ਵਿਰਸਾ ਵਿਹਾਰ ’ਚ ਕਵੀ ਦਰਬਾਰ ਕਰਵਾਇਆ
ਭਾਸ਼ਾ ਵਿਭਾਗ ਅਤੇ ਸਿਰਜਣਾ ਕੇਂਦਰ ਦੇ ਸਾਂਝੇ ਯਤਨਾਂ ਨਾਲ ਕੇਂਦਰ ਦੇ ਦਫ਼ਤਰ ਵਿਖੇ ਕਵੀ-ਦਰਬਾਰ ਦਾ ਆਯੋਜਨ
Publish Date: Fri, 28 Nov 2025 08:13 PM (IST)
Updated Date: Fri, 28 Nov 2025 08:14 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ, ਕਪੂਰਥਲਾ : ਹਰ ਸਾਲ ਨਵੰਬਰ ਮਹੀਨਾ ਪੰਜਾਬੀ ਮਾਹ ਵਜੋਂ ਮਨਾਇਆ ਜਾਂਦਾ ਹੈ ਜਿਸਦੇ ਮੱਦੇਨਜ਼ਰ ਪੰਜਾਬ ਸਰਕਾਰ ਭਾਸ਼ਾ ਵਿਭਾਗ ਪੰਜਾਬ ਅਤੇ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਜ਼ਿਲ੍ਹਾ ਭਾਸ਼ਾ ਦਫਤਰਾਂ ਵੱਲੋਂ ਪੰਜਾਬੀ ਭਾਸ਼ਾ, ਸੱਭਿਆਚਾਰ ਅਤੇ ਸਾਹਿਤ ਨੂੰ ਸਮਰਪਿਤ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ। ਇਸੇ ਲੜੀ ਨੂੰ ਅੱਗੇ ਤੋਰਦਿਆਂ ਜ਼ਿਲ੍ਹਾ ਭਾਸ਼ਾ ਦਫ਼ਤਰ ਕਪੂਰਥਲਾ ਅਤੇ ਜ਼ਿਲ੍ਹੇ ਦੀ ਸਾਹਿਤਕ ਸੰਸਥਾ ਸਿਰਜਣਾ ਕੇਂਦਰ ਦੇ ਆਪਸੀ ਸਹਿਯੋਗ ਨਾਲ ਇਸ ਐਤਵਾਰ ਮਿਤੀ 30 ਨਵੰਬਰ ਨੂੰ ਦਫ਼ਤਰ ਵਿਰਸਾ ਵਿਹਾਰ ਕਪੂਰਥਲਾ ਵਿਖੇ “ਸਿਰਜਣਾ ਦੇ ਪਾਂਧੀ” ਨਾਮਕ ਕਾਵਿ ਮਹਿਫ਼ਿਲ ਕਰਵਾਈ ਜਾ ਰਹੀ ਹੈ। ਇਸ ਕਾਵਿ ਮਹਿਫ਼ਿਲ ਵਿੱਚ ਪੂਰੇ ਜ਼ਿਲ੍ਹੇ ਤੋਂ ਵੱਡੀ ਗਿਣਤੀ ਵਿੱਚ ਲੇਖਕ ਅਤੇ ਕਵੀ ਸ਼ਾਮਿਲ ਹੋਣਗੇ । ਜ਼ਿਲ੍ਹਾ ਭਾਸ਼ਾ ਅਫ਼ਸਰ ਜਸਪ੍ਰੀਤ ਕੌਰ, ਕੇਂਦਰ ਦੇ ਪ੍ਰਧਾਨ ਸ਼ਾਇਰ ਕੰਵਰ ਇਕਬਾਲ ਸਿੰਘ ਅਤੇ ਜਨਰਲ ਸਕੱਤਰ ਸ਼ਹਿਬਾਜ਼ ਖ਼ਾਨ ਕੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਡਾ. ਸਰਵਣ ਸਿੰਘ ਪ੍ਰਦੇਸੀ ਅਤੇ ਵਿਸ਼ੇਸ਼ ਮਹਿਮਾਨ ਪ੍ਰਿੰ. ਕੇਵਲ ਸਿੰਘ ਰੱਤੜਾ ਹਾਜ਼ਰ ਹੋਣਗੇ । ਜਨਰਲ ਸਕੱਤਰ ਸ਼ਹਿਬਾਜ਼ ਖ਼ਾਨ ਨੇ ਦੱਸਿਆ ਕਿ ਇਸ ਸਮਾਗਮ ਦੀ ਪ੍ਰਧਾਨਗੀ ਮੈਡਮ ਜਸਪ੍ਰੀਤ ਕੌਰ ਜ਼ਿਲ੍ਹਾ ਭਾਸ਼ਾ ਅਫ਼ਸਰ ਅਤੇ ਕੇਂਦਰ ਦੇ ਪ੍ਰਧਾਨ ਕੰਵਰ ਇਕਬਾਲ ਸਿੰਘ ਕਰਨਗੇ । ਇਸ ਮੌਕੇ ਹਾਜ਼ਰ ਹੋਏ ਕਵੀਆਂ/ਸ਼ਾਇਰਾਂ ਦਾ ਕਵੀ ਦਰਬਾਰ ਹੋਵੇਗਾ। ਉਹਨਾਂ ਇਹ ਵੀ ਆਖਿਆ ਕਿ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਅਜਿਹੀਆਂ ਗਤੀਵਿਧੀਆਂ ਸ਼ਲਾਘਾਯੋਗ ਹਨ । ਕੇਂਦਰ ਦੇ ਸੀਨੀਅਰ ਮੀਤ ਪ੍ਰਧਾਨ ਆਸ਼ੂ ਕੁਮਰਾ, ਵਿੱਤ ਸਕੱਤਰ ਮਲਕੀਤ ਸਿੰਘ ਮੀਤ, ਸਲਾਹਕਾਰ ਡਾ. ਸੁਰਿੰਦਰ ਪਾਲ ਸਿੰਘ ਅਵਤਾਰ ਸਿੰਘ ਗਿੱਲ, ਅਵਤਾਰ ਸਿੰਘ ਭੰਡਾਲ ਨੇ ਜਾਣਕਾਰੀ ਦਿੱਤੀ ਕਿ ਇਸ ਮੌਕੇ ਜ਼ਿਲ੍ਹਾ ਭਾਸ਼ਾ ਦਫ਼ਤਰ ਕਪੂਰਥਲਾ ਅਤੇ ਕਿਤਾਬ ਮੰਚ ਕਪੂਰਥਲਾ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਮੁਫ਼ਤ ਕਿਤਾਬਾਂ ਭੇਂਟ ਕਰਨ ਦਾ ਉਪਰਾਲਾ ਵੀ ਕੀਤਾ ਜਾਵੇਗਾ ।