ਪੁਲਿਸ ਵੱਲੋਂ ਨਸ਼ਾ ਕਰਨ ਵਾਲੇ 6 ਅਤੇ ਸ਼ਰਾਬ ਵੇਚਣ ਵਾਲਾ 1 ਕਾਬੂ
ਪੁਲਿਸ ਵੱਲੋਂ ਨਸ਼ਾ ਕਰਨ ਵਾਲੇ 6 ਅਤੇ ਸ਼ਰਾਬ ਵੇਚਣ ਵਾਲਾ 1 ਕਾਬੂ
Publish Date: Fri, 19 Dec 2025 09:32 PM (IST)
Updated Date: Fri, 19 Dec 2025 09:34 PM (IST)

--ਨਸ਼ਾ ਵੇਚਣ ਵਾਲੇ ਅਜੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਸੁਖਪਾਲ ਸਿੰਘ ਹੁੰਦਲ, ਪੰਜਾਬੀ ਜਾਗਰਣ ਕਪੂਰਥਲਾ : ਇਕ ਪਾਸੇ ਜਿਥੇ ਸੂਬਾ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡੀਜੀਪੀ ਗੌਰਵ ਯਾਦਵ ਦੇ ਹੁਕਮਾਂ ’ਤੇ ਯੁੱਧ ਨਸ਼ੇ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਹੋਈ ਹੈ, ਉਥੇ ਹੀ ਦੂਜੇ ਪਾਸੇ ਇਹ ਸਵਾਲ ਖੜ੍ਹੇ ਹੋ ਰਹੇ ਹਨ ਕਿ ਪੁਲਿਸ ਨਸ਼ਾ ਤਸਕਰਾਂ ਨੂੰ ਕਾਬੂ ਨਹੀਂ ਕਰ ਰਹੀ ਅਤੇ ਨਸ਼ੇ ਦੀ ਸਪਲਾਈ ਕਰਨ ਵਾਲੇ ਕਿਸੇ ਵੀ ਵੱਡੇ ਤਸਕਰ ਨੂੰ ਕਾਬੂ ਕਰਨ ਲਈ ਪੁਲਿਸ ਨਾਕਾਮਯਾਬ ਸਾਬਿਤ ਹੋ ਰਹੀ ਹੈ। ਐੱਸਐੱਸਪੀ ਕਪੂਰਥਲਾ ਗੌਰਵ ਤੂਰਾ ਵੱਲੋਂ ਵੀ ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰਨ ਲਈ ਮੁਹਿੰਮ ਵਿੱਢੀ ਹੋਈ ਹੈ ਪਰ ਇਸਦੇ ਬਾਵਜੂਦ ਵੀ ਪੁਲਿਸ ਵੱਲੋਂ ਕਿਸੇ ਵੀ ਨਸ਼ੇ ਦੀ ਸਪਲਾਈ ਕਰਨ ਵਾਲੇ ਵੱਡੇ ਤਸਕਰ ਨੂੰ ਕਾਬੂ ਨਹੀਂ ਕੀਤਾ ਜਾ ਰਿਹਾ, ਜਦਕਿ ਨਸ਼ਾ ਸੇਵਨ ਕਰਨ ਵਾਲੇ ਨਸ਼ੇੜੀਆਂ ਨੂੰ ਕਾਬੂ ਕਰਦੇ ਹੋਏ ਉਨ੍ਹਾਂ ਦੇ ਖਿਲਾਫ਼ ਮਾਮਲੇ ਦਰਜ ਕੀਤੇ ਜਾ ਰਹੇ ਹਨ। ਜ਼ਿਲ੍ਹਾ ਪੁਲਿਸ ਵੱਲੋਂ ਵੀਰਵਾਰ ਨੂੰ ਨਸ਼ੇ ਦਾ ਸੇਵਨ ਕਰਨ ਵਾਲੇ 7 ਵਿਅਕਤੀਆਂ ਨੂੰ ਕਾਬੂ ਕਰਨ ਦੇ ਮਾਮਲੇ ਦਰਜ ਕੀਤੇ ਗਏ। ਪਹਿਲੇ ਮਾਮਲੇ ਵਿਚ ਥਾਣਾ ਕੋਤਵਾਲੀ ਦੇ ਏਐੱਸਆਈ ਗੁਰਮੇਲ ਸਿੰਘ ਪੁਲਿਸ ਪਾਰਟੀ ਸਮੇਤ ਨਵਾਂ ਪਿੰਡ ਭੱਠੇ ਤੋਂ ਕਾਂਜਲੀ ਨੂੰ ਜਾ ਰਹੇ ਸੀ ਤਾਂ ਕਿਸੇ ਖਾਸ ਮੁਖਬਰ ਨੇ ਸੂਚਨਾ ਦਿੱਤੀ ਕਿ ਨਵਾਂ ਪਿੰਡ ਭੱਠੇ ਬੇਆਬਾਦ ਜ਼ਮੀਨ ਸੈਕਰਡ ਹਾਰਟ ਸਕੂਲ ਦੀ ਬੈਕ ਸਾਈਡ ’ਤੇ ਤਿੰਨ ਵਿਅਕਤੀ ਨਸ਼ੇ ਦਾ ਸੇਵਨ ਕਰ ਰਹੇ ਹਨ। ਜਦੋਂ ਪੁਲਿਸ ਪਾਰਟੀ ਵੱਲੋਂ ਰੇਡ ਕੀਤੀ ਗਈ ਤਾਂ ਦੇਖਿਆ ਕਿ 3 ਵਿਅਕਤੀ ਸਿਲਵਰ ਪੇਪਰ ਦੇ ਹੇਠਾਂ ਲਾਈਟਰ ਨਾਲ ਅੱਗ ਲਗਾ ਕੇ ਵਾਰ-ਵਾਰ ਨਸ਼ੀਲਾ ਪਦਾਰਥ ਪੀ ਰਹੇ ਸਨ, ਜਿਨ੍ਹਾਂ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕਰਦੇ ਹੋਏ ਪੁਲਿਸ ਪਾਰਟੀ ਵੱਲੋਂ ਨਾਮ-ਪਤਾ ਪੁੱਛਿਆ ਤਾਂ ਉਨ੍ਹਾਂ ਨੇ ਆਪਣਾ ਨਾਮ ਜਗਜੀਤ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਸ਼ੇਖਾਵਾਲੀ ਥਾਣਾ ਢਿੱਲਵਾਂ, ਜ਼ਿਲ੍ਹਾ ਕਪੂਰਥਲਾ ਅਤੇ ਦੂਜੇ ਨੇ ਆਪਣਾ ਨਾਮ ਬਰਿੰਦਰ ਸਿੰਘ ਉਰਫ ਸੰਨੀ ਪੁੱਤਰ ਮਲਕੀਤ ਸਿੰਘ ਅਤੇ ਤੀਸਰੇ ਨੇ ਆਪਣਾ ਗੁਰਵਿੰਦਰ ਸਿੰਘ ਉਰਫ ਗੋਲਡੀ ਪੁੱਤਰ ਬਿੱਕਰ ਸਿੰਘ ਦੋਵੇਂ ਵਾਸੀ ਮੀਰਪੁਰ ਥਾਣਾ ਮਕਸੂਦਾਂ ਜ਼ਿਲ੍ਹਾ ਜਲੰਧਰ ਦੱਸਿਆ। ਜਦੋਂ ਇਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਇਨ੍ਹਾਂ ਤਿੰਨਾਂ ਪਾਸੋਂ 1 ਸਿਲਵਰ ਪੇਪਰ ’ਤੇ ਲੱਗਿਆ ਹੋਇਆ ਨਸ਼ੀਲਾ ਪਦਾਰਥ ਬਰਾਮਦ ਹੋਇਆ ਅਤੇ ਨਾਲ ਹੀ ਇਕ 10 ਰੁਪਏ ਦਾ ਨੋਟ ਅਤੇ ਇਕ ਲਾਈਟਰ ਬਰਾਮਦ ਹੋਇਆ। ਇਸੇ ਤਰ੍ਹਾਂ ਹੀ ਦੂਸਰੇ ਮਾਮਲੇ ਵਿਚ ਥਾਣਾ ਫੱਤੂਢੀਂਗਾ ਦੇ ਏਐੱਸਆਈ ਹੈੱਡ ਕਾਂਸਟੇਬਲ ਪਰਮਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਉੱਚਾ ਖੀਰਾਂਵਾਲੀ ਆਦਿ ਨੂੰ ਜਾ ਰਹੇ ਸੀ ਤਾਂ ਜਦੋਂ ਪੁਲਿਸ ਪਾਰਟੀ ਖਾਨਪੁਰ ਦੇ ਸ਼ਮਸ਼ਾਨਘਾਟ ਦੇ ਨਜ਼ਦੀਕ ਪਹੁੰਚੀ ਤਾਂ ਇਕ ਵਿਅਕਤੀ ਸ਼ਮਸ਼ਾਨਘਾਟ ਦੇ ਬਣੇ ਬਰਾਂਡੇ ਵਿਚ ਨਸ਼ੀਲਾ ਪਦਾਰਥ ਸੇਵਨ ਕਰਦਾ ਦਿਖਾਈ ਦਿੱਤਾ, ਜਿਸਨੂੰ ਕਾਬੂ ਕਰਕੇ ਪੁਲਿਸ ਪਾਰਟੀ ਨੇ ਉਸਦਾ ਨਾਮ-ਪਤਾ ਪੁੱਛਿਆ ਤਾਂ ਉਸਨੇ ਆਪਣਾ ਨਾਮ ਵਰਿੰਦਰ ਸਿੰਘ ਉਰਫ ਬਿੰਦੂ ਪੁੱਤਰ ਤਰਸੇਮ ਸਿੰਘ ਵਾਸੀ ਦੂਲੋਵਾਲ ਥਾਣਾ ਫੱਤੂਢੀਂਗਾ ਜ਼ਿਲ੍ਹਾ ਕਪੂਰਥਲਾ ਦੱਸਿਆ। ਜਦੋਂ ਉਸਦੀ ਤਲਾਸ਼ੀ ਲਈ ਗਈ ਤਾਂ ਉਸ ਪਾਸੋਂ ਇਕ ਲਾਈਟਰ, ਇਕ ਪੰਨੀ, 10 ਰੁਪਏ ਦਾ ਨੋਟ ਅਤੇ ਸਿਲਵਰ ਪੇਪਰ ਬਰਾਮਦ ਹੋਇਆ। ਇਸੇ ਤਰ੍ਹਾਂ ਹੀ ਤੀਸਰੇ ਮਾਮਲੇ ਵਿਚ ਥਾਣਾ ਸੁਭਾਨਪੁਰ ਦੇ ਏਐੱਸਆਈ ਬਖਸ਼ੀਸ਼ ਸਿੰਘ ਪੁਲਿਸ ਪਾਰਟੀ ਸਮੇਤ ਸੁਭਾਨਪੁਰ ਤੋਂ ਡੋਗਰਾਂਵਾਲ ਹਮੀਰਾ ਤੋਂ ਵਾਪਸ ਆ ਰਹੇ ਸੀ। ਜਦੋਂ ਪਸ਼ੂ ਮੰਡੀ ਦੇ ਨਜ਼ਦੀਕ ਪਹੁੰਚੇ ਤਾਂ ਕਿਸੇ ਖਾਸ ਮੁਖਬਰ ਨੇ ਸੂਚਨਾ ਦਿੱਤੀ ਕਿ ਸੁਭਾਨਪੁਰ ਦੇ ਖੰਡ੍ਹਰ ਪੁੱਲ ਦੇ ਹੇਠਾਂ ਕੋਈ ਨੌਜਵਾਨ ਨਸ਼ੀਲੇ ਪਦਾਰਥ ਦਾ ਸੇਵਨ ਕਰ ਰਿਹਾ ਹੈ। ਜਦੋਂ ਪੁਲਿਸ ਪਾਰਟੀ ਨੇ ਉਕਤ ਜਗ੍ਹਾ ’ਤੇ ਰੇਡ ਕਰਕੇ ਉਸਦਾ ਨਾਮ-ਪਤਾ ਪੁੱਛਿਆ ਤਾਂ ਉਸਨੇ ਆਪਣਾ ਨਾਮ ਮਨਿੰਦਰ ਸਿੰਘ ਪੁੱਤਰ ਸੁਖਜਿੰਦਰ ਸਿੰਘ ਵਾਸੀ ਦੂਲੋਵਾਲ ਥਾਣਾ ਬੇਗੋਵਾਲ ਜ਼ਿਲ੍ਹਾ ਕਪੂਰਥਲਾ ਦੱਸਿਆ। ਜਦੋਂ ਉਸਦੀ ਤਲਾਸ਼ੀ ਲਈ ਗਈ ਤਾਂ ਉਸ ਪਾਸੋਂ ਇਕ ਸਿਲਵਰ ਪੇਪਰ ਸੜਿਆ ਹੋਇਆ ਅਤੇ ਇਕ ਲਾਈਟਰ ਤੇ 10 ਰੁਪਏ ਦਾ ਨੋਟ ਬਰਾਮਦ ਹੋਇਆ। ਇਸੇ ਤਰ੍ਹਾਂ ਹੀ ਚੌਥੇ ਮਾਮਲੇ ਵਿਚ ਥਾਣਾ ਸੁਲਤਾਨਪੁਰ ਲੋਧੀ ਵਿਚ ਪੈਂਦੀ ਪੁਲਿਸ ਚੌਂਕੀ ਮੋਠਾਂਵਾਲ ਦੇ ਇੰਚਾਰਜ ਪੂਰਨ ਚੰਦ ਪੁਲਿਸ ਪਾਰਟੀ ਸਮੇਤ ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ਿਆਂ ਵਿਰੋਧੀ ਤਸਕਰਾਂ ਦੀ ਭਾਲ ਲਈ ਪਿੰਡ ਮੋਠਾਂਵਾਲ ਮੌਜੂਦ ਸੀ ਤਾਂ ਕਿਸੇ ਖਾਸ ਮੁਖਬਰ ਨੇ ਸੂਚਨਾ ਦਿੱਤੀ ਕਿ ਅਨਮੋਲ ਉਰਫ ਰੈਚੋਂ ਪੁੱਤਰ ਸਾਬ੍ਹੀ ਵਾਸੀ ਪਿੰਡ ਕੋਲਪੁਰ ਥਾਣਾ ਸਦਰ ਕਪੂਰਥਲਾ ਜੋ ਨਸ਼ੇ ਕਰਨ ਦਾ ਆਦੀ ਹੈ ਤੇ ਹੁਣ ਵੀ ਸ਼ਮਸ਼ਾਨਘਾਟ ਮੋਠਾਂਵਾਲ ਵਿਚ ਨਸ਼ੇ ਦਾ ਸੇਵਨ ਕਰ ਰਿਹਾ ਹੈ। ਜੇਕਰ ਹੁਣੇ ਰੇਡ ਕੀਤੀ ਜਾਵੇ ਤਾਂ ਕਾਬੂ ਆ ਸਕਦਾ ਹੈ। ਜਦੋਂ ਪੁਲਿਸ ਪਾਰਟੀ ਨੇ ਰੇਡ ਕੀਤੀ ਤਾਂ ਉਕਤ ਨੌਜਵਾਨ ਸਿਲਵਰ ਪੇਪਰ ਤੇ ਲਾਈਟਰ ਨਾਲ ਅੱਗ ਲਗਾ ਕੇ ਉਸ ਵਿਚੋਂ ਨਿਕਲ ਰਿਹਾ ਧੂੰਆਂ ਸੇਵਨ ਕਰ ਰਿਹਾ ਸੀ। ਪੁਲਿਸ ਪਾਰਟੀ ਨੂੰ ਦੇਖ ਕੇ ਉਹ ਭੱਜਣ ਲੱਗਾ, ਤਾਂ ਉਸਨੂੰ ਕਾਬੂ ਕਰਦੇ ਹੋਏ ਉਸ ਪਾਸੋਂ ਨਾਮ-ਪਤਾ ਪੁੱਛਿਆ ਗਿਆ ਤਾਂ ਉਸਨੇ ਆਪਣਾ ਨਾਮ ਅਨਮੋਲ ਉਰਫ ਰੈਚੋਂ ਵਾਸੀ ਕੌਲਪੁਰ ਦੱਸਿਆ। ਜਦੋਂ ਉਸਦੀ ਤਲਾਸ਼ੀ ਲਈ ਗਈ ਤਾਂ ਉਸ ਪਾਸੋਂ ਇਕ ਸਿਲਵਰ ਪੇਪਰ, ਇਕ ਲਾਈਟਰ ਬਰਾਮਦ ਹੋਇਆ। ਇਸੇ ਤਰ੍ਹਾਂ ਹੀ ਪੰਜਵੇਂ ਮਾਮਲੇ ਵਿਚ ਥਾਣਾ ਸਿਟੀ ਕਪੂਰਥਲਾ ਦੇ ਹੈੱਡ ਕਾਂਸਟੇਬਲ ਬਲਜੀਤ ਸਿੰਘ ਭੈੜੇ ਪੁਰਸ਼ਾਂ ਅਤੇ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ਼ ਚੈਕਿੰਗ ਲਈ ਮਹਿਤਾਬਗੜ੍ਹ, ਹਾਥੀਖਾਨਾ ਅਤੇ ਉੱਚਾ ਧੋੜਾ ਨੂੰ ਜਾ ਰਹੇ ਸੀ ਜਦੋਂ ਪੁਲਿਸ ਪਾਰਟੀ ਸਾਂਸੀਆਂ ਦੀ ਪੁਲੀ ਕੋਲ ਪੁੱਜੀ ਤਾਂ ਕਿਸੇ ਖਾਸ ਮੁਖਬਰ ਨੇ ਸੂਚਨਾ ਦਿੱਤੀ ਕਿ ਸਾਬ੍ਹੀ ਪੁੱਤਰ ਸਰੂਪ ਸਿੰਘ ਵਾਸੀ ਮੁਹੱਲਾ ਉੱਚਾ ਧੋੜਾ ਥਾਣਾ ਸਿਟੀ ਕਪੂਰਥਲਾ ਨਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਦਾ ਹੈ ਤੇ ਹੁਣ ਵੀ ਉਹ ਨਜਾਇਜ਼ ਸ਼ਰਾਬ ਵੇਚਣ ਲਈ ਗਾਹਕਾਂ ਦੀ ਉਡੀਕ ਕਰ ਰਿਹਾ ਹੈ, ਜੇਕਰ ਹੁਣੇ ਰੇਡ ਕੀਤੀ ਜਾਵੇ ਤਾਂ ਕਾਬੂ ਆ ਸਕਦਾ ਹੈ। ਪੁਲਿਸ ਪਾਰਟੀ ਵੱਲੋਂ ਮੁਲਜ਼ਮ ਨੂੰ ਕਾਬੂ ਕਰਦੇ ਹੋਏ ਉਸ ਪਾਸੋਂ ਇਕ ਪਲਾਸਟਿਕ ਕੈਨ, 4320 ਐੱਮਐੱਲ ਸ਼ਰਾਬ ਬਰਾਮਦ ਕੀਤੀ। ਕਾਬੂ ਕੀਤੇ ਗਏ ਮੁਲਜ਼ਮਾਂ ਦੇ ਖਿਲਾਫ਼ ਵੱਖ-ਵੱਖ ਥਾਣਿਆਂ ਵਿਚ ਐੱਨਡੀਪੀਐੱਸ ਐਕਟ ਅਤੇ ਆਬਕਾਰੀ ਐਕਟ ਤਹਿਤ ਮਾਮਲੇ ਦਰਜ ਕੀਤੇ ਗਏ ਹਨ।