇਆਮ ਤਾਰਾਂ ਲਗਾਈਆਂ ਗਈਆਂ ਹਨ। ਇਸ ਦਾ ਨਤੀਜਾ ਇਹ ਨਿਕਲ ਰਿਹਾ ਹੈ ਕਿ ਚੋਰੀ ਕਿਸੇ ਹੋਰ ਦੀ, ਬਿੱਲ ਕਿਸੇ ਹੋਰ ਦਾ। ਗਰੀਬ ਪਰਿਵਾਰਾਂ ਦਾ ਦਰਦ ਬਿਜਲੀ ਚੋਰੀ ਤੋਂ ਪ੍ਰਭਾਵਿਤ ਗਰੀਬ ਲੋਕਾਂ ਦਾ ਕਹਿਣਾ ਹੈ ਕਿ ਉਹ ਘੱਟ ਬਿਜਲੀ ਵਰਤਦੇ ਹਨ ਪਰ ਬਿੱਲ ਹਜ਼ਾਰਾਂ ਰੁਪਏ ਮਹੀਨਾ ਆ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਤਾਂ ਘਰ ਬਹੁਤ ਮੁਸ਼ਕਿਲ ਨਾਲ ਚਲਾਉਂਦੇ ਹਾਂ, ਹਜ਼ਾਰਾਂ ਦੇ ਬਿੱਲ ਕਿੱਥੋਂ ਦੇਈਏ? ਵਿਭਾਗੀ ਕਾਰਵਾਈ ਨਾ ਹੋਣ ਕਾਰਨ ਲੋਕ ਨਾਰਾਜ਼ ਲੋਕਾਂ ਨੇ ਕਿਹਾ ਕਿ ਉਹ ਕਈ ਵਾਰ ਬਿਜਲੀ ਵਿਭਾਗ ਦੇ ਜੇਈ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਬਿਜਲੀ ਚੋਰੀ ਦੀ ਸ਼ਿਕਾਇਤ ਕਰ ਚੁੱਕੇ ਹਨ, ਪਰ ਉਨ੍ਹਾਂ ਵੱਲੋਂ ਹਮੇਸ਼ਾਂ ਇਕੋ ਜਵਾਬ ਮਿਲਦਾ ਹੈ ਕਿ ਚੋਰੀ ਦੀ ਵੀਡੀਓ ਜਾਂ ਫੋਟੋ ਲਿਆਓ, ਫਿਰ ਕਾਰਵਾਈ ਹੋਵੇਗੀ। ਉੱਧਰ ਲੋਕਾਂ ਦੇ ਮਨ ਵਿਚ ਇਹ ਸਵਾਲ ਹੈ ਕਿ ਜੇ ਚੋਰੀ ਰੋਕਣ ਲਈ ਸਬੂਤ ਵੀ ਲੋਕ ਹੀ ਲਿਆਉਣਗੇ ਤਾਂ ਫਿਰ ਬਿਜਲੀ ਚੋਰੀ ਰੋਕਣਾ ਕਿਸਦਾ ਫਰਜ਼ ਬਣਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਬਿਜਲੀ ਚੋਰੀ ਫੜਨਾ ਅਤੇ ਰੋਕਣਾ ਬਿਜਲੀ ਵਿਭਾਗ ਦੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਹੈ, ਆਮ ਲੋਕਾਂ ਦੀ ਨਹੀਂ। ਲਿਖਤੀ ਸ਼ਿਕਾਇਤ ਦਿਓ, ਫਿਰ ਕਾਰਵਾਈ ਹੋਵੇਗੀ : ਐੱਸਡੀਓ ਗੁਰਨਾਮ ਸਿੰਘ ਬਾਜਵਾ ਐੱਸਡੀਓ ਖੈੜਾ ਮੰਦਰ ਕਪੂਰਥਲਾ ਨੇ ਇਸ ਮਾਮਲੇ ਤੇ ਕਿਹਾ ਹੈ ਕਿ ਜਿਸ ਵੀ ਵਿਅਕਤੀ ਦੇ ਘਰ ਦੀ ਬਿਜਲੀ ਚੋਰੀ ਹੋ ਰਹੀ ਹੈ, ਉਹ ਵਿਅਕਤੀ ਲਿਖਤੀ ਸ਼ਿਕਾਇਤ ਦਰਜ ਕਰਵਾਏ ਫਿਰ ਕਾਰਵਾਈ ਕੀਤੀ ਜਾਵੇਗੀ । ਜਸਪਾਲ ਸਿੰਘ ਸਹੋਤਾ ਜੇਈ ਖੈੜਾ ਮੰਦਰ ਕਪੂਰਥਲਾ ਨਾਲ ਵਾਰ-ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨੇ ਫੋਨ ਰਿਸੀਵ ਕਰਨ ਦੀ ਖੇਚਲ ਤੱਕ ਨਹੀਂ ਕੀਤੀ, ਜਿਸ ਨਾਲ ਉਨ੍ਹਾਂ ਦਾ ਪੱਖ ਨਹੀਂ ਲਿਆ ਜਾ ਸਕਿਆ। ਲੋਕਾਂ ਦੀਆਂ ਮੰਗਾਂ 1. ਅਧਿਕਾਰੀਆਂ ਵੱਲੋਂ ਬਕਸਿਆਂ ਦੀ ਸਮੇਂ-ਸਮੇਂ ’ਤੇ ਚੈਕਿੰਗ ਕੀਤੀ ਜਾਵੇ, ਖਾਸ ਤੌਰ ’ਤੇ ਰਾਤ ਨੂੰ। 2. ਚੋਰੀ ਕਰਨ ਵਾਲਿਆਂ ਤੇ ਸਖ਼ਤ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾਵੇ। 3. ਬਕਸਿਆਂ ਦੇ ਨੇੜੇ ਰਹਿਣ ਵਾਲੇ ਘਰਾਂ ਲਈ ਵੱਖਰੇ ਮੀਟਰ ਦੀ ਥਾਂ ਬਣਾਈ ਜਾਵੇ। 4. ਗਰੀਬ ਪਰਿਵਾਰਾਂ ਦੇ ਗਲਤ ਬਿੱਲਾਂ ਨੂੰ ਤੁਰੰਤ ਠੀਕ ਕੀਤਾ ਜਾਵੇ। ਕੈਪਸ਼ਨ : 26ਕੇਪੀਟੀ37,38,39 ਕੈਪਸ਼ਨ : 26ਕੇਪੀਟੀ40