ਏਜੀਆਈ ਫਲੈਟਸ ’ਚ ਫਰਜ਼ੀ ਕਾਲ ਸੈਂਟਰ ਫੜਿਆ, 3 ’ਤੇ ਮਾਮਲਾ ਦਰਜ
ਏਜੀਆਈ ਫਲੈਟਸ ਤੇ ਪੁਲਿਸ ਦੀ ਰੇਡ
Publish Date: Sat, 24 Jan 2026 08:29 PM (IST)
Updated Date: Sat, 24 Jan 2026 08:31 PM (IST)
ਜਾਂਚ ’ਚ ਹੋਣਗੇ ਹੋਰ ਖੁਲਾਸੇ : ਐੱਸਪੀ ਮਾਧਵੀ ਸ਼ਰਮਾ
ਐੱਸਐੱਚਓ ਸੋਨਮਦੀਪ ਕੌਰ ਨੇ ਪਹਿਲੇ ਦਿਨ ਹੀ ਕੀਤੀ ਵੱਡੀ ਕਾਰਵਾਈ
ਪੰਜਾਬੀ ਜਾਗਰਣ ਪ੍ਰਤੀਨਿਧ
ਫਗਵਾੜਾ : ਸੂਬਾ ਸਰਕਾਰ ਦੇ ਆਦੇਸ਼ਾਂ ’ਤੇ ਯੁੱਧ ਗੈਂਗਸਟਰਾਂ ਵਿਰੁੱਧ ਤਹਿਤ ਕੌਮੀ ਰਾਜ ਮਾਰਗ ’ਤੇ ਏਜੀਆਈ ਫਲ਼ੈਟਸ ’ਚ ਟੀਮਾਂ ਬਣਾਕੇ ਰੇਡ ਕੀਤੀ ਗਈ। ਇਸ ਬਾਰੇ ਜਾਣਕਾਰੀ ਦਿੰਦਿਆਂ ਐੱਸਐੱਸਪੀ ਮਾਧਵੀ ਸ਼ਰਮਾ ਨੇ ਦੱਸਿਆ ਕਿ ਐੱਸਐੱਸਪੀ ਗੌਰਵ ਤੂਰਾ ਆਈਪੀਐੱਸ ਵੱਲੋਂ ਪੂਰੀ ਡਿਸਟ੍ਰਿਕਟ ਵਿਚ ਵੱਖ-ਵੱਖ ਟੀਮਾਂ ਬਣਾ ਕੇ ਸ਼ਰਾਰਤੀ ਅਨਸਰਾਂ, ਗੈਂਗਸਟਰਾਂ ਦੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ, ਜਿਸਦੇ ਤਹਿਤ ਫਗਵਾੜਾ ਟੀਮ ਵੱਲੋਂ 8 ਵੱਖ-ਵੱਖ ਟੀਮਾਂ ਬਣਾ ਕੇ ਏਜੀਆਈ ਫਲੈਟਸ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ 9 ਵਿਅਕਤੀਆਂ ਨੂੰ ਰਾਉਂਡਅਪ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਰੇਡ ਵਿਚ ਪੰਜ ਗੱਡੀਆਂ ਬਰਾਮਦ ਕੀਤੀਆਂ। ਇਸ ਦੇ ਨਾਲ ਨਾਲ 12 ਸ਼ੱਕੀ ਦੋ ਪਹੀਆ ਵਾਹਨਾਂ ਨੂੰ ਵੀ ਰਾਊਂਡ ਅਪ ਕੀਤਾ ਗਿਆ। ਐੱਸਪੀ ਮੈਡਮ ਮਾਧਵੀ ਸ਼ਰਮਾ ਨੇ ਦੱਸਿਆ ਕਿ ਸਾਨੂੰ ਵੱਡੀ ਸਫਲਤਾ ਉਦੋਂ ਮਿਲੀ ਜਦੋਂ ਐੱਸਐੱਚਓ ਸਦਰ ਸੋਨਮਦੀਪ ਕੌਰ ਦੀ ਟੀਮ ਵੱਲੋਂ ਇਕ ਫਲੈਟ ਵਿਚੋ 28 ਦੇ ਕਰੀਬ ਮੋਬਾਈਲ ਫੋਨ, ਵੱਡੀ ਮਾਤਰਾ ਵਿਚ ਪਾਸ ਬੁਕਸ, ਏਟੀਐੱਮ ਕਾਰਡਸ, ਦੋ-ਤਿੰਨ ਲੈਪਟਾਪ, ਵਾਈਫਾਈ ਦੇ ਰਾਊਟਰਸ ਦੀ ਬਰਾਮਦਗੀ ਹੋਈ। ਉਨ੍ਹਾਂ ਕਿਹਾ ਕਿ ਏਜੀਆਈ ਫਲੈਟਸ ਵਿਚ ਰੇਡ ਤੋਂ ਬਾਦ ਇਹ ਸੰਕੇਤ ਮਿਲਦਾ ਹੈ ਕਿ ਇਥੇ ਬਹੁਤ ਵੱਡਾ ਸਕੈਮ ਚਲ ਰਿਹਾ ਸੀ। ਇਸ ਦੇ ਤਹਿਤ ਤਿੰਨ ਵਿਅਕਤੀਆਂ ਨੂੰ ਰਾਉਂਡਅਪ ਵੀ ਕੀਤਾ ਗਿਆ। ਉਨ੍ਹਾਂ ਦਸਿਆ ਕਿ ਐੱਸਐੱਚਓ ਸਦਰ ਸੋਨਮਦੀਪ ਕੌਰ ਵਲੋਂ ਐੱਫਆਈਆਰ ਰਜਿਸਟਰ ਕੀਤੀ ਗਈ ਹੈ ਤੇ ਇਨਵੈਸਟੀਗੇਸ਼ਨ ਦੌਰਾਨ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।
ਬਾਕਸ ਨਿਊਜ
ਫਗਵਾੜਾ ਆਉਂਦੇ ਸਾਰ ਹੀ ਐੱਸਐੱਚਓ ਸੋਨਮਦੀਪ ਕੌਰ ਦੀ ਵੱਡੀ ਕਾਰਵਾਈ
ਐੱਸਐੱਚਓ ਸੋਨਮਦੀਪ ਕੌਰ ਦੀ ਫਗਵਾੜਾ ਨਿਯੁਕਤੀ ਦੇ ਪਹਿਲੇ ਦਿਨ ਹੀ ਯੁੱਧ ਗੈਂਗਸਟਰਾਂ ਵਿਰੁੱਧ ਤਹਿਤ ਜਾਂਚ ਕਰਦਿਆਂ ਤਿੰਨ ਸ਼ਰਾਰਤੀ ਅਨਸਰਾਂ ਨੂੰ ਕਾਬੂ ਕਰਕੇ ਐੱਫਆਈਆਰ ਦਰਜ ਕੀਤੀ ਗਈ। ਫਗਵਾੜਾ ਦੇ ਖਜੂਰਲਾ ਨਜ਼ਦੀਕ ਸਥਿਤ ਏਜੀਆਈ ਫਲੈਟਸ ਵਿਚ ਕੀਤੀ ਗਈ ਕਾਰਵਾਈ ਦੌਰਾਨ 3 ਵਿਅਕਤੀਆਂ ਗਗਨਦੀਪ ਪੁੱਤਰ ਬਲਵਿੰਦਰ ਸਿੰਘ, ਰਾਕੇਸ਼ ਕੁਮਾਰ ਪੁੱਤਰ ਸੁਰੇਸ਼ ਕੁਮਾਰ, ਰੰਜਨ ਕਲਿਆਣ ਪੁੱਤਰ ਰਜਿੰਦਰ ਕੁਮਾਰ, ਜੋ ਕਿ ਬਿਨਾਂ ਲਾਇਸੈਂਸ ਦੇ ਫਰਜ਼ੀ ਕਾਲ ਸੈਂਟਰ ਚਲਾ ਰਹੇ ਸਨ, ਨੂੰ ਕਾਬੂ ਕਰਕੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ। ਇਸ ਮੌਕੇ ਐੱਸਐੱਚਓ ਸੋਨਮਦੀਪ ਕੌਰ ਨੇ ਸ਼ਰਾਰਤੀ ਅਨਸਰਾਂ ਨੂੰ ਤਾੜਨਾ ਕੀਤੀ ਕਿ ਜੇਕਰ ਕੋਈ ਵੀ ਸ਼ਰਾਰਤੀ ਅਨਸਰ ਸਬ-ਡਿਵੀਜ਼ਨ ਫਗਵਾੜਾ ਸ਼ਹਿਰ ਤੇ ਪਿੰਡਾਂ ਦਾ ਮਾਹੌਲ ਖਰਾਬ ਕਰਦਾ ਪਾਇਆ ਗਿਆ ਤਾਂ ਉਸ ’ਤੇ ਸਖਤ ਕਾਰਵਾਈ ਕੀਤੀ ਜਾਵੇਗੀ।